ਭਾਰਤ ਦੀ ਵੈਸ਼ਾਲੀ ਦਾ ਕਮਾਲ: ਬੀਬੀਆਂ ਦੀ ਫਿਡੇ ਸਪੀਡ ਗ੍ਰਾਂ. ਪ੍ਰੀ. ਦੇ ਸੈਮੀਫਾਈਨਲ ’ਚ ਪਹੁੰਚੀ
Saturday, Jun 27, 2020 - 03:30 AM (IST)
ਮਾਸਕੋ (ਰੂਸ) (ਨਿਕਲੇਸ਼ ਜੈਨ)– ਵਿਸ਼ਵ ਸ਼ਤਰੰਜ ਸੰਘ ਵਲੋਂ ਆਨਲਾਈਨ ਮਹਿਲਾ ਸ਼ਤਰੰਜ ਦੇ ਹੁਣ ਤਕ ਦੇ ਸਭ ਤੋਂ ਵੱਡੇ ਆਯੋਜਨ ਮਹਿਲਾ ਸਪੀਡ ਸ਼ਤਰੰਜ ਵਿਚ ਭਾਰਤ ਦੀ ਨੌਜਵਾਨ ਗ੍ਰੈਂਡਮਾਸਟਰ ਆਰ. ਵੈਸ਼ਾਲੀ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਪਹਿਲਾਂ ਤਾਂ ਉਸ ਨੇ ਗ੍ਰਾਂ. ਪ੍ਰੀ. ਵਿਚ ਜਗ੍ਹਾ ਬਣਾ ਕੇ ਤੀਜੀ ਭਾਰਤੀ ਹੋਣ ਦਾ ਮਾਣ ਹਾਸਲ ਕੀਤਾ ਤੇ ਹੁਣ ਪ੍ਰੀ ਕੁਆਰਟਰ ਫਾਈਨਲ ਤੋਂ ਬਾਅਦ ਕੁਆਰਟਰ ਫਾਈਨਲ ਵੀ ਜਿੱਤ ਕੇ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਇਹ ਉਪਲੱਬਧੀ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਦੌਰਾਨ ਸ਼ਤਰੰਜ ਦੇ ਤਿੰਨੇ ਫਾਰਮੈੱਟ ਕਲਾਸੀਕਲ, ਬਲਿਟਜ਼ ਤੇ ਰੈਪਿਡ ਦੀ ਵਿਸ਼ਵ ਚੈਂਪੀਅਨ ਕ੍ਰਮਵਾਰ ਚੀਨ ਦੀ ਜੂ ਵੇਂਜੂਨ, ਰੂਸ ਦੀ ਲਾਗਨੋਂ ਕਾਟੇਰਯਨਾ ਤੇ ਭਾਰਤ ਦੀ ਕੋਨੇਰੂ ਹੰਪੀ ਪ੍ਰਤੀਯੋਗਿਤਾ ਦੇ ਕੁਆਰਟਰ ਫਾਈਨਲ ਵਿਚ ਵੀ ਜਗ੍ਹਾ ਨਹੀਂ ਬਣਾ ਸਕੀਆ ਤੇ ਬਾਹਰ ਹੋ ਗਈਆ।
ਵੈਸ਼ਾਲੀ ਨੇ ਕੁਆਰਟਰ ਫਾਈਨਲ ਵਿਚ ਮੰਗੋਲੀਆ ਦੀ ਕੌਮਾਂਤਰੀ ਪੱਧਰ ਦੀ ਮਾਸਟਰ ਮੁਨਖਜੁਲ ਤੁਰਮੁੰਖ ਨੂੰ ਹਰਾ ਕੇ ਫਿਡੇ ਆਨਲਾਈਨ ਗ੍ਰਾਂ. ਪ੍ਰੀ. ਦੇ ਪਹਿਲੇ ਗੇੜ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਦੋਵਾਂ ਵਿਚਾਲੇ ਹੋਏ 11 ਮੁਕਾਬਲਿਆ ਵਿਚ ਵੈਸ਼ਾਲੀ ਨੇ 7.5-3.5 ਨਾਲ ਵੱਡੀ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਉਸ ਨੇ ਸਾਬਕਾ ਵਿਸ਼ਵ ਚੈਂਪੀਅਨ ਏਂਟੋਨੇਤਾ ਸਟੇਫਨੋਵ ਨੂੰ 6-5 ਨਾਲ ਹਰਾ ਕੇ ਉਲਟਫੇਰ ਕੀਤਾ ਸੀ। ਹੁਣ ਸ਼ੱੁਕਰਵਾਰ ਨੂੰ ਸੈਮੀਫਾਈਨਲ ਵਿਚ ਉਸਦਾ ਸਾਹਮਣਾ ਗ੍ਰੈਂਡਮਾਸਟਰ ਅੰਨਾ ਓਸ਼ੇਨਿਨਾ ਨਾਲ ਹੋਵੇਗਾ। ਇਕ ਹੋਰ ਕੁਆਰਟਰ ਫਾਈਨਲ ਵਿਚ ਵਾਲੇਂਟਿਨਾ ਗੁਨਿਨਾ ਨੇ ਵਿਸ਼ਵ ਚੈਂਪੀਅਨ ਜੂ ਵੇਂਜੂਨ ਵਿਰੁੱਧ 0-3 ਨਾਲ ਵਾਪਸੀ ਕਰਦੇ ਹੋਏ 7.5-3.5 ਨਾਲ ਜਿੱਤ ਹਾਸਲ ਕੀਤੀ। ਉਥੇ ਹੀ ਅਲੈਕਸਾਂਦ੍ਰਾ ਕੋਸਤੇਨਿਯੁਕ ਨੇ ਲੀ ਥਾਓ ਐਨਗੁਏਨ ਤੇ ਅੰਨਾ ਨੇ ਕੈਟਰੀਨਾ ਲਾਗਨੋ ਨੂੰ ਹਰਾਇਆ ।
ਮੌਜੂਦਾ ਵਿਸ਼ਵ ਰੈਪਿਡ ਚੈਂਪੀਅਨ ਹੰਪੀ ਨੂੰ ਪਹਿਲੇ ਗੇੜ ਵਿਚ ਵੀਅਤਨਾਮ ਦੀ ਆਪਣੀ ਵਿਰੋਧੀ ਲੀ ਥਾਓ ਨਗੁਏਨ ਫਾਮ ਤੋਂ 4.5-5.5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ । ਵੈਸ਼ਾਲੀ ਨੇ ਕਿਹਾ,‘‘ਸਾਬਕਾ ਵਿਸ਼ਵ ਚੈਂਪੀਅਨ ਦਾ ਸਾਹਮਣਾ ਕਰਨਾ ਤੇ ਉਸ ਵਿਚ ਜਿੱਤ ਦਰਜ ਕਰਨਾ ਸ਼ਾਨਦਾਰ ਤਜਰਬਾ ਰਿਹਾ। ਪਹਿਲੇ ਘੰਟੇ ਤੋਂ ਬਾਅਦ ਮੈਂ 5.5-2.5 ਨਾਲ ਬੜ੍ਹਤ ’ਤੇ ਸੀ ਪਰ ਇੰਟਰਨੈੱਟ ਕਨੈਕਸ਼ਨ ਗੜਬੜਾ ਜਾਣ ਨਾਲ ਮੈਂ ਕੁਝ ਸਮਾਂ ਗਵਾਇਆ, ਜਿਸ ਨਾਲ ਮੈਨੂੰ ਨੁਕਸਾਨ ਹੋਇਆ ।’’ ਚੇਨਈ ਦੀ ਰਹਿਣ ਵਾਲੀ ਵੈਸ਼ਾਲੀ ਨੌਜਵਾਨ ਸ਼ਤਰੰਜ ਗ੍ਰੈਂਡਮਾਸਟਰ ਆਰ. ਪ੍ਰਗਿਅਾਨੰਦਾ ਦੀ ਭੈਣ ਹੈ। ਉਸ ਨੇ 2017 ਵਿਚ ਏਸ਼ੀਆਈ ਬਲਿਟਜ਼ ਚੈਂਪੀਅਨਸ਼ਿਪ ਜਿੱਤੀ ਸੀ। ਇਹ ਗ੍ਰਾਂ. ਪ੍ਰੀ. ਚਾਰ ਗੇੜਾਂ ਵਿਚ ਹੋਵੇਗੀ, ਜਿਸ ਵਿਚ ਕੁਲ 21 ਖਿਡਾਰੀ ਹਿੱਸਾ ਲੈਣਗੀਆਂ। ਇਨ੍ਹਾਂ ਵਿਚੋਂ ਹਰ ਖਿਡਾਰੀ ਨੂੰ 4 ਵਿਚੋਂ 3 ਗੇੜਾਂ ਵਿਚ ਿਹੱਸਾ ਲੈਣਾ ਹੈ। ਹਰੇਕ ਗ੍ਰਾਂ. ਪ੍ਰੀ. 16 ਖਿਡਾਰੀਆਂ ਦਾ ਨਾਕਆਊਟ ਟੂਰਨਾਮੈਂਟ ਹੋਵੇਗਾ, ਜਿਸ ਵਿਚ ਪਹਿਲਾ ਗੇੜ 24 ਤੋਂ 28 ਜੂਨ ਵਿਚਾਲੇ ਖੇਡਿਆ ਜਾਵੇਗਾ।