ਇਸ ਪ੍ਰਦਰਸ਼ਨ ਨਾਲ ਮੇਰੀ ਟੀਮ ਸੂਚੀ ਵਿਚ ਜਿਸ ਜਗ੍ਹਾ ਹੈ ਸਹੀ ਹੈ : ਕੋਹਲੀ
Saturday, Apr 06, 2019 - 02:25 PM (IST)

ਬੈਂਗਲੁਰੂ : ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਆਈ. ਪੀ. ਐੱਲ. ਵਿਚ ਲਗਾਤਾਰ 5ਵੀਂ ਹਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਕਪਤਾਨ ਵਿਰਾਟ ਕੋਹਲੀ ਨੇ ਗੇਂਦਬਾਜ਼ਾਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਸ 'ਨਾ ਸਵੀਕਾਰ ਕਰਨ ਵਾਲੇ' ਪ੍ਰਦਰਸ਼ਨ ਤੋਂ ਬਾਅਦ ਅਸੀਂ ਪੁਆਈਂਟ ਟੇਬਲ ਵਿਚ ਜਿੱਥੇ ਹਾਂ ਉਸ ਦੇ ਹੀ ਹੱਕਦਾਰ ਹਾਂ। ਬੈਂਗਲੁਰੂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 5 ਵਿਕਟਾਂ 'ਤੇ 205 ਦੌੜਾਂ ਦਾ ਵੱਡਾ ਸਕੋਰ ਕੀਤਾ ਪਰ ਆਂਦਰੇ ਰਸਲ ਦੀ ਪਾਵਰ ਹਿਟਿੰਗ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਆਖਰੀ 24 ਗੇਂਦਾਂ ਵਿਚ 66 ਦੌੜਾਂ ਬਣਾ ਕੇ 5 ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕਰ ਲਈ।
ਕੋਹਲੀ ਨੇ ਮੈਚ ਤੋਂ ਬਾਅਦ ਕਿਹਾ, ''ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਆਖਰੀ 4 ਓਵਰਾਂ ਵਿਚ ਜਿਸ ਤਰ੍ਹਾਂ ਦੀ ਗੇਂਦਬਾਜ਼ੀ ਕੀਤੀ ਹੈ ਉਹ ਸਵੀਕਾਰ ਕਰਨ ਯੋਗ ਨਹੀਂ ਹੈ। ਸਾਨੂੰ ਜ਼ਿਆਦਾ ਚਾਲਾਕ ਹੋਣ ਦੀ ਜ਼ਰੂਰਤ ਹੈ ਕੁਝ ਵੀ ਸਾਡੇ ਮੁਤਾਬਕ ਨਹੀਂ ਹੋਇਆ ਅਤੇ ਅਸੀਂ ਦਬਾਅ ਵਿਚ ਆ ਗਏ। ਇਸ ਸੈਸ਼ਨ ਵਿਚ ਹੁਣ ਤੱਕ ਇਹੀ ਸਾਡੀ ਕਹਾਣੀ ਰਹੀ ਹੈ। ਜੇਕਰ ਤੁਸੀਂ ਆਖਰੀ ਓਵਰਾਂ ਵਿਚ ਹਿੰਮਤ ਅਤੇ ਚਾਲਾਕੀ ਨਾਲ ਗੇਂਦਬਾਜ਼ੀ ਨਹੀਂ ਕਰੋਗੇ ਤਾਂ ਰਸਲ ਵਰਗੇ ਪਾਵਰ ਹਿਟਰ ਖਿਲਾਫ ਜਿੱਤ ਹਾਸਲ ਕਰਨਾ ਮੁਸ਼ਕਲ ਹੋਵੇਗਾ। ਜੇਕਰ ਅਸੀਂ ਅਜਿਹੀ ਗੇਂਦਬਾਜ਼ੀ ਕਰਦੇ ਰਹੇ ਤਾਂ ਅੰਕ ਸੂਚੀ ਵਿਚ ਅਸੀਂ ਜਿਸ ਜਗ੍ਹਾ ਹਾਂ ਅਸੀਂ ਉਸ ਦੇ ਹੀ ਹੱਕਦਾਰ ਹਾਂ। ਕੋਹਲੀ ਤੋਂ 84 ਦੌੜਾਂ 'ਤੇ ਆਊਟ ਹੋਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਉਸ ਸਮੇਂ ਆਊਟ ਹੋਣ ਤੋਂ ਖੁਸ਼ ਨਹੀਂ ਸੀ, ਜੇਕਰ ਮੈਂ ਕ੍ਰੀਜ਼ 'ਤੇ ਰਹਿੰਦਾ ਤਾਂ 20-25 ਦੌੜਾਂ ਹੋਰ ਬਣ ਸਕਦੀਆਂ ਸੀ। ਏ. ਬੀ. ਨੂੰ ਆਖਰੀ ਓਵਰਾਂ ਵਿਚ ਜ਼ਿਆਦਾ ਮੌਕੇ (ਸਟ੍ਰਾਈਕ) ਨਹੀਂ ਮਿਲੇ। ਮੈਨੂੰ ਲੱਗਾ ਕਿ ਜਿੱਤ ਦਰਜ ਕਰਨ ਲਈ ਇੰਨੀਆਂ ਦੌੜਾਂ ਕਾਫੀ ਸੀ।''