ਮੀਂਹ ਕਾਰਨ ਤੀਜਾ ਟੀ20 ਮੈਚ ਰੱਦ, ਨਿਊਜ਼ੀਲੈਂਡ ਨੇ ਵਿੰਡੀਜ਼ ਵਿਰੁੱਧ ਜਿੱਤੀ ਸੀਰੀਜ਼
Monday, Nov 30, 2020 - 09:29 PM (IST)
ਮਾਊਂਟ ਮੌਂਗਾਨੂਈ- ਨਿਊਜ਼ੀਲੈਂਡ ਤੇ ਵੈਸਟਇੰਡੀਜ਼ ਵਿਚਾਲੇ ਸੋਮਵਾਰ ਨੂੰ ਇੱਥੇ ਤੀਜਾ ਤੇ ਆਖਰੀ ਮੈਚ ਮੀਂਹ ਕਾਰਨ ਰੱਦ ਹੋ ਗਿਆ, ਜਿਸ ਦੌਰਾਨ ਮੇਜਬਾਨ ਟੀਮ ਨੇ ਟੀ-20 ਸੀਰੀਜ਼ 2-0 ਨਾਲ ਆਪਣੇ ਨਾਂ ਕੀਤੀ। ਲਗਾਤਾਰ ਮੀਂਹ ਦੇ ਕਾਰਨ ਸਿਰਫ 2.2 ਓਵਰ ਤੋਂ ਬਾਅਦ ਮੈਚ ਰੱਦ ਕਰ ਦਿੱਤਾ ਗਿਆ। ਖੱਬੇ ਹੱਥ ਦੇ ਸਪਿਨਰ ਮਿਸ਼ੇਲ ਸੈਂਟਨਰ ਦਾ ਇਹ ਨਿਊਜ਼ੀਲੈਂਡ ਦੇ ਟੀ-20 ਅੰਤਰਰਾਸ਼ਟਰੀ ਕਪਤਾਨ ਦੇ ਤੌਰ 'ਤੇ ਡੈਬਿਊ ਵਾਲਾ ਮੈਚ ਸੀ।
ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਵੈਸਟਇੰਡੀਜ਼ ਨੇ ਤੇਜ਼ ਸ਼ੁਰੂਆਤ ਕੀਤੀ। ਸਲਾਮੀ ਬੱਲੇਬਾਜ਼ ਆਂਦਰੇ ਫਲੇਚਰ ਤੇ ਬ੍ਰੈਂਡਨ ਕਿੰਗ ਨੇ ਪਹਿਲੇ ਓਵਰ 'ਚ 12 ਦੌੜਾਂ ਬਣਾਈਆਂ ਸਨ। ਕਿੰਗ ਨੇ 7 ਗੇਂਦਾਂ ਖੇਡੀਆਂ ਤੇ ਇਸ 'ਚ ਇਕ ਚੌਕਾ ਕੇ ਇਕ ਛੱਕੇ ਨਾਲ 11 ਦੌੜਾਂ ਬਣਾਈਆਂ। ਅਗਲੇ ਓਵਰ ਦੀ ਦੂਜੀ ਗੇਂਦ 'ਤੇ ਲਾਕੀ ਫਰਗਿਊਸਨ ਨੇ ਵਿਕਟ ਹਾਸਲ ਕੀਤਾ। ਇਸ ਤੋਂ ਬਾਅਦ ਮੈਚ ਦੌਰਾਨ ਮੀਂਹ ਤੇਜ਼ ਹੋ ਗਿਆ ਤੇ ਖਿਡਾਰੀਆਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। ਮੀਂਹ ਲਗਾਤਾਰ ਜਾਰੀ ਰਿਹਾ ਤੇ ਕਰੀਬ 2 ਘੰਟੇ ਦੇ ਬਾਅਦ ਮੈਚ ਨੂੰ ਰੱਦ ਕਰ ਦਿੱਤਾ ਗਿਆ। ਫਰਗਿਊਸਨ ਨੂੰ 'ਪਲੇਅਰ ਆਫ ਦਿ ਸੀਰੀਜ਼' ਚੁਣਿਆ ਗਿਆ, ਜਿਸ ਨੇ ਪਹਿਲੇ ਮੈਚ 'ਚ 5 ਵਿਕਟਾਂ ਹਾਸਲ ਕੀਤੀਆਂ ਸਨ।