ਓਲੰਪਿਕ ’ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ’ਤੇ ਪੈਸਿਆਂ ਦਾ ਮੀਂਹ ਵਰ੍ਹਾਏਗੀ ਯੋਗੀ ਸਰਕਾਰ

08/13/2021 1:47:44 PM

ਲਖਨਊ— ਟੋਕੀਓ ਓਲੰਪਿਕ ’ਚ ਤਮਗ਼ਾ ਜਿੱਤ ਕੇ ਦੇਸ਼ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ 19 ਅਗਸਤ ਨੂੰ ਸਨਮਾਨਤ ਕਰਨਗੇ। ਇਸ ਦੇ ਨਾਲ ਹੀ ਓਲੰਪਿਕ ’ਚ ਹਿੱਸਾ ਲੈਣ ਵਾਲੇ ਉੱਤਰ ਪ੍ਰਦੇਸ਼ ਦੇ ਖਿਡਾਰੀਆਂ ਨੂੰ 25-25 ਲੱਖ ਰੁਪਏ ਦੀ ਧਨ ਰਾਸ਼ੀ ਨਾਲ ਨਵਾਜ਼ਿਆ ਜਾਵੇਗਾ। 
ਇਹ ਵੀ ਪੜ੍ਹੋ : ਗਰਲਫ੍ਰੈਂਡ ਨਾਲ ਵਿਆਹ ਦੇ ਬੰਧਨ ’ਚ ਬੱਝੇਗਾ ਇਹ ਭਾਰਤੀ ਆਲਰਾਊਂਡਰ ਕ੍ਰਿਕਟਰ

ਅਟਲ ਬਿਹਾਹੀ ਕੌਮਾਂਤਰੀ ਕ੍ਰਿਕਟ ਸਟੇਡੀਅਮ ’ਚ ਖਿਡਾਰੀਆਂ ਦਾ ਸਨਮਾਨ ਸਮਾਗਮ ਆਯੋਜਿਤ ਕੀਤਾ ਜਾਵੇਗਾ। ਇਸ ਸਿਲਸਿਲੇ ’ਚ ਵੀਰਵਾਰ ਨੂੰ ਅਪਰ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ ਤੇ ਮੁੱਖ ਖੇਡ ਸਕੱਤਰ ਕਲਪਨਾ ਅਵਸਥੀ ਨੇ ਸਟੇਡੀਅਮ ਦਾ ਨਿਰੀਖਣ ਕੀਤਾ ਤੇ ਆਯੋਜਨ ਦੀ ਖ਼ਾਕਾ ਤਿਆਰ ਕੀਤਾ। ਕਲਪਨਾ ਅਵਸਥੀ ਨੇ ਦੱਸਿਆ ਕਿ ਟੋਕੀਓ ਓਲੰਪਿਕ-2020 ’ਚ ਭਾਰਤ ਵੱਲੋਂ ਸੋਨ ਤਮਗ਼ਾ ਪ੍ਰਾਪਤ ਕਰਨ ਵਾਲੇ ਐਥਲੀਟਾਂ ਨੂੰ ਦੋ ਕਰੋੜ, ਚਾਂਦੀ ਤਮਗ਼ਾ ਪ੍ਰਾਪਤ ਕਰਨ ਵਾਲਿਆਂ ਨੂੰ 1.5 ਕਰੋੜ ਤੇ ਕਾਂਸੀ ਤਮਗ਼ੇ ਜਿੱਤਣ ਵਾਲਿਆਂ ਨੂੰ ਇਕ ਕਰੋੜ ਰੁਪਏ ਦੀ ਧਨ ਰਾਸ਼ੀ ਦੇ ਕੇ ਸਨਮਾਨਤ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਕਾਂਸੀ ਤਮਗ਼ਾ ਜਿੱਤਣ ਵਾਲੀ ਪੁਰਸ ਹਾਕੀ ਟੀਮ ਦੇ ਕੁਲ 19 ਖਿਡਾਰੀਆਂ ਨੂੰ ਇਕ-ਇਕ ਕਰੋੜ ਰੁਪਏ ਦੀ ਧਨ ਰਾਸੀ ਪੁਰਸਕਾਰ ਵੱਜੋਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਟੀਮ ਦੇ ਮੁੱਖ ਕੋਚ ਨੂੰ 25 ਲੱਖ ਰੁਪਏ ਤੇ ਟੀਮ ਦੇ ਬਾਕੀ ਖਿਡਾਰੀਆਂ ਨੂੰ 10-10 ਲੱਖ ਰੁਪਏ ਦੀ ਧਨ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਾਰਾਣਸੀ ਦੇ ਹਾਕੀ ਖਿਡਾਰੀ ਲਲਿਤ ਉਪਾਧਿਆਏ ਨੂੰ 25 ਲੱਖ ਰੁਪਏ ਦੀ ਵਾਧੂ ਧਨ ਰਾਸ਼ੀ ਦਿੱਤੀ ਜਾਵੇਗੀ। 
ਇਹ ਵੀ ਪੜ੍ਹੋ : ਓਲੰਪਿਕ ’ਚ ਚੌਥੇ ਸਥਾਨ ’ਤੇ ਰਹਿਣ ਵਾਲੇ ਭਾਰਤੀ ਖਿਡਾਰੀਆਂ ਲਈ ਖ਼ੁਸ਼ਖ਼ਬਰੀ, ਟਾਟਾ ਮੋਟਰਜ਼ ਦੇਵੇਗੀ ‘ਅਲਟ੍ਰੋਜ਼’ ਕਾਰ 

ਓਲੰਪਿਕ ’ਚ ਚੌਥੇ ਸਥਾਨ ’ਤੇ ਰਹਿਣ ਵਾਲੇ ਮਹਿਲਾ ਹਾਕੀ ਟੀਮ ਦੇ ਖਿਡਾਰੀਆਂ ਨੂੰ 50-50 ਲੱਖ ਰੁਪਏ ਦੀ ਧਨ ਰਾਸ਼ੀ ਦਿੱਤੀ ਜਾਵੇਗੀ। ਟੀਮ ਦੇ ਮੁੱਖ ਕੋਚ ਨੂੰ 25 ਲੱਖ ਰੁਪਏ ਤੇ ਟੀਮ ਦੇ ਹੋਰਨਾਂ ਖਿਡਾਰੀਆਂ ਨੂੰ 10-10 ਲੱਖ ਰੁਪਏ ਦੀ ਧਨ ਰਾਸ਼ੀ ਦਿੱਤੀ ਜਾਵੇਗੀ।  ਹਾਕੀ ਖਿਡਾਰੀ ਵੰਦਨਾ ਕਟਾਰੀਆ ਨੂੰ 25 ਲੱਖ ਰੁਪਏ ਦੀ ਵਾਧੂ ਧਨ ਰਾਸ਼ੀ ਪੁਰਸਕਾਰ ਦੇ ਤੌਰ ’ਤੇ ਦਿੱਤੀ ਜਾਵੇਗੀ। ਕੁਸ਼ਤੀ ਲਈ ਦੀਪਕ ਪੂਨੀਆ ਨੂੰ 50 ਲੱਖ, ਗੋਲਫ ਖਿਡਾਰੀ ਅਦਿਤੀ ਅਸ਼ੋਕ ਨੂੰ 50 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਤੋਂ ਓਲੰਪਕ ’ਚ ਹਿੱਸਾ ਲੈਣ ਵਾਲੇ ਅੱਠ ਖਿਡਾਰੀਆਂ ਨੂੰ 25-25 ਲੱਖ ਰੁਪਏ ਦੇ ਕੇ ਸਨਮਾਨਤ ਕੀਤਾ ਜਾਵੇਗਾ। 19 ਅਗਸਤ ਨੂੰ ਆਯੋਜਿਤ ਪ੍ਰੋਗਰਾਮ ’ਚ ਸ਼ਾਮਲ ਹੋਣ ਵਾਲੇ ਸਾਰੇ ਖਿਡਾਰੀਆਂ ਲਈ ਫਲਾਈਟ ਟਿਕਟ ਦੇ ਨਾਲ ਠਹਿਰਨ ਲਈ ਬਿਹਤਰ ਪ੍ਰਬੰਧ ਕੀਤੇ ਗਏ ਹਨ। ਪ੍ਰੋਗਰਾਮ ਦਾ ਆਯੋਜਨ ਖੇਡ ਵਿਭਾਗ ਤੇ ਗ੍ਰਹਿ ਵਿਭਾਗ ਵੱਲੋਂ ਸੰਯੁਕਤ ਤੌਰ ’ਤੇ ਆਯੋਜਿਤ ਕੀਤਾ ਜਾਵੇਗਾ। ਪ੍ਰੋਗਰਾਮ ਨੂੰ ਸ਼ਾਨਦਾਰ ਬਣਾਉਣ ਲਈ ਹਰ ਜ਼ਿਲੇ ਤੋਂ 75 ਖਿਡਾਰੀਆਂ ਨੂੰ ਸੱਦਾ ਦਿੱਤਾ ਗਿਆ ਹੈ।

ਨੋਟ  : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News