ਰੂਸੀ ਐਥਲੀਟਾਂ ਦੇ ਖੇਡਣ ’ਚ ਕੋਈ ਬੁਰਾਈ ਨਹੀਂ : ਥਾਮਸ ਬਾਕ

03/29/2023 1:24:19 PM

ਲੁਸਾਨੇ- ਕੌਮਾਂਤਰੀ ਓਲੰਪਿਕ ਸੰਘ (ਆਈ. ਓ. ਸੀ.) ਦੇ ਮੁਖੀ ਥਾਮਸ ਬਾਕ ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਯੂਕ੍ਰੇਨ ਜੰਗ ਦੇ ਬਾਵਜੂਦ ਰੂਸੀ ਤੇ ਬੇਲਾਰੂਸੀ ਐਥਲੀਟਾਂ ਦੇ ਕੌਮਾਂਤਰੀ ਪੱਧਰ ’ਤੇ ਖੇਡਾਂ ’ਚ ਹਿੱਸਾ ਲੈਣ ’ਚ ਕੋਈ ਬੁਰਾਈ ਨਹੀਂ ਹੈ। ਬਾਕ ਨੇ ਇੱਥੇ ਆਈ. ਓ. ਸੀ. ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਇਹ ਗੱਲ ਕਹੀ।

ਬਾਕ ਨੇ ਕਿਹਾ, ‘‘ਅਸੀਂ ਟੈਨਿਸ ਸਮੇਤ ਕਈ ਖੇਡਾਂ ’ਚ ਅਜਿਹਾ ਦੇਖਦੇ ਹਾਂ। ਅਸੀਂ ਸਾਈਕਲਿੰਗ, ਟੇਬਲ ਟੈਨਿਸ, ਆਈਸ ਹਾਕੀ, ਹੈਂਡਬਾਲ, ਫੁੱਟਬਾਲ ਤੇ ਕਈ ਅਮਰੀਕੀ ਲੀਗਾਂ ’ਚ, ਇੱਥੋਂ ਤਕ ਕਿ ਯੂਰਪ ’ਚ ਵੀ (ਉਨ੍ਹਾਂ ਨੂੰ ਹਿੱਸਾ ਲੈਂਦੇ ਹੋਏ) ਦੇਖਦੇ ਹਾਂ। ਇਨ੍ਹਾਂ ਵਿਚੋਂ ਕਿਸੇ ਪ੍ਰਤੀਯੋਗਿਤਾ ’ਚ ਸੁਰੱਖਿਆ ਸਬੰਧੀ ਸਮੱਸਿਆ ਪੇਸ਼ ਨਹੀਂ ਆਈ।’’

ਜ਼ਿਕਰਯੋਗ ਹੈ ਕਿ ਆਈ.ਓ. ਸੀ. ਨੇ ਫਰਵਰੀ 2022 ’ਚ ਯੂਕ੍ਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਰੂਸੀ ਤੇ ਬੇਲਾਰੂਸੀ ਐਥਲੀਟਾਂ ’ਤੇ ਪਾਬੰਦੀ ਲਗਾ ਦਿੱਤੀ ਸੀ ਹਾਲਾਂਕਿ ਹੁਣ ਉਹ ਖਿਡਾਰੀਆਂ ਨੂੰ ਪੈਰਿਸ ਓਲੰਪਿਕ 2024 ’ਚ ਕੁਆਲੀਫਾਈ ਕਰਨ ਲਈ ਕੌਮਾਂਤਰੀ ਪ੍ਰਤੀਯੋਗਿਤਾਵਾਂ ’ਚ ਹਿੱਸਾ ਲੈਂਦੇ ਹੋਏ ਦੇਖਣਾ ਚਾਹੁੰਦਾ ਹਾਂ। ਰੂਸੀ ਤੇ ਬੇਲਾਰੂਸੀ ਐਥਲੀਟ ਆਜ਼ਾਦ ਤੌਰ ’ਤੇ ਕਈ ਖੇਡ ਆਯੋਜਨਾਂ ’ਚ ਹਿੱਸਾ ਲੈ ਰਹੇ ਹਨ, ਹਾਲਾਂਕਿ ਹੋਰਨਾਂ ਖਿਡਾਰੀਆਂ ਨੇ ਇਸ ’ਤੇ ਲਗਾਤਾਰ ਇਤਰਾਜ਼ ਜਤਾਇਆ ਹੈ। ਹਾਲ ਹੀ ਵਿਚ ਭਾਰਤ ’ਚ ਹੋਈ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਰੂਸੀ ਖਿਡਾਰੀਆਂ ਦੇ ਹਿੱਸਾ ਲੈਣ ਦੇ ਕਾਰਨ 10 ਤੋਂ ਵੱਧ ਦੇਸ਼ਾਂ ਨੇ ਇਸ ਆਯੋਜਨ ਦਾ ਬਾਈਕਾਟ ਕੀਤਾ ਸੀ। ਯੂਕ੍ਰੇਨੀ ਖਿਡਾਰੀਆਂ ਨੇ ਵੀ ਕਿਹਾ ਕਿ ਜੇਕਰ ਰੂਸੀ ਤੇ ਬੇਲਾਰੂਸੀ ਐਥਲੀਟ ਪੈਰਿਸ ਓਲੰਪਿਕ ’ਚ ਹਿੱਸਾ ਲੈਂਦੇ ਹਨ ਤਾਂ ਉਹ ਆਯੋਜਨ ਦਾ ਬਾਈਕਾਟ ਕਰਨਗੇ।


Tarsem Singh

Content Editor

Related News