ਇੰਗਲੈਂਡ ਨਾਲ ਸੀਰੀਜ਼ ਤੋਂ ਪਹਿਲਾਂ ਦੱਖਣੀ ਅਫਰੀਕਾ ਨੂੰ ਝਟਕਾ, ਖਿਡਾਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

Thursday, Nov 19, 2020 - 01:33 PM (IST)

ਇੰਗਲੈਂਡ ਨਾਲ ਸੀਰੀਜ਼ ਤੋਂ ਪਹਿਲਾਂ ਦੱਖਣੀ ਅਫਰੀਕਾ ਨੂੰ ਝਟਕਾ, ਖਿਡਾਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਕੇਪਟਾਊਨ (ਭਾਸ਼ਾ) : ਇੰਗਲੈਂਡ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਤੋਂ ਪਹਿਲਾਂ ਦੱਖਣੀ ਅਫਰੀਕਾ ਪੁਰਸ਼ ਕ੍ਰਿਕਟ ਟੀਮ ਦੇ 3 ਖਿਡਾਰੀਆਂ ਨੂੰ ਇਕਾਂਤਵਾਸ 'ਤੇ ਰੱਖਿਆ ਗਿਆ ਹੈ, ਕਿਉਂਕਿ ਉਨ੍ਹਾਂ ਵਿਚੋਂ ਇਕ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ। ਕ੍ਰਿਕਟ ਦੱਖਣੀ ਅਫਰੀਕਾ (ਸੀ.ਐਸ.ਏ.) ਨੇ ਇਸ ਦੀ ਪੁਸ਼ਟੀ ਕੀਤੀ ਹੈ।  ਸੀ.ਐਸ.ਏ. ਨੇ ਹਾਲਾਂਕਿ ਤਿੰਨਾਂ ਖਿਡਾਰੀਆਂ ਦੇ ਨਾਮ ਦਾ ਖ਼ੁਲਾਸਾ ਨਹੀਂ ਕੀਤਾ ਹੈ।  

ਸੀ.ਐਸ.ਏ. ਨੇ ਕਿਹਾ ਕਿ 27 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਸੀਮਤ ਓਵਰਾਂ ਦੀ ਲੜੀ ਤੋਂ ਪਹਿਲਾਂ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਨੂੰ ਜੈਵਿਕ ਰੂਪ ਤੋਂ ਸੁਰੱਖਿਅਤ ਮਾਹੌਲ ਵਿਚ ਜਗ੍ਹਾ ਦੇਣ ਤੋਂ ਪਹਿਲਾਂ ਲਗਭਗ 50 ਕੋਵਿਡ-19 ਆਰ.ਟੀ.ਪੀ.ਸੀ.ਆਈ. ਪ੍ਰੀਖਣ ਕੀਤੇ ਗਏ। ਸੀ.ਐਸ.ਏ. ਨੇ ਬਿਆਨ ਵਿਚ ਕਿਹਾ, 'ਇਕ ਖਿਡਾਰੀ ਦਾ ਨਤੀਜਾ ਪਾਜ਼ੇਟਿਵ ਆਇਆ ਹੈ ਅਤੇ ਮੈਡੀਕਲ ਟੀਮ ਦੇ ਜੋਖਮ ਮੁਲਾਂਕਣ ਕਰਣ ਦੇ ਬਾਅਦ ਪਾਇਆ ਗਿਆ ਕਿ 2 ਖਿਡਾਰੀ ਉਸ ਦੇ ਕਰੀਬੀ ਸੰਪਰਕ ਵਿਚ ਸਨ।' ਇਸ ਵਿਚ ਕਿਹਾ ਗਿਆ, 'ਕੋਵਿਡ-19 ਨਿਯਮਾਂ ਤਹਿਤ ਤਿੰਨਾਂ ਖਿਡਾਰੀਆਂ ਨੂੰ ਤੁਰੰਤ ਕੇਪਟਾਊਟ ਵਿਚ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ। ਤਿੰਨਾਂ ਖਿਡਾਰੀਆਂ ਵਿਚ ਲੱਛਣ ਨਜ਼ਰ ਨਹੀਂ ਆ ਰਹੇ ਹਨ ਅਤੇ ਸੀ.ਐਸ.ਏ. ਦੀ ਮੈਡੀਕਲ ਟੀਮ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰੇਗੀ।'

3 ਟੀ20 ਅੰਤਰਰਾਸ਼ਟਰੀ ਅਤੇ 3 ਵਨਡੇ ਮੈਚਾਂ ਦੀ ਲੜੀ ਲਈ ਬਦਲਵੇਂ ਖਿਡਾਰੀਆਂ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ ਪਰ ਬੋਰਡ ਨੇ ਕਿਹਾ ਹੈ ਕਿ ਵੀਕੈਂਡ 'ਤੇ ਹੋਣ ਵਾਲੇ ਅੰਤਰ ਟੀਮ ਅਭਿਆਸ ਮੈਚ ਤੋਂ ਪਹਿਲਾਂ 2 ਨਵੇਂ ਖਿਡਾਰੀ ਟੀਮ ਨਾਲ ਜੁੜਣਗੇ। ਉਨ੍ਹਾਂ ਕਿਹਾ, 'ਇਸ ਸਮੇਂ ਦੌਰੇ ਲਈ ਇਨ੍ਹਾਂ ਖਿਡਾਰੀਆਂ ਦੇ ਬਦਲ ਨੂੰ ਨਹੀਂ ਚੁਣਿਆ ਗਿਆ ਹੈ ਪਰ 21 ਨਵੰਬਰ ਨੂੰ ਹੋਣ ਵਾਲੇ ਅੰਤਰ ਟੀਮ ਅਭਿਆਸ ਮੈਚ ਲਈ 2 ਖਿਡਾਰੀ ਟੀਮ ਨਾਲ ਜੁੜਨਗੇ।' ਇੰਗਲੈਂਡ ਦੀ ਟੀਮ ਦੱਖਣ ਅਫਰੀਕਾ ਪਹੁੰਚ ਕੇ ਤਿਆਰੀ ਸ਼ੁਰੂ ਕਰ ਚੁੱਕੀ ਹੈ। ਟੀਮ ਸ਼ਨੀਵਾਰ ਨੂੰ ਇੱਥੇ ਅਭਿਆਸ ਮੈਚ ਖੇਡੇਗੀ।


author

cherry

Content Editor

Related News