ਅੱਜ ਹੈ ਭਾਰਤ ਦਾ National Sports Day, ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਕੀਤਾ ਜਾਂਦਾ ਹੈ ਯਾਦ

Tuesday, Aug 29, 2023 - 02:31 PM (IST)

ਅੱਜ ਹੈ ਭਾਰਤ ਦਾ National Sports Day, ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਕੀਤਾ ਜਾਂਦਾ ਹੈ ਯਾਦ

ਸਪੋਰਟਸ ਡੈਸਕ- : ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ (National Sports Day) ਮਨਾਇਆ ਜਾਂਦਾ ਹੈ। ਇਹ ਦਿਨ ਹਾਕੀ ਦੇ ਧਾਕੜ ਖਿਡਾਰੀ ਮੇਜਰ ਧਿਆਨਚੰਦ ਦੇ ਜਨਮ ਦਿਨ ਦੇ ਮੌਕੇ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਮਨਾਇਆ ਜਾਂਦਾ ਹੈ। ਹਾਕੀ ਦੇ ਧਾਕੜ ਖਿਡਾਰੀ ਮੇਜਰ ਧਿਆਨਚੰਦ ਦੀ ਅੱਜ, 29 ਅਗਸਤ 2023 ਨੂੰ 118ਵੀਂ ਜੈਅੰਤੀ ਹੈ। ਧਿਆਨ ਚੰਦ ਜਿਸਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ, ਭਾਰਤ ਦਾ ਇੱਕ ਅਜਿਹਾ ਅਨਮੋਲ ਰਤਨ ਸੀ ਜਿਸ ਵਰਗਾ ਖਿਡਾਰੀ ਅੱਜ ਤੱਕ ਦੁਬਾਰਾ ਪੈਦਾ ਨਹੀਂ ਹੋਇਆ । ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਪ੍ਰਯਾਗ (ਉੱਤਰ ਪ੍ਰਦੇਸ਼) ਵਿਖੇ ਇੱਕ ਬੇਹੱਦ ਗਰੀਬ ਘਰ ਵਿੱਚ ਜਨਮ ਲਿਆ। ਉਸਦੇ ਪਿਤਾ ਦਾ ਨਾਂ ਸੂਬੇਦਾਰ ਸਮੇਸ਼ਵਰ ਸਿੰਘ ਦੱਤ ਅਤੇ ਮਾਤਾ ਦਾ ਨਾਂ ਸ਼ਰਧਾ ਸਿੰਘ ਸੀ।

ਇਹ ਵੀ ਪੜ੍ਹੋ : ਐਕਸਰਸਾਈਜ਼ ਬਾਈਕ 'ਤੇ ਪਸੀਨਾ ਵਹਾਉਂਦੇ ਨਜ਼ਰ ਆਏ ਰਿਸ਼ਭ ਪੰਤ, ਵੇਖੋ ਵੀਡੀਓ

ਧਿਆਨ ਸਿੰਘ ਤੋਂ ਧਿਆਨ ਚੰਦ ਬਣਨਾ

ਧਿਆਨ ਚੰਦ ਦਾ ਛੋਟਾ ਭਰਾ ਰੂਪ ਸਿੰਘ ਵੀ ਹਾਕੀ ਦਾ ਬਹੁਤ ਵਧੀਆ ਖਿਡਾਰੀ ਹੋਇਆ ਹੈ । ਧਿਆਨ ਚੰਦ ਦਾ ਨਾਂ ਵੀ ਪਹਿਲਾਂ ਧਿਆਨ ਸਿੰਘ ਸੀ ਪਰੰਤੂ ਫੌਜ ਵਿੱਚ ਭਰਤੀ ਹੋਣ ਤੋਂ ਕੁਝ ਸਮੇਂ ਬਾਅਦ ਧਿਆਨ ਸਿੰਘ ਦੇ ਖੇਡ ਗਰਾਉਂਡ ਵਿੱਚ ਡਿਊਟੀ ਦੇ ਸਮੇਂ ਤੋਂ ਬਾਅਦ ਰਾਤ ਨੂੰ ਚੰਦ ਦੀ ਰੌਸ਼ਨੀ ਵਿੱਚ ਆਪਣੀ ਖੇਡ ਦਾ ਅਭਿਆਸ ਕਰਨ ਕਰਕੇ ਉਸਦੇ ਨਾਂ ਨਾਲ ਧਿਆਨ ਚੰਦ ਜੁੜ ਗਿਆ।

ਭਾਰਤ ਤਿੰਨ ਵਾਰ ਵਿਸ਼ਵ ਹਾਕੀ ‘ਚ ਜੇਤੂ ਰਿਹਾ

ਧਿਆਨ ਚੰਦ ਦਾ ਵਿਆਹ 1936 ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਜਾਨਕੀ ਦੇਵੀ ਨਾਲ ਹੋਇਆ। ਧਿਆਨ ਚੰਦ ਦੇ ਸੱਤ ਪੁੱਤਰਾਂ ਚੋਂ ਬਹੁਤੇ ਖਿਡਾਰੀ ਸਨ। ਧਿਆਨ ਚੰਦ ਨੂੰ ਖੇਡਾਂ ਦੀ ਦੁਨੀਆਂ ਵਿੱਚ ਹਾਕੀ ਦਾ ਸੰਸਾਰ ਪੱਧਰ ਦਾ ਮਹਾਨ ਖਿਡਾਰੀ ਮੰਨਿਆ ਜਾਂਦਾ ਹੈ। ਧਿਆਨ ਚੰਦ ਦੀ ਬਦੌਲਤ ਭਾਰਤ ਤਿੰਨ ਵਾਰ (1928,1932 ਅਤੇ 1936) ਸੰਸਾਰ ਹਾਕੀ ਜੇਤੂ ਰਿਹਾ। ਧਿਆਨ ਚੰਦ 16 ਸਾਲ ਦੀ ਉਮਰ ਵਿੱਚ ਬ੍ਰਿਟਿਸ਼ ਸ਼ਾਸਿਤ ਭਾਰਤੀ ਫੌਜ ਵਿੱਚ ਭਰਤੀ ਹੋਇਆ। 1922 ਤੋਂ ਲੈ ਕੇ 1926 ਤੱਕ ਧਿਆਨ ਚੰਦ ਰੈਜਮੈਂਟ ਅਤੇ ਆਰਮੀਂ ਸੈਂਟਰ ਖੇਡਾਂ ਵਿੱਚ ਹਿੱਸਾ ਲੈਂਦਾ ਰਿਹਾ। ਇਸੇ ਦੌਰਾਨ ਹੀ ਨਿਊਜ਼ੀਲੈਂਡ ਦੇ ਦੌਰੇ ਤੇ ਜਾ ਰਹੀ ਫੌਜ ਦੀ ਟੀਮ ਲਈ ਉਸ ਦੀ ਚੋਣ ਹੋ ਗਈ।

ਇਹ ਵੀ ਪੜ੍ਹੋ : ਏਸ਼ੀਆ ਕੱਪ ਲਈ ਅਫਗਾਨਿਸਤਾਨ ਟੀਮ ਦਾ ਐਲਾਨ, ਇਸ ਖਿਡਾਰੀ ਨੇ 6 ਸਾਲ ਬਾਅਦ ਟੀਮ 'ਚ ਕੀਤੀ ਵਾਪਸੀ

ਕੁੱਲ 21 ਮੈਚਾਂ ਵਿੱਚ ਭਾਰਤੀ ਫੌਜ ਦੀ ਟੀਮ ਨੇ 18 ਜਿੱਤੇ, 2 ਡਰਾਅ ਹੋਏ ਅਤੇ ਸਿਰਫ਼ ਇੱਕ ਮੈਚ ਹਾਰਿਆ। ਇਸ ਟੂਰ ਦੌਰਾਨ ਦਰਸ਼ਕਾਂ ਅਤੇ ਚੋਣ ਕਰਤਾਵਾਂ ਕੋਲੋਂ ਧਿਆਨ ਚੰਦ ਨੇ ਸਭ ਤੋਂ ਵੱਧ ਪ੍ਰਸ਼ੰਸਾ ਹਾਸਿਲ ਕੀਤੀ । ਟੀਮ ਦੇ ਭਾਰਤ ਵਾਪਸ ਆਉਣ ਸਾਰ ਧਿਆਨ ਚੰਦ ਨੂੰ ਲਾਂਸ ਨਾਇਕ ਦੇ ਅਹੁਦੇ ਦੀ ਤਰੱਕੀ ਦੇ ਦਿੱਤੀ ਗਈ।

ਭਾਰਤੀ ਟੀਮ ਵਿੱਚ ਚੋਣ ਹੋਣ ਉਪਰੰਤ ਧਿਆਨ ਚੰਦ ਨੇ 1928 ਵਿੱਚ ਨੀਦਰਲੈਂਡ ਓਲੰਪਿਕ ਵਿੱਚ ਕਮਾਲ ਦਾ ਪਰਦਰਸ਼ਨ ਕੀਤਾ ਅਤੇ ਨੀਦਰਲੈਂਡ ਨੂੰ 3-0 ਨਾਲ ਹਰਾ ਕੇ ਦੇਸ਼ ਨੂੰ ਹਾਕੀ ਵਿੱਚ ਪਹਿਲਾ ਸੰਸਾਰ ਚੈਂਪੀਅਨ ਬਣਾਇਆ ਅਤੇ ਗੋਲਡ ਮੈਡਲ ਲੈ ਕੇ ਦਿੱਤਾ। ਇਸ ਮੈਚ ਦੇ ਕੁੱਲ ਤਿੰਨ ਭਾਰਤੀ ਗੋਲਾਂ ਵਿੱਚੋਂ ਦੋ ਗੋਲ ਧਿਆਨ ਚੰਦ ਨੇ ਕੀਤੇ ਸਨ। ਬੰਬਈ ਦੀ ਹਾਰਬਰ ਬੰਦਰਗਾਹ ਤੇ ਹਜਾਰਾਂ ਲੋਕਾਂ ਨੇ ਟੀਮ ਦਾ ਸਵਾਗਤ ਕੀਤਾ।

1932 ਦੀ ਓਲੰਪਿਕ ਲਈ ਭਾਰਤੀ ਟੀਮ ਵਿੱਚ ਜਦੋਂ ਉਸਦੀ ਚੋਣ ਬਿਨਾਂ ਕਿਸੇ ਟਰਾਇਲ ਜਾਂ ਚੋਣ ਪਰਕਿਰਿਆ ਦੇ ਹੋਈ ਤਾਂ ਉਸ ਸਮੇਂ ਧਿਆਨ ਚੰਦ ਵਜ਼ੀਰਿਸਤਾਨ (ਹੁਣ ਪਾਕਿਸਤਾਨ) ਵਿੱਚ ਤੈਨਾਤ ਸੀ। 4 ਅਗਸਤ 1932 ਨੂੰ ਸਾਨਫਰਾਂਸਿਸਕੋ (ਹੁਣ ਅਮਰੀਕਾ) ਵਿੱਚ ਹੋਈਆਂ ਓਲੰਪਿਕ ਖੇਡਾਂ ਦੇ ਹਾਕੀ ਫਾਈਨਲ ਵਿੱਚ ਅਮਰੀਕਾ ਦੇ ਹੀ ਖਿਲਾਫ਼ ਖੇਡਦਿਆਂ 24-1 ਨਾਲ ਸ਼ਾਨਦਾਰ ਜਿੱਤ ਦਰਜ ਕਰ ਕੇ ਭਾਰਤ ਨੂੰ ਲਗਾਤਾਰ ਦੂਜੀ ਵਾਰ ਗੋਲਡ ਮੈਡਲ ਦੁਆਇਆ। 1936 ਦੀਆਂ ਬਰਲਿਨ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ 19 ਅਗਸਤ ਦੇ ਦਿਨ ਜਦ ਭਾਰਤ ਨੇ ਜਰਮਨੀ ਨੂੰ 8-1 ਨਾਲ ਹਰਾਇਆ ਤਾਂ ਐਡੋਲਫ ਹਿਟਲਰ ਨੇ ਧਿਆਨ ਚੰਦ ਨੂੰ ਆਪਣੀ ਫ਼ੌਜ ਵਿੱਚ ਸੀਨੀਅਰ ਅਹੁਦੇ ਦੀ ਪੇਸ਼ਕਸ਼ ਕੀਤੀ ਜਿਸ ਨੂੰ ਧਿਆਨ ਚੰਦ ਨੇ ਬੜੀ ਨਿਮਰਤਾ ਨਾਲ ਠੁਕਰਾ ਦਿੱਤਾ।

ਇਹ ਵੀ ਪੜ੍ਹੋ : ਮਿਤਾਲੀ ਰਾਜ ਨੇ ਕਿਹਾ- ਭਾਰਤ ਕ੍ਰਿਕਟ ਵਰਲਡ ਕੱਪ ਜਿੱਤੇਗਾ, ਇਸ ਚੀਜ਼ ਦਾ ਮਿਲੇਗਾ ਫਾਇਦਾ

ਪਦਮ ਭੂਸ਼ਨ ਐਵਾਰਡ ਨਾਲ ਕੀਤਾ ਗਿਆ ਸਨਮਾਨਤ

ਧਿਆਨ ਚੰਦ ਨੇ 1948 ਤੱਕ ਦੇ ਆਪਣੇ ਅੰਤਰਾਸ਼ਟਰੀ ਖੇਡ ਜੀਵਨ ਦੌਰਾਨ ਸੈਂਟਰ ਫਾਰਵਰਡ ਵਜੋਂ ਖੇਡਦਿਆਂ 400 ਤੋਂ ਵੱਧ ਗੋਲ ਕੀਤੇ। ਭਾਰਤ ਸਰਕਾਰ ਨੇ 1956 ਵਿੱਚ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ। ਇਸੇ ਸਾਲ ਹੀ ਉਹ ਫੌਜ ਦੀ ਸੇਵਾ ਤੋਂ ਮੇਜਰ ਵਜੋਂ ਰਿਟਾਇਰ ਹੋਇਆ। ਕੁਝ ਕੁ ਸਮਾਂ ਮਾਊਂਟ ਆਬੂ ਵਿਖੇ ਖਿਡਾਰੀਆਂ ਨੂੰ ਖੇਡ ਤਕਨੀਕਾਂ ਸਿਖਾਉਣ ਉਪਰੰਤ ਕਾਫੀ ਦੇਰ ਤੱਕ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ (NIS) ਵਿੱਚ ਮੁੱਖ ਹਾਕੀ ਕੋਚ ਵਜੋਂ ਸੇਵਾ ਨਿਭਾਈ, ਜਿੱਥੇ ਉਸ ਦੀ ਅਗਵਾਈ ਨੇ ਦੇਸ਼ ਨੂੰ ਕਈ ਉੱਚ ਕੋਟੀ ਦੇ ਹਾਕੀ ਖਿਡਾਰੀ ਦਿੱਤੇ। ਆਪਣਾ ਅੰਤਲਾ ਸਮਾਂ ਧਿਆਨ ਚੰਦ ਨੇ ਝਾਂਸੀ ਵਿਖੇ ਬਿਤਾਇਆ ਅਤੇ ਉਸਨੇ ਏਮਜ਼ ਦਿੱਲੀ ਵਿੱਚ 3 ਦਸੰਬਰ 1979 ਨੂੰ ਅੰਤਿਮ ਸਾਹ ਲਿਆ। ਉਸਦੀ ਯਾਦ ਵਿੱਚ ਝਾਂਸੀ ਵਿੱਚ ਇਕ ਸਪੋਰਟਸ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ ਅਤੇ ਉਸਦੇ ਬੁੱਤ ਦੀ ਸਥਾਪਨਾ ਕੀਤੀ ਗਈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Tarsem Singh

Content Editor

Related News