ਪਹਿਲੇ ਮੈਚ ''ਚੋਂ ਬਾਹਰ ਰੱਖਣ ''ਤੇ ਸੰਨਿਆਸ ਦੇ ਬਾਰੇ ਵਿਚ ਸੋਚਿਆ ਸੀ : ਬ੍ਰਾਡ
Monday, Aug 03, 2020 - 01:30 AM (IST)
ਲੰਡਨ– ਟੈਸਟ ਕ੍ਰਿਕਟ ਵਿਚ 500 ਵਿਕਟਾਂ ਪੂਰੀਆਂ ਕਰਨ ਵਾਲੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਵੈਸਟਇੰਡੀਜ਼ ਵਿਰੁੱਧ ਸਾਊਥੰਪਟਨ ਵਿਚ ਪਹਿਲੇ ਟੈਸਟ ਵਿਚੋਂ ਬਾਹਰ ਰੱਖਣ 'ਤੇ ਉਸ ਨੇ ਸੰਨਿਆਸ ਦੇ ਬਾਰੇ ਵਿਚ ਵਿਚਾਰ ਕੀਤਾ ਸੀ। ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਸਾਊਥੰਪਟਨ ਵਿਚ ਖੇਡੇ ਗਏ ਪਹਿਲੇ ਟੈਸਟ ਮੁਕਾਬਲੇ ਵਿਚ ਬ੍ਰਾਡ ਨੂੰ ਆਖਰੀ-11 ਵਿਚ ਜਗ੍ਹਾ ਨਹੀਂ ਦਿੱਤੀ ਗਈ ਸੀ ਜਦਕਿ ਜੇਮਸ ਐਂਡਰਸਨ, ਜੋਫ੍ਰਾ ਆਰਚਰ ਤੇ ਮਾਰਕ ਵੁਡ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਮੈਚ ਨੂੰ ਵਿੰਡੀਜ਼ ਨੇ 4 ਵਿਕਟਾਂ ਨਾਲ ਜਿੱਤਿਆ ਸੀ। ਇਸ ਤੋਂ ਬਾਅਦ ਅਗਲੇ ਦੋ ਟੈਸਟਾਂ ਲਈ ਬ੍ਰਾਡ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਤੇ ਉਸ ਨੇ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਿਆ ਤੇ 16 ਵਿਕਟਾਂ ਹਾਸਲ ਕੀਤੀਆਂ। ਉਸ ਨੂੰ ਤੀਜੇ ਟੈਸਟ ਵਿਚ 'ਮੈਨ ਆਫ ਦਿ ਮੈਚ' ਅਤੇ 'ਮੈਨ ਆਫ ਦਿ ਸੀਰੀਜ਼' ਦਾ ਐਵਾਰਡ ਦਿੱਤਾ ਗਿਆ ਸੀ।
ਬ੍ਰਾਡ ਨੇ ਕਿਹਾ, ''ਪਹਿਲੇ ਟੈਸਟ ਵਿਚੋਂ ਬਾਹਰ ਰੱਖਣ ਤੋਂ ਬਾਅਦ ਮੇਰੇ ਦਿਮਾਗ ਵਿਚ ਸੰਨਿਆਸ ਲੈਣ ਦਾ ਖਿਆਲ ਆਇਆ ਸੀ ਕਿਉਂਕਿ ਮੈਂ ਕਾਫੀ ਨਿਰਾਸ਼ ਹੋ ਗਿਆ ਸੀ। ਮੈਂ ਕਦੇ ਇੰਨਾ ਨਿਰਾਸ਼ ਨਹੀਂ ਹੋਇਆ ਸੀ। ਇਸ ਤੋਂ ਪਹਿਲਾਂ ਕਦੇ ਮੈਨੂੰ ਟੀਮ ਵਿਚੋਂ ਬਾਹਰ ਨਹੀਂ ਰੱਖਿਆ ਗਿਆ ਸੀ ਤੇ ਮੈਨੂੰ ਇਹ ਇੰਨਾ ਖਰਾਬ ਨਹੀਂ ਲੱਗਦਾ ਸੀ, ਮੈਨੂੰ ਲੱਗਦਾ ਸੀ, ਸਹੀ ਫੈਸਲਾ ਹੈ ਤੇ ਮੈਂ ਕਦੇ ਬਹਿਸ ਨਹੀਂ ਕੀਤੀ।''
ਉਸ ਨੇ ਕਿਹਾ,''ਇਸ ਵਾਰ ਜਦੋਂ ਮੈਨੂੰ ਬੇਨ ਸਟੋਕਸ ਨੇ ਦੱਸਿਆ ਕਿ ਮੈਂ ਆਖਰੀ-11 ਵਿਚ ਸ਼ਾਮਲ ਨਹੀਂ ਹਾਂ ਤਾਂ ਮੈਨੂੰ ਲੱਗਾ ਜਿਵੇਂ ਮੇਰਾ ਸਰੀਰ ਹਿੱਲ ਗਿਆ ਹੈ। ਮੈਂ ਕਾਫੀ ਘੱਟ ਬੋਲਦਾ ਹਾਂ। ਮੈਨੂੰ ਖੇਡਣ ਦੀ ਉਮੀਦ ਸੀ, ਜਿਹੜੀ ਖੇਡ ਵਿਚ ਸਭ ਤੋਂ ਖਤਰਨਾਕ ਚੀਜ਼ ਹੈ ਪਰ ਮੈਨੂੰ ਲੱਗਾ ਕਿ ਮੈਂ ਖੇਡਣ ਦਾ ਹੱਕਦਾਰ ਸੀ।''