ਇਸ ਵਾਰ ਵੀ ਕੁਸ਼ਤੀ ਲੀਗ ''ਚ ਡੈਬਿਊ ਨਹੀਂ ਕਰ ਸਕੇਗਾ ਸੁਸ਼ੀਲ

01/21/2018 1:16:48 AM

ਨਵੀਂ ਦਿੱਲੀ— ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਨੂੰ ਪ੍ਰੋ ਰੈਸਲਿੰਗ ਲੀਗ 'ਚ ਉਤਰਦਾ ਦੇਖਣ ਦੀ ਕੁਸ਼ਤੀ ਪ੍ਰੇਮੀਆਂ ਦੀ ਹਸਰਤ ਇਸ ਵਾਰ ਵੀ ਅਧੂਰੀ ਰਹਿ ਗਈ। ਸੁਸ਼ੀਲ ਨੇ ਗੋਡੇ ਦੀ ਸੱਟ ਕਾਰਨ ਲੀਗ ਵਿਚ ਨਾ ਉਤਰਨ ਦਾ ਫੈਸਲਾ ਕੀਤਾ ਹੈ। ਸੁਸ਼ੀਲ ਲੀਗ ਦੇ ਪਹਿਲੇ ਦੋ ਸੈਸ਼ਨਾਂ ਵਿਚ ਨਹੀਂ ਖੇਡਿਆ ਸੀ ਤੇ ਇਸ ਵਾਰ ਉਸ ਨੇ ਡੈਬਿਊ ਕਰਨਾ ਸੀ।
ਕੁਸ਼ਤੀ ਪ੍ਰੇਮੀਆਂ ਨੂੰ ਲੀਗ ਵਿਚ ਸੁਸ਼ੀਲ ਤੇ ਉਸ ਦੇ ਪ੍ਰਮੁੱਖ ਵਿਰੋਧੀ ਬਣ ਕੇ ਉੱਭਰੇ ਪ੍ਰਵੀਨ ਰਾਣਾ ਵਿਚਾਲੇ ਐਤਵਾਰ ਨੂੰ ਸਿਰੀ ਫੋਰਟ ਕੰਪਲੈਕਸ ਵਿਚ ਹੋਣ ਵਾਲੇ ਮੁਕਾਬਲੇ ਦਾ ਲੀਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੰਤਜ਼ਾਰ ਸੀ ਪਰ ਸੁਸ਼ੀਲ ਸੱਟ ਕਾਰਨ ਆਪਣੀ ਟੀਮ ਦਿੱਲੀ ਸੁਲਤਾਨਸ ਦੇ ਪਹਿਲੇ ਚਾਰ ਮੁਕਾਬਲਿਆਂ ਵਿਚ ਖੇਡਣ ਨਹੀਂ ਉਤਰਿਆ। ਦਿੱਲੀ ਦੀ ਟੀਮ ਆਪਣੇ ਚਾਰੇ ਮੁਕਾਬਲੇ ਹਾਰ ਕੇ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ ਹੋ ਚੁੱਕੀ ਹੈ। ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਨੇ ਆਪਣੇ ਹਟਣ ਦੇ ਪਿੱਛੇ ਗੋਡੇ ਦੀ ਸੱਟ ਦਾ ਹਵਾਲਾ ਦਿੱਤਾ। ਸੁਸ਼ੀਲ ਨੂੰ ਇਹ ਸੱਟ 29 ਦਸੰਬਰ ਨੂੰ ਰਾਸ਼ਟਰਮੰਡਲ ਖੇਡਾਂ ਲਈ ਫਾਈਨਲ ਟ੍ਰਾਇਲ ਦੌਰਾਨ ਜਿਤੇਂਦਰ ਨਾਲ ਲੜਦੇ ਸਮੇਂ ਲੱਗੀ ਸੀ। ਪਿਛਲੇ ਹਫਤੇ ਛਤਰਸਾਲ ਸਟੇਡੀਅਮ ਵਿਚ ਅਭਿਆਸ ਦੌਰਾਨ ਉਸ ਦੀ ਸੱਟ ਵਧ ਗਈ ਸੀ।
ਸੁਸ਼ੀਲ ਨੇ ਕਿਹਾ, ''ਰਾਸ਼ਟਰਮੰਡਲ ਖੇਡ ਟ੍ਰਾਇਲ ਤੋਂ ਹੀ ਮੈਨੂੰ ਗੋਡੇ ਵਿਚ ਸੱਟ ਪ੍ਰੇਸ਼ਾਨ ਕਰ ਰਹੀ ਸੀ। ਹੁਣ ਵੀ ਗੋਡੇ ਵਿਚ ਦਰਦ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਪੂਰੀ ਤਰ੍ਹਾਂ ਫਿੱਟ ਹੋਣ ਤੋਂ ਪਹਿਲਾਂ ਰੈਸਲਿੰਗ ਕਰਾਂ। ਇਸ ਨਾਲ ਸੱਟ ਵਧ ਸਕਦੀ ਹੈ।''


Related News