'ਖੇਡਾਂ ਵਤਨ ਪੰਜਾਬ ਦੀਆਂ' 'ਚ ਇਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ ਚਾਰ ਖਿਡਾਰੀ ਦਿਖਾਉਣਗੇ ਜੌਹਰ

Sunday, Sep 11, 2022 - 05:30 PM (IST)

'ਖੇਡਾਂ ਵਤਨ ਪੰਜਾਬ ਦੀਆਂ' 'ਚ ਇਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ ਚਾਰ ਖਿਡਾਰੀ ਦਿਖਾਉਣਗੇ ਜੌਹਰ

ਚੰਡੀਗੜ੍ਹ- ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਵਿੱਚ ਜਿੱਥੇ ਵੱਖ-ਵੱਖ ਖੇਡਾਂ ਵਿੱਚ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਵੈਟਰਨ ਖਿਡਾਰੀ ਜੌਹਰ ਦਿਖਾ ਰਹੇ ਹਨ ਉੱਥੇ ਫਤਿਹਗੜ੍ਹ ਸਾਹਿਬ ਜ਼ਿਲੇ ਵਿੱਚ ਇਕ ਪਰਿਵਾਰ ਅਜਿਹਾ ਵੀ ਹੈ ਜਿਸ ਦੀਆਂ ਤਿੰਨ ਪੀੜ੍ਹੀਆਂ ਦੇ ਚਾਰ ਖਿਡਾਰੀ ਪਤੀ-ਪਤਨੀ ਅਤੇ ਦਾਦਾ-ਪੋਤਾ ਹਿੱਸਾ ਲੈ ਰਹੇ ਹਨ। ਪਰਿਵਾਰ ਦਾ ਮੁੱਖ ਮੈਂਬਰ ਰਾਹੁਲਦੀਪ ਸਿੰਘ ਫਤਹਿਗੜ੍ਹ ਸਾਹਿਬ ਦਾ ਜਿਲ਼ਾ ਖੇਡ ਅਫ਼ਸਰ ਵੀ ਹੈ ਜੋ ਬਲਾਕ ਤੇ ਜ਼ਿਲਾ ਪੱਧਰ ਦੇ ਖੇਡ ਮੁਕਾਬਲਿਆਂ ਦਾ ਪ੍ਰਬੰਧਕ ਵੀ ਹੈ, ਖੁਦ ਬਾਸਕਟਬਾਲ ਵਿੱਚ ਹਿੱਸਾ ਲੈਣ ਦੇ ਨਾਲ ਉਸ ਦੇ ਪਿਤਾ, ਪਤਨੀ ਤੇ ਪੁੱਤਰ ਵੱਲੋਂ ਵੀ ਖੇਡਾਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਧਮਾਕੇਦਾਰ ਪਾਰੀ ਦੇਖ ਬੋਲੇ BCCI ਦੇ ਪ੍ਰਧਾਨ ਗਾਂਗੁਲੀ, ਉਹ ਮੇਰੇ ਤੋਂ ਬਿਹਤਰ ਹੈ

PunjabKesari

ਫਤਿਹਗੜ੍ਹ ਸਾਹਿਬ ਦਾ ਜਿਲ਼ਾ ਖੇਡ ਅਫ਼ਸਰ ਰਾਹੁਲਦੀਪ ਸਿੰਘ ਜ਼ਿਲਾ ਪੱਧਰ ਦੇ ਮੁਕਾਬਲਿਆਂ ਵਿੱਚ ਬਾਸਕਟਬਾਲ ਵਿੱਚ 21 ਤੋਂ 40 ਸਾਲ ਉਮਰ ਵਰਗ ਵਿੱਚ ਭਾਗ ਲੈ ਰਹੇ ਹਨ। ਉਸ ਦੇ ਪਿਤਾ ਜਰਨੈਲ ਸਿੰਘ, ਜੋ ਵਾਲੀਬਾਲ ਦੇ ਨੈਸ਼ਨਲ ਪੱਧਰ ਦੇ ਖਿਡਾਰੀ ਹਨ, ਉਹ ਸਰਹਿੰਦ-ਫਤਿਹਗੜ੍ਹ ਸਾਹਿਬ ਬਲਾਕ ਵਿੱਚ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਵਾਲੀਬਾਲ ਮੁਕਾਬਲੇ ਜਿੱਤਣ ਤੋਂ ਬਾਅਦ ਹੁਣ ਜ਼ਿਲਾ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਰਾਹੁਲਦੀਪ ਸਿੰਘ ਦੀ ਪਤਨੀ ਸਵਾਤੀ ਚੌਹਾਨ ਵੀ 21 ਤੋਂ 40 ਸਾਲ ਉਮਰ ਗਰੁੱਪ ਵਿੱਚ ਵਾਲੀਬਾਲ ਦੇ ਜ਼ਿਲਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੀ ਹੈ। ਖਿਡਾਰੀ ਪਤੀ-ਪਤਨੀ ਦਾ ਪੁੱਤਰ ਲਕਸ਼ਦੀਪ ਸਿੰਘ ਅੰਡਰ 14 ਸਾਲ ਵਿੱਚ ਬਾਸਕਟਬਾਲ ਦੇ ਜ਼ਿਲਾ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈ ਰਿਹਾ ਹੈ।

ਇਹ ਵੀ ਪੜ੍ਹੋ : ਰੋਡ ਸੇਫਟੀ ਵਰਲਡ ਸੀਰੀਜ਼ 2022 : ਇੰਡੀਆ ਲੀਜੈਂਡਸ ਨੇ ਸਾਊਥ ਅਫਰੀਕਾ ਲੀਜੈਂਡਸ ਨੂੰ 61 ਦੌੜਾਂ ਨਾਲ ਹਰਾਇਆ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ ਇਹ ਖੇਡਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਅਤੇ ਇਨ੍ਹਾਂ ਖੇਡਾਂ ਦਾ ਮੁੱਖ ਮਕਸਦ ਸੂਬੇ ਦੇ ਹਰ ਪਰਿਵਾਰ ਨੂੰ ਖੇਡਾਂ ਨਾਲ ਜੋੜਨਾ ਹੈ। ਫਤਿਹਗੜ੍ਹ ਸਾਹਿਬ ਦਾ ਇਹ ਪਰਿਵਾਰ ਬਾਕੀ ਪਰਿਵਾਰਾਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖਤਮ ਕਰਨ ਲਈ ਖੇਡਾਂ ਹੀ ਮੁੱਖ ਜ਼ਰੀਆ ਹੈ ਜਿਨ੍ਹਾਂ ਨਾਲ ਨੌਜਵਾਨਾਂ ਦੀ ਊਰਜਾ ਚੈਨੇਲਾਈਜ਼ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਮਿਲ ਰਹੇ ਹੁੰਗਾਰੇ ਨੂੰ ਦੇਖਦਿਆਂ ‘ਰੰਗਲਾ ਪੰਜਾਬ, ਖੇਡਦਾ ਪੰਜਾਬ’ ਸਿਰਜਣ ਦਾ ਸੁਫਨਾ ਸਕਾਰ ਹੁੰਦਾ ਨਜ਼ਰ ਆ ਰਿਹਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News