ਤਿੰਨ ਮੈਂਬਰੀ ਪੈਨਲ ਕਰੇਗਾ ਧਨੁਸ਼ਕਾ ਗਣਾਤਿਲਕ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ

Tuesday, Nov 08, 2022 - 04:32 PM (IST)

ਤਿੰਨ ਮੈਂਬਰੀ ਪੈਨਲ ਕਰੇਗਾ ਧਨੁਸ਼ਕਾ ਗਣਾਤਿਲਕ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ

ਕੋਲੰਬੋ (ਭਾਸ਼ਾ)- ਸ੍ਰੀਲੰਕਾ ਕ੍ਰਿਕਟ (ਐੱਸ.ਐੱਲ.ਸੀ.) ਨੇ ਮੰਗਲਵਾਰ ਨੂੰ ਕਿਹਾ ਕਿ ਤਿੰਨ ਮੈਂਬਰੀ ਪੈਨਲ ਸ੍ਰੀਲੰਕਾ ਦੇ ਬੱਲੇਬਾਜ਼ ਧਨੁਸ਼ਕਾ ਗਣਾਤਿਲਕ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰੇਗਾ। ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਸਿਸੀਰਾ ਰਤਨਾਇਕ, ਵਕੀਲ ਨਿਰੋਸ਼ਨ ਪਰੇਰਾ ਅਤੇ ਅਸੇਲਾ ਰੇਕਾਵਾ ਨੂੰ ਜਾਂਚ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਐੱਸ.ਐੱਲ.ਸੀ. ਨੇ ਕਿਹਾ ਕਿ ਇਹ ਕਮੇਟੀ ਸਾਬਕਾ ਏਸ਼ੀਆ ਕੱਪ ਚੈਂਪੀਅਨ ਟੀਮ ਦੇ ਆਸਟ੍ਰੇਲੀਆ 'ਚ ਰਹਿਣ ਦੌਰਾਨ ਉਸ ਉੱਤੇ ਲਗਾਏ ਗਏ ਵੱਖ-ਵੱਖ ਦੋਸ਼ਾਂ ਦੀ ਜਾਂਚ ਕਰੇਗੀ।

ਐੱਸ.ਐੱਲ.ਸੀ.ਨੇ  ਕਿਹਾ,"ਜਾਂਚ ਕਮੇਟੀ ਦੇ ਰਿਪੋਰਟ ਸੌਂਪਣ ਤੋਂ ਬਾਅਦ,ਜੇਕਰ ਕਿਸੇ ਖਿਡਾਰੀ ਜਾਂ ਅਧਿਕਾਰੀ ਦੇ ਖ਼ਿਲਾਫ਼ ਅਧਿਕਾਰਤ ਕੰਮਾਂ ਦੌਰਾਨ ਗਲਤ ਕੰਮ ਕਰਨ ਜਾਂ ਲਾਪਰਵਾਹੀ ਦੀ ਗੱਲ ਸਾਬਿਤ ਹੁੰਦੀ ਹੈ ਤਾਂ ਸ਼੍ਰੀਲੰਕਾ ਕ੍ਰਿਕਟ ਦੀ ਕਾਰਜਕਾਰੀ ਕਮੇਟੀ ਉਸ ਦੇ ਖਿਲਾਫ ਸਖਤ ਅਨੁਸ਼ਾਸਨੀ ਕਾਰਵਾਈ ਕਰੇਗੀ।" ਦੇਸ਼ ਦੇ ਕ੍ਰਿਕਟ ਬੋਰਡ ਨੇ ਕਿਹਾ ਕਿ ਜਾਂਚ ਕਮੇਟੀ ਗੁਣਾਤਿਲਕ ਦੇ ਚਾਲ-ਚਲਣ ਅਤੇ ਹੋਰ ਘਟਨਾਵਾਂ ਬਾਰੇ ਟੀਮ ਮੈਨੇਜਰ ਤੋਂ ਤੁਰੰਤ ਸਪੱਸ਼ਟੀਕਰਨ ਮੰਗੇਗੀ। ਅਜਿਹੀਆਂ ਖ਼ਬਰਾਂ ਹਨ ਕਿ ਟੀਮ ਦਾ ਇੱਕ ਹੋਰ ਖਿਡਾਰੀ  ਬ੍ਰਿਸਬੇਨ ਦੇ ਇੱਕ ਕੈਸੀਨੋ ਵਿੱਚ ਕੁੱਟਮਾਰ ਦੀ ਘਟਨਾ ਵਿਚ ਸ਼ਾਮਲ ਰਿਹਾ ਹੈ।

ਆਸਟਰੇਲੀਆ ਤੋਂ ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ 31 ਸਾਲਾ ਖੱਬੇ ਹੱਥ ਦੇ ਬੱਲੇਬਾਜ਼ ਗੁਣਾਤਿਲਕ ਨੂੰ ਸੋਮਵਾਰ ਨੂੰ ਸਿਡਨੀ ਦੀ ਸਥਾਨਕ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। SLC ਨੇ ਵੀ ਉਸ ਨੂੰ ਤੁਰੰਤ ਪ੍ਰਭਾਵ ਨਾਲ ਖੇਡ ਦੇ ਸਾਰੇ ਫਾਰਮੈਟਾਂ ਤੋਂ ਮੁਅੱਤਲ ਕਰ ਦਿੱਤਾ ਹੈ।  ਗਰੁੱਪ 1 'ਚ ਚੌਥੇ ਸਥਾਨ 'ਤੇ ਰਹਿੰਦੇ ਹੋਏ ਸ਼੍ਰੀਲੰਕਾ ਸੈਮੀਫਾਈਨਲ ਲਈ ਕੁਆਲੀਫਾਈ ਕਰਨ 'ਚ ਅਸਫ਼ਲ ਰਿਹਾ। ਟੀਮ ਗੁਣਾਤਿਲਕ ਦੇ ਬਿਨਾਂ ਹੀ ਆਸਟ੍ਰੇਲੀਆ ਤੋਂ ਰਵਾਨਾ ਹੋ ਗਈ। ਸੁਪਰ 12 ਕੁਆਲੀਫਿਕੇਸ਼ਨ ਪੜਾਅ ਵਿੱਚ, ਗੁਣਾਤਿਲਕ ਨੇ ਸ੍ਰੀਲੰਕਾ ਵੱਲੋਂ ਇਕ ਇਕ ਮੈਚ ਨਾਮੀਬੀਆ ਵਿਰੁੱਧ ਖੇਡਿਆ ਜਿਸ ਵਿੱਚ ਉਹ ਖਾਤਾ ਵੀ ਨਹੀਂ ਖੋਲ੍ਹ ਸਕਿਆ।


author

cherry

Content Editor

Related News