ਇਹ ਵਿਦੇਸ਼ਾਂ ''ਚ ਸਭ ਤੋਂ ਵੱਡੀ ਵਨਡੇ ਜਿੱਤ ਹੈ : ਰੋਹਿਤ ਸ਼ਰਮਾ

02/14/2018 3:25:10 PM

ਪੋਰਟ ਐਲੀਜ਼ਾਬੇਥ, (ਬਿਊਰੋ)— ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਲਗਦਾ ਹੈ ਕਿ ਟੀਮ ਨੇ ਮੌਜੂਦਾ ਸੀਰੀਜ਼ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਵਿਦੇਸ਼ਾਂ 'ਚ ਸਭ ਤੋਂ ਵੱਡੀ ਵਨਡੇ ਸੀਰੀਜ਼ ਆਪਣੇ ਨਾਂ ਕੀਤੀ ਹੈ। ਭਾਰਤ ਨੇ ਬੀਤੀ ਰਾਤ ਪੰਜਵਾਂ ਵਨਡੇ 73 ਦੌੜਾਂ ਨਾਲ ਜਿੱਤ ਕੇ 6 ਮੈਚਾਂ ਦੀ ਸੀਰੀਜ਼ 'ਚ 4-1 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ। ਅੰਤਿਮ ਮੈਚ ਸੈਂਚੁਰੀਅਨ 'ਚ 16 ਫਰਵਰੀ ਨੂੰ ਖੇਡਿਆ ਜਾਵੇਗਾ।  

ਰੋਹਿਤ ਨੇ ਮੰਗਲਵਾਰ ਨੂੰ 115 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ, ਉਨ੍ਹਾਂ ਕਿਹਾ, ''ਯਕੀਨੀ ਤੌਰ 'ਤੇ, ਮੈਨੂੰ ਲਗਦਾ ਹੈ ਕਿ ਇਹ ਵਿਦੇਸ਼ਾਂ 'ਚ ਵਨਡੇ 'ਚ ਸਾਡੀ ਸਭ ਤੋਂ ਵੱਡੀ ਜਿੱਤ ਹੈ। ਇਹ ਚੰਗੀ ਜਿੱਤ ਹੈ ਕਿਉਂਕਿ ਇਹ ਦੋ ਪੱਖੀ ਸੀਰੀਜ਼ ਸੀ। ਇਸ ਤੋਂ ਪਹਿਲਾਂ ਅਸੀਂ ਆਸਟਰੇਲੀਆ 'ਚ 2007-08 'ਚ ਸੀ.ਬੀ. ਤਿਕੋਣੀ ਸੀਰੀਜ਼ ਜਿੱਤੀ ਸੀ। ਹਾਲਾਂਕਿ ਉਹ ਸੀਰੀਜ਼ ਵੀ ਕਾਫੀ ਮੁਸ਼ਕਲ ਸੀ।'' ਉਨ੍ਹਾਂ ਕਿਹਾ, ''ਮੇਰੇ ਲਈ ਦੋਹਾਂ ਦੀ ਤੁਲਨਾ ਕਰਨਾ ਕਾਫੀ ਮੁਸ਼ਕਲ ਹੈ। ਮੈਨੂੰ ਲਗਦਾ ਹੈ ਕਿ ਇਹ ਸੀਰੀਜ਼ ਸਾਡੇ ਲਈ ਕਾਫੀ ਮਾਇਨੇ ਰਖਦੀ ਹੈ। ਅਸੀਂ ਜਿਸ ਤਰ੍ਹਾਂ ਨਾਲ ਪਹਿਲੇ ਮੈਚ ਤੋਂ ਖੇਡੇ ਸੀ, ਉਸ ਨੂੰ ਵੇਖ ਸਾਫ ਪਤਾ ਲਗਦਾ ਹੈ ਕਿ ਅਸੀਂ ਸੀਰੀਜ਼ 'ਚ ਦਬਦਬਾ ਬਣਾਇਆ ਅਤੇ ਨਤੀਜਾ ਵੀ ਸਭ ਦੇ ਸਾਹਮਣੇ ਹੈ।''

ਰੋਹਿਤ ਨੇ ਕਿਹਾ ਕਿ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਟੀਮ ਨੇ ਪੂਰੀ ਤਰ੍ਹਾਂ ਦਬਦਬਾ ਬਣਾਇਆ ਜਿਸ ਨਾਲ ਇਹ ਸੀਰੀਜ਼ ਕਾਫੀ ਖਾਸ ਬਣ ਗਈ ਹੈ। ਉਨ੍ਹਾਂ ਕਿਹਾ, ''ਇਹ ਜਿੱਤ ਸਭ 'ਚ ਬਿਲਕੁਲ ਉੱਪਰ ਰਹੇਗੀ। 25 ਸਾਲਾਂ ਬਾਅਦ ਅਸੀਂ ਦੱਖਣੀ ਅਫਰੀਕਾ 'ਚ ਸੀਰੀਜ਼ ਜਿੱਤੀ ਹੈ। ਕ੍ਰਿਕਟ ਖੇਡਣ ਲਈ ਇਹ ਬਿਲਕੁੱਲ ਵੀ ਆਸਾਨ ਜਗ੍ਹਾ ਨਹੀਂ ਹੈ, ਯਕੀਨੀ ਤੌਰ 'ਤੇ ਸੀਰੀਜ਼ ਜਿੱਤਣ ਦੇ ਲਈ ਤਾਂ ਇਹ ਬਿਲਕੁਲ ਵੀ ਆਸਾਨ ਨਹੀਂ ਹੈ। ਮੈਨੂੰ ਲਗਦਾ ਹੈ ਕਿ ਇਸ ਲਈ ਕਾਫੀ ਸਿਹਰਾ ਖਿਡਾਰੀਆਂ ਨੂੰ ਜਾਂਦਾ ਹੈ।''

ਰੋਹਿਤ ਨੇ ਕਿਹਾ, ''ਜਿਸ ਵੀ ਖਿਡਾਰੀ ਨੂੰ ਮੌਕਾ ਮਿਲਿਆ, ਉਸ ਨੇ ਹੱਥ ਉਠਾ ਕੇ ਚੁਣੌਤੀ ਆਪਣੇ ਮੋਢਿਆਂ 'ਤੇ ਲਈ। ਜੇਕਰ ਤੁਸੀਂ ਪੂਰੀ ਵਨਡੇ ਸੀਰੀਜ਼ ਨੂੰ ਦੇਖੋ ਤਾਂ ਇਸ 'ਚ ਸਾਡਾ ਪ੍ਰਦਰਸ਼ਨ ਦਬਦਬੇ ਵਾਲਾ ਸੀ। ਇਸ ਨਾਲ ਬਤੌਰ ਟੀਮ ਵਿਦੇਸ਼ਾਂ 'ਚ ਜਾਣ ਦੇ ਲਈ ਅਤੇ ਉੱਥੇ ਸੀਰੀਜ਼ ਜਿੱਤਣ ਦੇ ਲਈ ਸਾਡਾ ਆਤਮਵਿਸ਼ਵਾਸ ਵਧੇਗਾ ਹੀ।'' ਉਨ੍ਹਾਂ ਨੂੰ ਨਾਲ ਹੀ ਇਹ ਵੀ ਲਗਦਾ ਹੈ ਕਿ ਟੈਸਟ ਸੀਰੀਜ਼ ਵੀ ਇਕਤਰਫਾ ਮੁਕਾਬਲਾ ਨਹੀਂ ਸੀ ਜਿਸ 'ਚ ਭਾਰਤੀ ਟੀਮ 1-2 ਨਾਲ ਹਾਰ ਗਈ ਸੀ। ਉਨ੍ਹਾਂ ਕਿਹਾ, ''ਮੇਰਾ ਮੰਨਣਾ ਹੈ ਕਿ ਟੈਸਟ ਸੀਰੀਜ਼ ਬਹੁਤ ਕਰੀਬੀ ਸੀ। ਇਹ ਕਿਸੇ ਵੀ ਪਾਸੇ ਜਾ ਸਕਦੀ ਸੀ। ਜੋ ਵੀ ਹੋਵੇ, ਸਾਨੂੰ ਆਪਣੇ ਪ੍ਰਦਰਸ਼ਨ 'ਤੇ ਮਾਣ ਹੈ ਅਤੇ ਅੱਜ ਜੋ ਅਸੀਂ ਹਾਸਲ ਕੀਤਾ, ਉਸ 'ਤੇ ਸਾਨੂੰ ਮਾਣ ਹੈ।''


Related News