ਕੋਹਲੀ ਤੋਂ ਬਾਅਦ ਰੋਹਿਤ ਨੂੰ ਮੈਦਾਨ 'ਤੇ ਉਕਸਾਉਂਦੇ ਦਿਸੇ ਟਿਮ ਪੇਨ (ਵੀਡੀਓ)
Thursday, Dec 27, 2018 - 05:47 PM (IST)

ਮੈਲਬੋਰਨ : ਭਾਰਤ ਅਤੇ ਆਸਟਰੇਲੀਆ ਵਿਚਾਲੇ ਮੁਕਾਬਲਾ ਚਲ ਰਿਹਾ ਹੋਵੇ ਅਤੇ ਖਿਡਾਰੀ ਇਕ ਦੂਜੇ ਨੂੰ ਸਲੈਜ ਨਾ ਕਰਨ ਇਹ ਕਿਵੇਂ ਹੋ ਸਕਦਾ ਹੈ। ਵਿਰੋਧੀ ਟੀਮ ਨੂੰ ਉਕਸਾਉਣਾ ਅਤੇ ਉਨ੍ਹਾਂ 'ਤੇ ਮਨੋਵਿਗਿਆਨਕ ਦਬਾਅ ਬਣਾਉਣਾ ਮੇਜ਼ਬਾਨ ਆਸਟਰੇਲੀਆ ਦੀ ਖੇਡ ਰਣਨੀਤੀ ਦਾ ਹਿੱਸਾ ਹੈ। ਇਸ ਦੀ ਝਲਕ ਕਈ ਵਾਰ ਦੋਵਾਂ ਟੀਮਾਂ ਵਿਚਾਲੇ ਚਲ ਰਹੀ 4 ਮੈਚਾਂ ਦੀ ਸੀਰੀਜ਼ 'ਚ ਦੇਖਣ ਨੂੰ ਮਿਲੀ ਹੈ। ਅਜਿਹਾ ਹੀ ਇਕ ਪਲ ਮੈਲਬੋਰਨ ਮੈਦਾਨ 'ਤੇ ਵੀ ਦੇਖਣ ਨੂੰ ਮਿਲਿਆ ਜਦੋਂ ਤੀਜੇ ਟੈਸਟ ਦੇ ਦੂਜੇ ਦਿਨ ਪੁਜਾਰਾ ਦੇ ਆਊਟ ਹੋਣ ਤੋਂ ਬਾਅਦ ਰੋਹਿਤ ਸ਼ਰਮਾ ਮੈਦਾਨ 'ਤੇ ਬੱਲੇਬਾਜ਼ੀ ਕਰਨ ਆਏ। ਰੋਹਿਤ ਅਜੇ ਮੈਦਾਨ 'ਤੇ ਆਏ ਹੀ ਸੀ ਕਿ ਉਸ ਨੂੰ ਉਕਸਾਉਣ ਲਈ ਵਿਕਟਾਂ ਪਿੱਛੇ ਆਸਟਰੇਲੀਅਨ ਕਪਤਾਨ ਟਿਮ ਪੇਨ ਨੇ ਰੋਹਿਤ ਨੂੰ ਛੱਕਾ ਮਾਰਨ ਲਈ ਉਕਸਾਉਣਾ ਸ਼ੁਰੂ ਕਰ ਦਿੱਤਾ।
"If Rohit hits a six here I'm changing to Mumbai" 😂#AUSvIND pic.twitter.com/JFdHsAl84b
— cricket.com.au (@cricketcomau) December 27, 2018
ਦਰਅਸਲ ਰੋਹਿਤ ਸ਼ਰਮਾ ਅਕਸਰ ਆਪਣੇ ਸੁਭਾਅ ਦੇ ਮੁਤਾਬਕ ਲੰਬੇ-ਲੰਬੇ ਸ਼ਾਟ ਲਗਾਉਂਦੇ ਹਨ ਅਤੇ ਅਜਿਹਾ ਕਰਦਿਆਂ ਉਹ ਪਹਿਲੇ ਮੈਚ 'ਚ ਵੀ ਆਊਟ ਹੋ ਚੁੱਕੇ ਹਨ। ਇਸ ਲਈ ਪੇਨ ਨੇ ਉਸ ਨੂੰ ਉਕਸਾਉਂਦਿਆਂ ਸਲਿਪ 'ਚ ਖੜੇ ਫਿੰਚ ਨੂੰ ਕਿਹਾ ਕਿ ਤੁਸੀਂ ਤਾਂ ਕਈ ਟੀਮਾਂ ਨਾਲ ਆਈ. ਪੀ. ਐੱਲ. ਖੇਡਿਆ ਹੈ, ਮੈਂ ਹਮੇਸ਼ਾ ਤੋਂ ਰੁਚਿੱਤੀ ਰਹਿੰਦਾ ਹਾਂ ਕਿ ਰਾਜਸਥਾਨ ਨੂੰ ਸੁਪੋਰਟ ਕਰਾਂ ਜਾਂ ਮੁੰਬਈ ਨੂੰ ਪਰ ਜੇਕਰ ਅੱਜ ਰੋਹਿਤ ਨੇ ਛੱਕਾ ਮਾਰ ਦਿੱਤਾ ਤਾਂ ਫਿਰ ਮੈਂ ਮੁੰਬਈ ਨੂੰ ਸੁਪੋਰਟ ਕਰਾਂਗਾ। ਹਾਲਾਂਕਿ ਰੋਹਿਤ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਸਟੰਪ ਮਾਈਕ 'ਚ ਕੈਦ ਹੋਈ ਗੱਲਬਾਤ ਨੂੰ ਸੁਣ ਕੇ ਕੁਮੈਂਟੇਟਰ ਨੂੰ ਹਾਸਾ ਜ਼ਰੂਰ ਆ ਗਿਆ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਪੇਨ ਇਸ ਤਰ੍ਹਾਂ ਬੱਲੇਬਾਜ਼ਾਂ ਨੂੰ ਉਕਸਾਉਂਦੇ ਦਿਸੇ ਹੋਣ। ਇਸ ਪਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।