ਟਾਈਗਰ ਵੁਡਸ ਖੇਡ ਤੋਂ ਵੱਡੇ ਇਕਮਾਤਰ ਖਿਡਾਰੀ : ਜੀਵ ਮਿਲਖਾ ਸਿੰਘ
Wednesday, Oct 17, 2018 - 10:13 AM (IST)

ਚੰਡੀਗੜ੍ਹ— ਭਾਰਤ ਦੇ ਤਜਰਬੇਕਾਰ ਗੋਲਫਰ ਜੀਵ ਮਿਲਖਾ ਸਿੰਘ ਨੇ ਕਿਹਾ ਕਿ ਟਾਈਗਰ ਵੁਡਸ ਦੁਨੀਆ ਦੇ ਇਕਮਾਤਰ ਖਿਡਾਰੀ ਹਨ ਜੋ ਖੇਡ ਤੋਂ ਵੱਡੇ ਹਨ। ਲਗਾਤਾਰ ਸੱਟਾਂ ਤੋਂ ਪਰੇਸ਼ਾਨ ਰਹੇ ਜੀਵ ਨੇ ਪਿਛਲੇ ਮਹੀਨੇ 80ਵੇਂ ਪੀ.ਜੀ.ਏ. ਟੂਰ ਖਿਤਾਬ ਜਿੱਤਣ ਵਾਲੇ ਵੁਡਸ ਦੀ ਰੱਜ ਕੇ ਸ਼ਲਾਘਾ ਕੀਤੀ।
ਜੀਵ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਉਹ ਤਿੰਨ-ਚਾਰ ਸਾਲ ਹੋਰ ਖੇਡ ਸਕਦੇ ਹਨ ਅਤੇ ਕੁਝ ਟੂਰਨਾਮੈਂਟ ਹੋਰ ਜਿੱਤ ਸਕਦੇ ਹਨ। ਟਾਈਗਰ ਦੁਨੀਆ ਦੇ ਇਕੱਲੇ ਖਿਡਾਰੀ ਹਨ ਜੋ ਖੇਡ ਤੋਂ ਵੱਡੇ ਹਨ। ਬਾਸਕਟਬਾਲ ਅਤੇ ਐਥਲੈਟਿਕਸ 'ਚ ਮਹਾਨ ਖਿਡਾਰੀ ਰਹੇ ਹਨ ਪਰ ਟਾਈਗਰ ਨੇ ਗੋਲਫ ਲਈ ਜੋ ਕੁਝ ਕੀਤਾ ਹੈ, ਉਹ ਉਨ੍ਹਾਂ ਨੂੰ ਖੇਡ ਤੋਂ ਵੱਡਾ ਬਣਾਉਂਦਾ ਹੈ।'' ਉਨ੍ਹਾਂ ਕਿਹਾ, ''ਗੋਲਫ ਨੂੰ ਲੈ ਕੇ ਉਨ੍ਹਾਂ ਨੇ ਜੋ ਜਾਗਰੂਕਤਾ ਜਗਾਈ ਹੈ, ਕਿਸੇ ਹੋਰ ਨੇ ਅਜਿਹਾ ਨਹੀਂ ਕੀਤਾ।''