ਰਾਊਂਡਗਲਾਸ ਹਾਕੀ ਤੇ ਸੁਰਜੀਤ ਹਾਕੀ ਦੀ ਜੇਤੂ ਮੁਹਿੰਮ ਜਾਰੀ
Tuesday, Jul 16, 2024 - 08:46 PM (IST)
ਮੋਹਾਲੀ– ਰਾਊਂਡਗਲਾਸ ਹਾਕੀ ਅਕੈਡਮੀ (ਆਰ. ਜੀ. ਐੱਚ. ਏ.) ਤੇ ਸੁਰਜੀਤ ਹਾਕੀ ਅਕੈਡਮੀ ਪੀ. ਆਈ. ਐੱਸ. ਜਲੰਧਰ ਨੇ ਜੂਨੀਅਰ ਉਮਰ ਵਰਗ ਲਈ ਸ਼ੁਰੂਆਤੀ ਪੰਜਾਬ ਹਾਕੀ ਲੀਗ ਵਿਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਤੀਜੇ ਹਫਤੇ ਦੇ ਮੈਚਾਂ ਤੋਂ ਬਾਅਦ ਆਰ. ਜੀ. ਐੱਚ. ਏ. ਤੇ ਸੁਰਜੀਤ ਹਾਕੀ ਅਕੈਡਮੀ (ਐੱਸ. ਐੱਚ. ਏ.) 3 ਮੈਚਾਂ ਵਿਚੋਂ ਕ੍ਰਮਵਾਰ 9 ਤੇ 7 ਅੰਕਾਂ ਨਾਲ ਅੰਕ ਸੂਚੀ ਵਿਚ ਪਹਿਲੇ ਤੇ ਦੂਜੇ ਸਥਾਨ ’ਤੇ ਹਨ।
ਆਰ. ਜੀ. ਐੱਚ. ਏ. ਨੇ ਸਾਰੇ ਤਿੰਨ ਮੈਚ ਇਕਪਾਸੜ ਅੰਦਾਜ਼ ਵਿਚ ਜਿੱਤੇ ਜਦਕਿ ਸੁਰਜੀਤ ਅਕੈਡਮੀ ਨੇ ਸ਼ੂਟਆਊਟ ਕਾਰਨ ਦੋ ਜਿੱਤਾਂ ਹਾਸਲ ਕੀਤੀਆਂ ਕਿਉਂਕਿ ਨਿਰਧਾਰਿਤ ਸਮੇਂ ਤੋਂ ਬਾਅਦ ਮੈਚ ਟਾਈ ਹੋਇਆ ਸੀ। ਲੁਧਿਆਣਾ ਦੇ ਓਲੰਪੀਅਨ ਪ੍ਰਿਥਵੀਪਾਲ ਸਿੰਘ ਹਾਕੀ ਸਟੇਡੀਅਮ ਵਿਚ ਖੇਡੇ ਗਏ ਤੀਜੇ ਹਫਤੇ ਦੇ ਮੈਚਾਂ ਵਿਚ ਆਰ. ਜੀ. ਐੱਚ. ਏ., ਸੁਰਜੀਤ ਹਾਕੀ ਅਕੈਡਮੀ ਤੇ ਪੀ. ਆਈ. ਐੱਸ. ਮੋਹਾਲੀ ਨੇ ਜਿੱਤਾਂ ਹਾਸਲ ਕੀਤੀਆਂ।
ਦੋਵੇਂ ਮੁਕਾਬਲਿਆਂ ਦਾ ਫੈਸਲਾ ਸ਼ੂਟਆਊਟ ਨਾਲ ਹੋਇਆ। ਪਹਿਲੇ ਮੈਚ ਵਿਚ ਨਾਮਧਾਰੀ ਸਪੋਰਟਸ ਅਕੈਡਮੀ ਤੇ ਸੁਰਜੀਤ ਹਾਕੀ ਅਕੈਡਮੀ ਨਿਰਧਾਰਿਤ ਸਮੇਂ ਤਕ 4-4 ਨਾਲ ਬਰਾਬਰੀ ’ਤੇ ਸਨ। ਸੀ. ਐੱਚ. ਐੱਚ. ਏ. ਨੇ ਸ਼ੂਟਆਊਟ 4-3 ਨਾਲ ਜਿੱਤਣ ਤੇ ਇਕ ਵਾਧੂ ਅੰਕ ਹਾਸਲ ਕਰਨ ਲਈ ਆਪਣਾ ਹੌਸਲਾ ਬਰਕਰਾਰ ਰੱਖਿਆ। ਅਗਲੇ ਮੈਚ ਵਿਚ ਪੀ. ਆਈ. ਐੱਸ. ਮੋਹਾਲੀ ਤੇ ਪੀ. ਆਈ. ਐੱਸ. ਲੁਧਿਆਣਾ ਨੇ ਮਨੋਰੰਜਕ ਢੰਗ ਨਾਲ 3-3 ਨਾਲ ਡਰਾਅ ਖੇਡਿਆ ਪਰ ਸ਼ੂਟਆਊਟ ਵਿਚ ਮੋਹਾਲੀ ਦੀ ਟੀਮ 3-1 ਨਾਲ ਜਿੱਤ ਗਈ।
ਆਰ. ਜੀ. ਐੱਚ. ਪੀ. ਨੇ ਪੀ. ਆਈ. ਐੱਸ. ਲੁਧਿਆਣਾ ਨੂੰ 6-1 ਨਾਲ ਹਰਾ ਕੇ ਅਜੇਤੂ ਰਹਿੰਦਿਆਂ ਅੰਕ ਸੂਚੀ ਵਿਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ। ਜਪਨਜੀਤ ਸਿੰਘ ਤੇ ਅਮਨਦੀਪ ਨੇ ਪੈਨਲਟੀ ਕਾਰਨਰ ਰਾਹੀਂ 2-2 ਗੋਲ ਕੀਤੇ ਤੇ ਅਰਜਨਦੀਪ ਸਿੰਘ ਤੇ ਇੰਦਰਜੀਤ ਸਿੰਘ ਨੇ ਟੀਮ ਲਈ ਸਕੋਰਿੰਗ ਪੂਰੀ ਕੀਤੀ। ਪੀ. ਆਈ. ਐੱਸ. ਲੁਧਿਆਣਾ ਲਈ ਨਿਤਿਨ ਸਿੰਘ ਨੇ ਗੋਲ ਕੀਤਾ। ਮੈਚਾਂ ਦਾ ਅਗਲਾ ਸੈੱਟ 20 ਤੇ 21 ਜੁਲਾਈ ਨੂੰ ਲੁਧਿਆਣਾ ਦੇ ਓਲੰਪੀਅਨ ਪ੍ਰਿਥਵੀਪਾਲ ਸਿੰਘ ਹਾਕੀ ਸਟੇਡੀਅਮ ਤੇ ਜੀਵਨ ਨਗਰ ਦੇ ਨਾਮਧਾਰੀ ਹਾਕੀ ਸਟੇਡੀਅਮ ਵਿਚ ਖੇਡਿਆ ਜਾਵੇਗਾ।