ਇੰਗਲੈਂਡ ਦੇ ਇਤਿਹਾਸਕ ਦੌਰੇ 'ਤੇ ਮਾਨਚੈਸਟਰ ਪਹੁੰਚੀ ਵੈਸਟਇੰਡੀਜ਼ ਟੀਮ

Wednesday, Jun 10, 2020 - 10:54 AM (IST)

ਇੰਗਲੈਂਡ ਦੇ ਇਤਿਹਾਸਕ ਦੌਰੇ 'ਤੇ ਮਾਨਚੈਸਟਰ ਪਹੁੰਚੀ ਵੈਸਟਇੰਡੀਜ਼ ਟੀਮ

ਲੰਡਨ— ਕਪਤਾਨ ਜੈਸਨ ਹੋਲਡਰ ਦੀ ਅਗਵਾਈ ਵਿਚ ਵੈਸਟਇੰਡੀਜ਼ ਦਾ 39 ਮੈਂਬਰੀ ਕ੍ਰਿਕਟ ਦਲ ਕੋਵਿਡ-19 ਦੇ ਕਾਰਣ  ਬਦਲੇ ਹਾਲਾਤ ਵਿਚ 3 ਟੈਸਟ ਮੈਚਾਂ ਦੀ ਲੜੀ ਖੇਡਣ ਲਈ ਮੰਗਲਵਾਰ ਨੂੰ ਮਾਨਚੈਸਟਰ ਪਹੁੰਚਿਆ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਮਾਰਚ ਤੋਂ ਹੀ ਦੁਨੀਆ ਭਰ ਵਿਚ ਕ੍ਰਿਕਟ ਗਤੀਵਿਧੀਆਂ ਠੱਪ ਪਈਆਂ ਹੋਈਆਂ ਹਨ ਤੇ ਵੈਸਟਇੰਡੀਜ਼ ਇਸ ਤੋਂ ਬਾਅਦ ਕਿਸੇ ਦੇਸ਼ ਦਾ ਦੌਰਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਲੜੀ ਦੌਰਾਨ ਤਿੰਨੇ  ਮੈਚ ਸੁਰੱਖਿਅਤ ਵਾਤਾਵਰਣ ਵਿਚ ਖੇਡੇ ਜਾਣਗੇ ਤੇ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਮਨਜ਼ੂਰੀ ਨਹੀਂ ਹੋਵੇਗੀ।
ਵੈਸਟਇੰਡੀਜ਼ ਤੋਂ ਰਵਾਨਾ ਹੋਣ ਤੋਂ ਪਹਿਲਾਂ ਸਾਰੇ ਖਿਡਾਰੀਆਂ ਦਾ ਕੋਵਿਡ-19 ਦਾ ਟੈਸਟ ਕਰਵਾਇਆ ਗਿਆ ਸੀ, ਜਿਸ ਵਿਚ ਸਾਰਿਆਂ ਦੀ ਰਿਪੋਰਟ 'ਨੈਗੇਟਿਵ' ਆਈ ਸੀ। ਖਿਡਾਰੀਆਂ ਨੂੰ ਸੋਮਵਾਰ ਨੂੰ ਕੈਰੇਬੀਆਈ ਖੇਤਰ ਦੇ ਵੱਖ-ਵੱਖ ਦੀਪਾਂ ਤੋਂ ਦੋ ਜਹਾਜ਼ਾਂ ਰਾਹੀਂ ਲਿਆਂਦਾ ਗਿਆ ਤੇ ਫਿਰ ਉਹ ਵਿਸ਼ੇਸ਼ ਜਹਾਜ਼ ਰਾਹੀਂ ਇੰਗਲੈਂਡ ਲਈ ਰਵਾਨਾ ਹੋਏ।

PunjabKesari

ਕੈਰੇਬੀਅਈ ਟੀਮ 7 ਹਫਤੇ ਦੇ ਇਸ ਦੌਰੇ ਵਿਚ ਅਜੇ ਓਲਡ ਟ੍ਰੈਫਰਡ ਵਿਚ 14 ਦਿਨ ਲਈ ਇਕਾਂਤਵਾਸ 'ਤੇ ਰਹੇਗੀ, ਜਿੱਥੇ ਆਖਰੀ ਦੋ ਟੈਸਟ ਮੈਚ ਖੇਡੇ ਜਾਣਗੇ। ਸਾਰੇ ਖਿਡਾਰੀਆਂ ਦੇ ਇੱਥੇ ਪਹੁੰਚਣ 'ਤੇ ਫਿਰ ਤੋਂ ਕੋਵਿਡ-19 ਲਈ ਟੈਸਟ ਕੀਤਾ ਜਾਵੇਗਾ। ਖਿਡਾਰੀਆਂ ਨੂੰ ਜੈਵ ਸੁਰੱਖਿਅਤ ਮਾਹੌਲ ਵਿਚ ਰਹਿਣਾ ਪਵੇਗਾ ਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਪਹਿਲਾ ਟੈਸਟ ਮੈਚ 8 ਜੁਲਾਈ ਤੋਂ ਏਜੇਸ ਬਾਓਲ ਵਿਚ ਖੇਡਿਆ ਜਾਵੇਗਾ ਜਦਕਿ ਦੂਜਾ (16 ਤੋਂ 20 ਜੁਲਾਈ) ਤੇ ਤੀਜਾ (24 ਤੋਂ 28 ਜੁਲਾਈ) ਟੈਸਟ ਮੈਚ ਓਲਡ ਟ੍ਰੈਫਰਡ ਵਿਚ ਹੋਵੇਗਾ। ਇਸ ਤਰ੍ਹਾਂ ਨਾਲ ਤਿੰਨੇਂ ਟੈਸਟ ਮੈਚ 21 ਦਿਨ ਦੇ ਅੰਦਰ ਖੇਡੇ ਜਾਣਗੇ। ਇਨ੍ਹਾਂ ਸਥਾਨਾਂ ਦੀ ਚੋਣ ਇਸ ਲਈ ਕੀਤਾ ਗਈ ਹੈ ਕਿ ਕਿਉਂਕਿ ਇਨ੍ਹਾਂ ਵਿਚ ਸਟੇਡੀਅਮ ਦੇ ਅੰਦਰ ਜਾਂ ਉਸਦੇ ਕੋਲ ਹੋਟਲ ਹਨ ਤੇ ਇਸ ਵਿਚ ਜੈਵ ਸੁਰੱਖਿਅਤ ਮਾਹੌਲ ਤਿਆਰ ਕੀਤਾ ਜਾ ਸਕਦਾ ਹੈ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ(ਈ. ਸੀ. ਬੀ.) ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੈਸਟਇੰਡੀਜ਼ ਦੇ ਤਿੰਨ ਖਿਡਾਰੀਆਂ ਡੈਰੇਨ ਬ੍ਰਾਵੋ, ਸ਼ਿਮਰੋਨ ਹੈੱਟਮਾਇਰ ਤੇ ਕੀਮੋ ਪੌਲ ਨੇ ਆਪਣੇ ਕ੍ਰਿਕਟ ਬੋਰਡ  ਤੋਂ ਖੁਦ ਫੈਸਲਾ ਕਰਨ ਦੀ ਛੋਟ ਮਿਲਣ 'ਤੇ ਦੌਰੇ 'ਤੇ ਆਉਣ ਤੋਂ ਇਨਕਾਰ ਕਰ ਦਿੱਤਾ।

PunjabKesari

ਜੈਵ ਸੁਰੱਖਿਅਤ ਮਾਹੌਲ ਵਿਚ ਰਹਿਣ ਦੇ ਕਾਰਣ ਖਿਡਾਰੀ ਆਪਣੇ ਸਥਾਨ ਤੋਂ ਬਾਹਰ ਨਹੀਂ ਨਿਕਲ ਸਕਣਗੇ ਤੇ ਇਸ ਲਈ ਵੈਸਟਇੰਡੀਜ਼ ਨੇ ਦੌਰੇ ਲਈ 14 ਮੁੱਖ ਖਿਡਾਰੀਆਂ ਦੇ ਇਲਾਵਾ 11 ਰਿਜ਼ਰਵ ਖਿਡਾਰੀਆਂ ਨੂੰ ਵੀ ਟੀਮ ਵਿਚ ਰੱਖਿਆ ਹੈ। ਰਿਜ਼ਰਵ ਖਿਡਾਰੀ ਟੈਸਟ ਟੀਮ ਦੀਆਂ ਤਿਆਰੀਆਂ ਵਿਚ ਉਨ੍ਹਾਂ ਦੀ ਮਦਦ ਕਰਨਗੇ ਤੇ ਕਿਸੇ ਖਿਡਾਰੀ ਦੇ ਜ਼ਖ਼ਮੀ ਹੋਣ 'ਤੇ ਆਸਾਨੀ ਨਾਲ ਉਸਦੀ ਜਗ੍ਹਾ ਲੈ ਸਕਣਗੇ। 

ਵੈਸਟਇੰਡੀਜ਼ ਦੀ ਟੈਸਟ ਟੀਮ : ਜੈਸਨ ਹੋਲਡਰ (ਕਪਤਾਨ), ਜਰਮਨ ਬਲੈਕਵੁਡ, ਨਕੁਰਮਾ ਬੋਨਰ, ਕ੍ਰੈਗ ਬ੍ਰੈੱਥਵੇਟ, ਸ਼ਮਰ ਬਰੂਕਸ, ਜਾਨ ਕੈਂਪਬੇਲ, ਰੋਸਟਨ ਚੇਜ਼,ਰਕੀਮ ਕਾਰਨਵਾਲ, ਸ਼ੇਨ ਡਾਓਰਿਚ , ਕੇਮਾਰ ਹੋਲਡਰ, ਸਾਈ ਹੋਪ, ਅਲਜਾਰੀ ਜੋਸਫ, ਰੇਮਨ ਰੀਫਰ ਤੇ ਕੇਮਰ ਰੋਚ। 
ਰਿਜ਼ਰਵ ਖਿਡਾਰੀ : ਸੁਨੀਲ ਅੰਬਰੀਸ, ਜੋਸ਼ੂਆ ਡਾਸਿਲਵਾ, ਸ਼ੈਨਨ ਗੈਬ੍ਰੀਏਲ, ਕੀਨ ਹਾਰਡਿੰਗ, ਕਾਈਲ ਮੇਅਰ, ਪ੍ਰੇਸਟਨ ਮੈਕਸਵੀਨ, ਮਾਕਿਰਵਰਨੋ ਮਿੰਡਲੇ, ਸ਼ਾਇਨੀ ਮੋਸਲੇ, ਐਂਡਰਸਨ ਫਿਲਿਪ, ਓਸ਼ੇਨ ਥਾਮਸ ਤੇ ਜੋਮੇਲ ਵਾਰਿਕਾਨ ।


author

Ranjit

Content Editor

Related News