ਖਤਰੇ ’ਚ ਟੋਕੀਓ ਓਲੰਪਿਕ, ਕੋਰੋਨਾਵਾਇਰਸ ਕਾਰਨ ਹੋ ਸਕਦਾ ਹੈ ਰੱਦ
02/26/2020 1:09:47 PM

ਸਪੋਰਟਸ ਡੈਸਕ— ਚੀਨ ਦੇ ਵੁਹਾਨ ’ਚ ਪੈਦਾ ਹੋਏ ਖਤਰਨਾਕ ਕੋਰੋਨਾਵਾਇਰਸ ਦੇ ਚੱਲਦੇ ਹੁਣ ਟੋਕੀਓ ਓਲੰਪਿਕ 2020 ’ਤੇ ਖ਼ਤਰਾ ਮੰਡਰਾਉਣ ਲੱਗਾ ਹੈ। ਇਸੇ ਦੌਰਾਨ ਟੋਕੀਓ ਓਲੰਪਿਕ 2020 ਨੂੰ ਲੈ ਕੇ ਵੱਡੀ ਖਬਰ ਆਈ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਇਕ ਮੈਂਬਰ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਜੇਕਰ ਮਈ ਦੇ ਅੰਤ ਤੱਕ ਕੋਰੋਨਾਵਾਇਰਸ ’ਤੇ ਕਾਬੂ ਨਹੀਂ ਪਾਇਆ ਗਿਆ ਤਾਂ ਜਾਪਾਨ ਦੇ ਟੋਕੀਓ ’ਚ ਹੋਣ ਵਾਲੀਆਂ ਓਲੰਪਿਕ ਖੇਡਾਂ ਰੱਦ ਕੀਤੀਆਂ ਜਾ ਸਕਦੀਆਂ ਹਨ। ਖਾਸ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਦੇ ਕਾਬੂ ਵਿੱਚ ਨਹੀਂ ਆਉਣ ਦੀ ਹਾਲਤ ’ਚ ਓਲੰਪਿਕ ਖੇਡਾਂ ਦਾ ਸਮਾਂ ਨਾ ਬਦਲਿਆ ਜਾਵੇਗਾ ਅਤੇ ਨਾ ਹੀ ਇਨ੍ਹਾਂ ਨੂੰ ਮੁਲਤਵੀ ਕੀਤੀਆਂ ਜਾਣਗੀਆਂ, ਸਗੋਂ ਖੇਡਾਂ ਰੱਦ ਕਰ ਦਿੱਤੀਆਂ ਜਾਣਗੀਆਂ।
ਦੱਸ ਦੇਈਏ ਇਹ ਓਲੰਪਿਕ ਖੇਡਾਂ 24 ਜੁਲਾਈ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ 9 ਅਗਸਤ ਐਤਵਾਰ ਨੂੰ ਖਤਮ ਹੋਣੀਆਂ ਹਨ। ਆਈ. ਓ. ਸੀ. ਦੇ ਮੈਂਬਰ ਅਤੇ ਸਾਬਕਾ ਓਲੰਪਿਕ ਚੈਂਪੀਅਨ ਤੈਰਾਕ ਡਿੱਕ ਪਾਊਂਡ ਨੇ ਕਿਹਾ, ਸਾਡੇ ਕੋਲ ਤਿੰਨ ਮਹੀਨਿਆਂ ਦਾ ਸਮਾਂ ਹੈ ਜਿਸ ’ਚ ਅਸੀਂ ਟੋਕੀਓ ਓਲੰਪਿਕ ਦੇ ਭਵਿੱਖ ’ਤੇ ਫੈਸਲਾ ਲੈ ਸਕਾਂਗੇ। ਮਈ ਦੇ ਸਮੇਂ ਕਾਫ਼ੀ ਤਿਆਰੀਆਂ ਆਪਣੇ ਅੰਤਮ ਰੂਪ ’ਚ ਹੋਣੀਆਂ ਹਨ। ਤਿਆਰੀਆਂ ਪੂਰੀ ਹੋਣ ਤੋਂ ਪਹਿਲਾਂ ਹੀ ਅਸੀਂ ਫੈਸਲਾ ਕਰਾਂਗੇ ਕਿ ਕੀ ਇਹ ਖੇਡਾਂ ਹੋਣਗੀਆਂ ਜਾਂ ਨਹੀਂ। ਦੱਸ ਦੇਈਏ ਕਿ ਚੀਨ ਤੋਂ ਬਾਹਰ ਜਾਪਾਨ ਦੂਜਾ ਦੇਸ਼ ਹੈ ਜਿੱਥੇ ਸਭ ਤੋਂ ਜ਼ਿਆਦਾ ਲੋਕ ਇਸ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹਨ। ਜਾਪਾਨ ’ਚ ਹੁਣ ਤਕ 690 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਪਾਏ ਗਏ ਹਨ।
Tokyo Olympics 2020 would be canceled and not postponed or moved, if the #Coronavirus is not under control by late May, reports The Associated Press quoting Senior International Olympic Committee member
— ANI (@ANI) February 26, 2020
ਹੁਣ ਤਕ ਰੱਦ ਹੋ ਚੁੱਕੇ ਹਨ ਕਈ ਅਹਿਮ ਟੂਰਨਾਮੈਂਟ
ਜਾਪਾਨ ’ਚ ਹੋਣ ਵਾਲੀਆਂ ਓਲੰਪਿਕ ਖੇਡਾਂ 24 ਜੁਲਾਈ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ 9 ਅਗਸਤ ਨੂੰ ਖਤਮ ਹੋਣੀਆਂ ਹਨ। ਕੋਰੋਨਾਵਾਇਰਸ ਕਾਰਨ ਚੀਨ ’ਚ ਮੁੱਕੇਬਾਜ਼ੀ ਅਤੇ ਬੈਡਮਿੰਟਨ ਦੇ ਓਲੰਪਿਕ ਕੁਆਲੀਫਾਇੰਗ ਈਵੈਂਟ ਪਹਿਲਾਂ ਹੀ ਰੱਦ ਹੋ ਚੁੱਕੇ ਹਨ। ਚੀਨ ’ਚ ਫੈਲੇ ਕੋਰੋਨਾਵਾਇਰਸ ਦੇ ਵੱਧਦੇ ਕਹਿਰ ਕਾਰਨ ਦੱਖਣੀ ਕੋਰੀਆ ’ਚ ਟੇਬਲ ਟੈਨਿਸ ਟੀਮ ਵਰਲਡ ਚੈਂਪੀਅਨਸ਼ਿਪ ਦੇ ਅਯੋਜਨ ਨੂੰ ਮੁਅਤਲ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਟੇਬਲ ਟੈਨਿਸ ਮਹਾਸੰਘ ਨੇ ਮੰਗਲਵਾਰ ਨੂੰ ਕਿਹਾ ਕਿ ਬੁਸਾਨ ’ਚ 22 ਤੋਂ 29 ਮਾਰਚ ਤਕ ਹੋਣ ਵਾਲੀ ਚੈਂਪੀਅਨਸ਼ਿਪ ਨੂੰ ਮੁਅਤਲ ਕਰਨ ਦਾ ਫੈਸਲਾ ਕੀਤਾ ਹੈ। ਇਸ ਟੂਰਨਾਮੈਂਟ ਨੂੰ ਹੁਣ ਟੋਕੀਓ ਓਲੰਪਿਕ ਤੋਂ ਇਕ ਮਹੀਨੇ ਪਹਿਲਾਂ 21 ਜੂਨ ਤੋਂ 28 ਜੂਨ ਤਕ ਕਰਾਉਣ ਦੀ ਯੋਜਨਾ ਹੈ।