ਕ੍ਰਿਕਟਰ ਜਿਸ ਤਰ੍ਹਾਂ ਖੁਦ ਨੂੰ ਅੱਗੇ ਵਧਾਉਂਦੇ ਹਨ, ਉਸ ਤਰੀਕੇ ਨੇ ਮੈਨੂੰ ਪ੍ਰੇਰਿਤ ਕੀਤਾ : ਬੋਲਟ
Friday, Sep 26, 2025 - 11:33 PM (IST)

ਮੁੰਬਈ (ਭਾਸ਼ਾ)- ਮਹਾਨ ਦੌੜਾਕ ਉਸੇਨ ਬੋਲਟ ਦਾ ਕਹਿਣਾ ਹੈ ਕਿ ਪ੍ਰਤੀਭਾਸ਼ਾਲੀ ਕ੍ਰਿਕਟਰਾਂ ਨੂੰ ਮੈਦਾਨ ’ਤੇ ਆਪਣੇ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਦੇਖਣ ਤੋਂ ਬਾਅਦ ਕ੍ਰਿਕਟ ਉਨ੍ਹਾਂ ਲਈ ਟ੍ਰੈਕ ’ਤੇ ਬਿਹਤਰ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਬਣਿਆ ਸੀ। ਬੋਲਟ ਦਾ ਨਾਂ ਰਫਤਾਰ ਅਤੇ ਵਿਸ਼ਵ ਰਿਕਾਰਡ ਦਾ ਸਮਾਨਾਰਥੀ ਹੈ। ਉਸ ਨੇ ਆਪਣੇ ਕਰੀਅਰ ਦਾ ਅੰਤ 8 ਓਲੰਪਿਕ ਸੋਨ ਤਮਗੇ ਅਤੇ 11 ਵਿਸ਼ਵ ਚੈਂਪੀਅਨਸ਼ਿਪ ’ਚ ਟਾਪ ਪੋਡੀਅਮ ਸਥਾਨ ਦੇ ਨਾਲ ਕੀਤਾ, ਜੋ ਕਦੇ ਵੀ ਕਿਸੇ ਵੀ ਟ੍ਰੈਕ ’ਤੇ ਫੀਲਡ ਐਥਲੀਟ ਨੇ ਹਾਸਲ ਨਹੀਂ ਕੀਤਾ।
ਜਮੈਕਾ ਦੇ ਇਸ ਖਿਡਾਰੀ ਨੇ ਕਿਹਾ ਕਿ ਮੈਂ ਬਚਪਨ ਤੋਂ ਹੀ ਕ੍ਰਿਕਟ ਦਾ ਬਹੁਤ ਵੱਡਾ ਮੁਰੀਦ ਰਿਹਾ ਹਾਂ। ਮੈਂ ਬਚਪਨ ਤੋਂ ਹੀ ਕ੍ਰਿਕਟ ਦੇਖੀ ਹੈ। ਕ੍ਰਿਕਟਰਾਂ ਦੇ ਹੁਨਰ ਨੂੰ ਵਧਦਾ ਦੇਖਣਾ, ਉਹ ਜਿਸ ਤਰ੍ਹਾਂ ਕੰਮ ਕਰਦੇ, ਜਿਸ ਤਰ੍ਹਾਂ ਖੁਦ ਨੂੰ ਅੱਗੇ ਵਧਾਉਂਦੇ ਅਤੇ ਖੁਦ ਨੂੰ ਪੇਸ਼ ਕਰਦੇ ਸਨ, ਉਸ ਨੇ ਮੈਨੂੰ ਘੱਟ ਉਮਰ ’ਚ ਸਖਤ ਮਿਹਨਤ ਕਰਨ ਅਤੇ ਸਰਵਸ਼੍ਰੇਸ਼ਠ ਬਣਨ ਲਈ ਪ੍ਰੇਰਿਤ ਕੀਤਾ।