ਕੋਵਿਡ-19 ਦੇ ਕਹਿਰ ਕਾਰਨ ਟੋਕੀਓ ਓਲੰਪਿਕਸ ਟਲੀ

03/28/2020 12:48:16 PM

ਸਪੋਰਟਸ ਡੈਸਕ (ਨਵਦੀਪ ਸਿੰਘ ਗਿੱਲ) : ਕੁੱਲ ਆਲਮ ਦੇ ਪੌਣੇ ਦੋ ਸੌ ਦੇ ਕਰੀਬ ਮੁਲਕਾਂ ਵਿੱਚ ਪੈਰ ਪਸਾਰ ਚੁੱਕੀ ਕੋਵਿਡ-19 ਦੀ ਮਹਾਂਮਾਰੀ ਨੇ ਖੇਡਾਂ ਦੇ ਮਹਾਂਕੁੰਭ ਓਲੰਪਿਕਸ ਉਤੇ ਵੀ ਅਸਰ ਪਾ ਦਿੱਤਾ। ਇਸੇ ਸਾਲ 24 ਜੁਲਾਈ ਤੋਂ 9 ਅਗਸਤ ਤੱਕ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਨੂੰ ਇਕ ਸਾਲ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਓਲੰਪਿਕ ਖੇਡਾਂ ਦੇ ਇਤਿਹਾਸ 'ਤੇ ਝਾਤੀ ਮਾਰੀਏ ਤਾਂ ਇਹ ਕੋਈ ਆਮ ਜਾਂ ਛੋਟਾ ਫੈਸਲਾ ਨਹੀਂ ਲੱਗਦਾ। ਨਵੀਨ ਓਲੰਪਿਕ ਖੇਡਾਂ ਦੇ 124 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਖੇਡਾਂ ਦੇ ਮਹਾਂਕੁੰਭ ਨੂੰ ਕੋਰੋਨਾ ਨਾਮਕ ਵਾਇਰਸ ਦੇ ਕਾਰਨ ਟਾਲਣਾ ਪਿਆ ਹੋਵੇ ਅਤੇ ਉਹ ਵੀ ਇਕ ਸਾਲ ਵਾਸਤੇ। ਹਾਲਾਂਕਿ ਓਲੰਪਿਕਸ ਦੇ ਇਤਿਹਾਸ ਵਿੱਚ ਤਿੰਨ ਵਾਰ ਅਜਿਹੇ ਮੌਕੇ ਆਏ ਹਨ ਜਦੋਂ ਖੇਡਾਂ ਰੱਦ ਕਰਨੀਆਂ ਪਈਆਂ ਹੋਣ ਅਤੇ ਇਹ ਤਿੰਨੋ ਮੌਕੇ ਵਿਸ਼ਵ ਯੁੱਧਾਂ ਦੌਰਾਨ ਆਏ ਸਨ। 1916 ਵਿੱਚ ਪਹਿਲੇ ਵਿਸ਼ਵ ਯੁੱਧ ਅਤੇ 1940 ਤੇ 1944 ਵਿੱਚ ਦੂਜੇ ਵਿਸ਼ਵ ਯੁੱਧ ਕਾਰਨ ਖੇਡਾਂ ਨੂੰ ਰੱਦ ਹੀ ਕਰਨਾ ਪਿਆ ਸੀ। ਇਹ ਵੀ ਇਤਫਾਕ ਹੀ ਹੈ ਕਿ 1940 ਵਿੱਚ ਦੂਜੇ ਵਿਸ਼ਵ ਯੁੱਧ ਕਾਰਨ ਰੱਦ ਹੋਈਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਪਹਿਲਾ ਟੋਕੀਓ ਨੂੰ ਮਿਲੀ ਸੀ ਅਤੇ ਫੇਰ ਵਿਵਾਦਾਂ ਕਾਰਨ ਇਹ ਹੈਲਸਿੰਕੀ ਨੂੰ ਸੌਂਪ ਦਿੱਤੀ ਅਤੇ ਅੰਤ ਦੂਜੇ ਵਿਸ਼ਵ ਯੁੱਧ ਦੇ ਛਿੜਨ ਨਾਲ ਇਹ ਖੇਡਾਂ ਹੀ ਰੱਦ ਹੋ ਗਈਆਂ। ਇਸ ਤੋਂ ਇਲਾਵਾ ਦੇਖਿਆ ਜਾਵੇ ਤਾਂ ਓਲੰਪਿਕ ਖੇਡਾਂ ਮੌਕੇ ਜਾਂ ਖੇਡਾਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਵਿਵਾਦਾਂ, ਰਾਜਨੀਤੀ ਅਤੇ ਦਹਿਸ਼ਤੀ ਹਮਲਿਆਂ ਦੇ ਬਾਵਜੂਦ ਖੇਡਾਂ ਦੇ ਮਹਾਂਕੁੰਭ ਦਾ ਯੱਗ ਨਿਰੰਤਰ ਚੱਲਦਾ ਰਿਹਾ। ਹਾਲਾਂਕਿ 1920 ਵਿੱਚ ਪਲੇਗ ਦੀ ਮਹਾਂਮਾਰੀ ਫੈਲੀ ਹੋਈ ਸੀ ਪਰ ਫੇਰ ਵੀ ਐਂਟਵਰਪ ਵਿਖੇ ਖੇਡਾਂ ਕਰਵਾਈਆਂ ਗਈਆਂ ਸਨ।

PunjabKesari

ਓਲੰਪਿਕ ਖੇਡਾਂ ਦੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਅਜਿਹੀ ਕੋਈ ਉਦਾਹਰਨ ਸਾਹਮਣੇ ਨਹੀਂ ਆਉਂਦੀ ਕਿ ਕਿਸੇ ਮਹਾਂਮਾਰੀ ਦੇ ਚੱਲਦਿਆਂ ਖੇਡਾਂ ਨੂੰ ਰੱਦ ਕਰਨਾ ਪਿਆ ਹੈ। ਇਸ ਤੱਥ ਤੋਂ ਹੀ ਇਸ ਕੋਵਿਡ-19 ਦੀ ਮਹਾਂਮਾਰੀ ਦੀ ਗੰਭੀਰਤਾ ਦਾ ਪਤਾ ਲੱਗਦਾ ਹੈ। ਸਾਲ 2019 ਦੇ ਅਖਰੀਲੇ ਮਹੀਨੇ ਚੀਨ ਦੇ ਹੁਬਈ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਸ਼ੁਰੂ ਹੋਈ ਇਸ ਬਿਮਾਰੀ ਨੇ ਸਾਲ 2020 ਦੇ ਚੜ੍ਹਦਿਆਂ ਯੂਰੋਪ ਦੇ ਵਿਕਸਿਤ ਮੁਲਕਾਂ ਤੋਂ ਇਲਾਵਾ ਅਮਰੀਕਾ ਵਰਗੇ ਵਿਸ਼ਵ ਦੀ ਮਹਾਂਸ਼ਕਤੀ ਕਹਾਉਂਦੇ ਦੇਸ਼ ਨੂੰ ਵੀ ਕਲਾਵੇ ਵਿੱਚ ਲੈ ਲਿਆ ਅਤੇ ਹੁਣ ਇਸ ਮਹਾਂਮਾਰੀ ਦੀ ਚਪੇਟ ਵਿੱਚ ਆਉਣ ਵਾਲੇ ਮੁਲਕਾਂ ਦੀ ਗਿਣਤੀ ਪੌਣੇ ਦੋ ਸੌ ਦੇ ਕਰੀਬ ਪਹੁੰਚ ਗਈ ਹੈ। ਇਸ ਦੇ ਮਰੀਜ਼ਾਂ ਦਾ ਅੰਕੜਾ ਸਾਢੇ ਚਾਰ ਲੱਖ ਟੱਪ ਗਿਆ। ਇਕ-ਦੂਜੇ ਦੇ ਸੰਪਰਕ ਵਿੱਚ ਆਉਣ ਕਰਕੇ ਫੈਲਦੀ ਇਸ ਬਿਮਾਰੀ ਤੋਂ ਬੱਚਣ ਦਾ ਇਕੋ ਇਕ ਤਰੀਕਾ ਅਲਾਹਿਦਗੀ ਹੋਣ ਕਰਕੇ ਵੱਡੀਆਂ ਕਾਨਫਰੰਸਾਂ, ਸੈਮੀਨਾਰ, ਮੇਲੇ, ਰੈਲੀਆਂ ਆਦਿ ਰੱਦ ਕਰਨੀਆਂ ਪੈਣੀਆਂ। ਮੁਲਕਾਂ ਦੇ ਮੁਲਕਾਂ ਨੇ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਂ, ਆਵਾਜਾਈ ਰੋਕ ਦਿੱਤੀ, ਆਪਸੀ ਸੰਪਰਕ ਬੰਦ ਕਰਵਾ ਦਿੱਤਾ।

PunjabKesari

ਕੋਵਿਡ-19 ਦੇ ਵਧਦੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਇਸ ਦਾ ਅਸਰ ਖੇਡਾਂ ਉਪਰ ਪੈਣਾ ਸੁਭਾਵਿਕ ਹੀ ਸੀ। ਜਿੱਥੇ ਕਈ ਵੱਡੇ ਖੇਡ ਮੁਕਾਬਲੇ ਮੁਲਤਵੀ ਜਾਂ ਰੱਦ ਕਰਨੇ ਪਏ ਉਥੇ ਟੋਕੀਓ ਓਲੰਪਿਕਸ ਲਈ ਚੱਲ ਰਹੇ ਵੱਖ-ਵੱਖ ਖੇਡਾਂ ਦੇ ਕੁਆਲੀਫਾਈ ਮੁਕਾਬਲੇ ਵੀ ਰੋਕਣੇ ਪਏ। ਵੱਖ-ਵੱਖ ਮੁਲਕਾਂ ਵਿੱਚ ਓਲੰਪਿਕਸ ਦੀ ਤਿਆਰੀ ਲਈ ਜੁਟੇ ਖਿਡਾਰੀਆਂ ਦੇ ਤਿਆਰੀ ਕੈਂਪ ਮੁਲਤਵੀ ਕਰਨੇ ਪਏ। ਇਸ ਦੌਰਾਨ ਵੱਖ- ਵੱਖ ਮੁਲਕਾਂ ਤੋਂ ਖੇਡਾਂ ਵਿੱਚ ਹਿੱਸਾ ਨਾ ਲੈਣ ਜਾਂ ਖੇਡਾਂ ਨੂੰ ਰੱਦ ਕਰਨ ਦੀ ਮੰਗ ਉਠਣ ਲੱਗੀ। ਅਮਰੀਕਾ ਨੇ ਜਿੱਥੇ ਖੇਡਾਂ ਟਾਲਣ ਦੀ ਮੰਗ ਕੀਤੀ ਉਥੇ ਕੈਨੇਡਾ, ਆਸਟਰੇਲੀਆ, ਬਰਤਾਨੀਆ ਜਿਹੇ ਮੁਲਕਾਂ ਨੇ ਖੇਡਾਂ ਵਿੱਚ ਹਿੱਸਾ ਨਾ ਲੈਣ ਦੀ ਗੱਲ ਤੱਕ ਕਹਿ ਦਿੱਤੀ। ਓਲੰਪਿਕ ਖੇਡਾਂ ਵਿੱਚ ਮੋਹਰੀ ਆਉਣ ਵਾਲੇ ਜ਼ਿਆਦਾਤਰ ਮੁਲਕ ਜਿਵੇਂ ਕਿ ਅਮਰੀਕਾ, ਚੀਨ ਅਤੇ ਯੂਰੋਪੀਅਨ ਦੇਸ਼ ਹੀ ਇਸ ਮਹਾਂਮਾਰੀ ਦਾ ਵੱਧ ਸ਼ਿਕਾਰ ਹਨ। ਓਲੰਪਿਕ ਖੇਡਾਂ ਦੀ ਤਿਆਰੀ ਲਈ ਜੁਟੇ ਖਿਡਾਰੀ ਵੀ ਸੰਭਾਵੀ ਖਤਰੇ ਨੂੰ ਦੇਖਦਿਆਂ ਖੇਡਾਂ ਨੂੰ ਟਾਲਣ ਦੇ ਹੱਕ ਵਿੱਚ ਸਨ। ਮਸਲਾ ਇਹ ਸੀ ਕਿ ਕੋਰੋਨਾ ਮਹਾਂਮਾਰੀ ਦੇ ਪਸਾਰੇ ਜਾ ਰਹੇ ਪੈਰਾਂ ਨੂੰ ਦੇਖਦਿਆਂ ਇਹ ਕਿਸੇ ਵੀ ਸਿਹਤ ਮਾਹਿਰ ਨੂੰ ਅੰਦਾਜ਼ਾ ਨਹੀਂ ਕਿ ਇਸ ਵਰਤਾਰੇ ਨੂੰ ਕਦੋਂ ਪੂਰਨ ਠੱਲ੍ਹ ਪਵੇਗੀ।

PunjabKesari

ਓਲੰਪਿਕ ਰੱਦ ਕਰਨ ਜਾਂ ਮੁਲਤਵੀ ਕਰਨ ਦੀਆਂ ਚੱਲ ਰਹੀਆਂ ਵਿਚਾਰਾਂ ਵਿੱਚ ਇਕ ਵਿਚਾਰ ਇਹ ਵੀ ਸੀ ਕਿ ਆਖਰ ਕਿੰਨੇ ਦਿਨਾਂ, ਹਫਤਿਆਂ ਜਾਂ ਮਹੀਨਿਆਂ ਲਈ ਮੁਲਤਵੀ ਕੀਤਾ ਜਾਵੇ ਕਿਉਂਕਿ ਬਿਮਾਰੀ ਦੇ ਰੋਕਣ ਦੀ ਸਮਾਂ ਸੀਮਾ ਦਾ ਕੋਈ ਅੰਦਾਜ਼ਾ ਨਹੀਂ। ਉਪਰੋਂ ਗਰਮੀਆਂ ਦਾ ਮੌਸਮ ਲੰਘਣ ਤੋਂ ਬਾਅਦ ਸਰਦੀਆਂ ਵਿੱਚ ਇਨ੍ਹਾਂ ਖੇਡਾਂ ਨੂੰ ਕਰਵਾਉਣ ਦਾ ਵੀ ਵੱਡਾ ਅੜਿੱਕਾ ਸੀ। ਵੈਸੇ ਵੀ ਓਲੰਪਿਕਸ ਦੇ ਸੰਦਰਭ ਵਿੱਚ ਇਨ੍ਹਾਂ ਨੂੰ ਗਰਮ ਰੁੱਤ ਦੀਆਂ ਓਲੰਪਿਕ ਖੇਡਾਂ ਕਿਹਾ ਜਾਂਦਾ ਹੈ। ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਤਾਂ 2022 ਵਿੱਚ ਚੀਨ ਦੀ ਰਾਜਧਾਨੀ ਬੀਜਿੰਗ ਵਿਖੇ ਹੋਣੀਆਂ ਹਨ। ਦੂਜੇ ਪਾਸੇ ਜਾਪਾਨ ਦੀ ਰਾਜਧਾਨੀ ਟੋਕੀਓ ਭਾਵੇਂ ਦੂਜੀ ਵਾਰ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਮੇਲੇ ਦੀ ਮੇਜ਼ਬਾਨੀ ਦੀ ਪੂਰੀ ਤਿਆਰੀ ਕਰੀ ਬੈਠਾ ਸੀ ਅਤੇ ਯੂਨਾਨ ਦੀ ਓਲੰਪੀਆ ਪਹਾੜੀ ਤੋਂ ਜਲਾਈ ਗਈ ਓਲੰਪਿਕ ਮਸ਼ਾਲ ਦੀ ਯਾਤਰਾ ਵੀ ਰਵਾਨਾ ਹੋ ਸਈ। ਇਸ ਸਭ ਦੌਰਾਨ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਓਲੰਪਿਕ ਖੇਡਾਂ ਇਕ ਸਾਲ ਲਈ ਮੁਲਤਵੀ ਕਰਨ ਦਾ ਪ੍ਰਸਤਾਵ ਰੱਖਿਆ ਅਤੇ ਫੇਰ ਕੌਮਾਂਤਰੀ ਓਲੰਪਿਕ ਕਮੇਟੀ ਦੇ ਮੁਖੀ ਥਾਮਸ ਬਾਕ ਨਾਲ ਕਾਨਫਰੰਸ ਕਾਲ ਕਰ ਕੇ ਰਸਮੀ ਤੌਰ 'ਤੇ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ। ਹੁਣ ਟੋਕੀਓ ਅਗਲੇ ਸਾਲ 2021 ਵਿੱਚ ਓਲੰਪਿਕਸ ਦੀ ਮੇਜ਼ਬਾਨੀ ਕਰੇਗਾ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਓਲੰਪਿਕ ਖੇਡਾਂ ਗੈਰ ਲੀਪ ਵਾਲੇ ਸਾਲ ਵਿੱਚ ਕਰਵਾਈਆਂ ਜਾਣਗੀਆਂ, ਨਹੀਂ ਤਾਂ 1896 ਵਿੱਚ ਏਥਨਜ਼ ਤੋਂ ਸ਼ੁਰੂ ਹੋਈਆ ਨਵੀਨ ਓਲੰਪਿਕ ਖੇਡਾਂ ਚਾਰ ਸਾਲਾਂ ਦੇ ਵਕਫੇ ਬਾਅਦ ਲੀਪ ਵਾਲੇ ਸਾਲ ਵਿੱਚ ਹੀ ਕਰਵਾਈਆਂ ਜਾਂਦੀਆਂ ਹਨ। ਟੋਕੀਓ ਨੇ ਇਹ ਐਲਾਨ ਜ਼ਰੂਰ ਕੀਤਾ ਹੈ ਕਿ ਇਨ੍ਹਾਂ ਖੇਡਾਂ ਨੂੰ ਓਲੰਪਿਕਸ-2020 ਦੇ ਨਾਮ ਹੇਠ ਹੀ ਕਰਵਾਇਆ ਜਾਵੇਗਾ। ਇਨ੍ਹਾਂ ਖੇਡਾਂ ਦੀਆਂ ਤਰੀਕਾਂ ਦਾ ਹਾਲੇ ਐਲਾਨ ਕਰਨਾ ਹੈ। ਖਿਡਾਰੀ, ਖੇਡ ਪ੍ਰਸ਼ਾਸਕ ਅਤੇ ਖਿਡਾਰੀ ਆਸ ਕਰਦੇ ਹਨ ਕਿ ਜਿੱਥੇ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਵੇ ਅਤੇ ਦੁਨੀਆਂ ਵਿੱਚ ਸੁੱਖ ਸ਼ਾਂਤੀ ਵਾਪਸ ਪਰਤੇ ਉਥੇ ਇਹ ਖੇਡਾਂ ਅਗਲੇ ਸਾਲ ਸ਼ਾਨ ਨਾਲ ਕਰਵਾਈਆਂ ਜਾਣ।

PunjabKesari

ਟੋਕੀਓ ਓਲੰਪਿਕਸ ਦੇ ਮੁਲਤਵੀ ਹੋਣ ਦੇ ਪ੍ਰਭਾਵਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ 12 ਅਰਬ ਡਾਲਰ ਦੀ ਸਪਾਂਸਰਸ਼ਿਪ ਹੀ ਖਤਰੇ ਵਿੱਚ ਪੈ ਗਈ ਹੈ। ਉਸ ਤੋਂ ਇਲਾਵਾ ਖੇਡਾਂ ਦੇ ਕੁਆਲੀਫਾਈ ਮੁਕਾਬਲੇ ਪਛੜਨ ਕਰਕੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਤਿਆਰੀ ਅਤੇ ਸਮੀਕਰਨਾਂ ਦਾ ਵੀ ਫਰਕ ਪਵੇਗਾ। ਜਿਨ੍ਹਾਂ ਖਿਡਾਰੀਆਂ ਨੇ ਕੁਆਲੀਫਾਈ ਕਰ ਲਿਆ, ਉਨ੍ਹਾਂ ਨੂੰ ਇਕ ਸਾਲ ਆਪਣੀ ਫਾਰਮ ਬਰਕਰਾਰ ਰੱਖਣ ਦਾ ਦਬਾਅ ਹੋਵੇਗਾ ਅਤੇ ਜਿਹੜੇ ਕੁਆਲੀਫਾਈ ਦੀਆਂ ਬਰੂਹਾਂ 'ਤੇ ਸਨ, ਉਨ੍ਹਾਂ ਨੂੰ ਵੀ ਆਪਣੀ ਤਿਆਰੀ ਜਾਰੀ ਰੱਖਣੀ ਪਵੇਗੀ ਜਦੋਂ ਤੱਕ ਅਗਲੇ ਕੁਆਲੀਫਾਇਰ ਮੁਕਾਬਲਿਆਂ ਦਾ ਐਲਾਨ ਨਹੀਂ ਹੁੰਦਾ। ਇਸ ਤੋਂ ਇਲਾਵਾ ਏਸ਼ਿਆਈ ਤੇ ਰਾਸ਼ਟਰਮੰਡਲ ਮੁਲਕਾਂ ਲਈ 2022 ਵਿੱਚ ਹੋਣ ਵਾਲੀਆਂ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿਚਕਾਰ ਫਾਸਲਾ ਇਕ ਸਾਲ ਹੋਰ ਘੱਟ ਜਾਵੇਗਾ। ਪਹਿਲੀ ਵਾਰ ਦੁਨੀਆਂ ਗੈਰ ਲੀਪ ਵਾਲੇ ਸਾਲ ਵਿੱਚ ਖੇਡਾਂ ਦੇ ਮਹਾਂਕੁੰਭ ਨੂੰ ਦੇਖੇਗੀ। ਉਂਝ ਵੀ ਟੋਕੀਓ ਇਤਿਹਾਸ ਬਣਾਉਣ ਦੀ ਦਹਿਲੀਜ਼ 'ਤੇ ਖੜ੍ਹਾ ਹੈ। ਇਨ੍ਹਾਂ ਓਲੰਪਿਕ ਖੇਡਾਂ ਨੂੰ ਕਰਵਾਉਣ ਨਾਲ ਉਹ ਏਸ਼ੀਆ ਦਾ ਪਹਿਲਾ ਸ਼ਹਿਰ ਹੋਵੇਗਾ ਜੋ ਦੂਜੀ ਵਾਰ ਖੇਡਾਂ ਦੇ ਮਹਾਂਕੁੰਭ ਦੀ ਮੇਜ਼ਬਾਨੀ ਕਰੇਗਾ। 1964 ਵਿੱਚ ਟੋਕੀਓ ਓਲੰਪਿਕਸ ਕਰਵਾਉਣ ਵਾਲਾ ਏਸ਼ੀਆ ਦਾ ਪਹਿਲਾ ਸ਼ਹਿਰ ਬਣਿਆ ਸੀ। ਟੋਕੀਓ ਵੱਲੋਂ ਰਿਕਾਰਡ ਬਣਾਉਣ ਦੀ ਉਡੀਕ ਇਕ ਸਾਲ ਹੋਰ ਲੰਬੀ ਹੋ ਗਈ।


Ranjit

Content Editor

Related News