ਅਜਿਹਾ ਕਾਰਨਾਮਾ ਕਰਨ ਵਾਲੇ ਦੁਨੀਆ ਦੇ ਤੀਜੇ ਖਿਡਾਰੀ ਬਣੇ ਸ਼ਾਕਿਬ
Saturday, Jun 09, 2018 - 02:59 PM (IST)

ਨਵੀਂ ਦਿੱਲੀ (ਬਿਊਰੋ)— ਅਫਗਾਨਿਸਤਾਨ ਖਿਲਾਫ ਤਿਨ ਮੈਚਾਂ ਦੀ ਟੀ-20 ਸੀਰੀਜ਼ 'ਚ ਸ਼ਾਕਿਬ ਅਲ ਹਸਨ ਦੀ ਕਪਤਾਨੀ 'ਚ ਬੰਗਲਾਦੇਸ਼ ਦੀ ਟੀਮ ਨੂੰ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਖਰੀ ਮੈਚ ਵੀ ਬੰਗਲਾਦੇਸ਼ ਨੂੰ ਅਫਗਾਨਿਸਤਾਨ ਨੇ ਸਿਰਫ 1 ਦੌੜ ਨਾਲ ਹਰਾ ਕੇ ਸੀਰੀਜ਼ 'ਚ ਉਨ੍ਹਾਂ ਦਾ ਕਲੀਨ ਸਵੀਪ ਕਰ ਦਿੱਤਾ ਹੈ। ਹਾਲਾਂਕਿ ਆਖਰੀ ਟੀ-20 ਮੈਚ ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਲਈ ਬੇਹਦ ਯਾਦਗਾਰ ਬਣ ਗਿਆ ਕਿਉਂਕਿ ਇਸ ਮੈਚ ਦੌਰਾਨ ਉਨ੍ਹਾਂ ਇਕ ਅਜਿਹਾ ਕਮਾਲ ਕੀਤਾ ਜੋ ਉਨ੍ਹਾਂ ਤੋਂ ਪਹਿਲਾਂ ਦੁਨੀਆ ਦੇ ਸਿਰਫ ਦੋ ਖਿਡਾਰੀ ਹੀ ਕਰ ਸਕੇ ਸਨ।
ਅਫਗਾਨਿਸਤਾਨ ਤੀਜੇ ਟੀ-20 ਮੈਚ 'ਚ ਸ਼ਾਕਿਬ ਅਲ ਹਸਨ ਇਕ ਵਿਕਟ ਹਾਸਲ ਕਰਦੇ ਹੋਏ ਦੁਨੀਆ ਦੇ ਤੀਜੇ ਅਜਿਹੇ ਖਿਡਾਰੀ ਬਣ ਗਏ ਜਿਨ੍ਹਾਂ ਦੇ ਟੈਸਟ, ਵਨਡੇ ਅਤੇ ਟੀ-20 ਤਿਨਾਂ ਫਾਰਮੈਟਾਂ 'ਚ 500 ਵਿਕਟ ਪੂਰੇ ਹੋਏ ਹਨ। ਸ਼ਾਕਿਬ ਅਲ ਹਸਨ ਦੱਖਣੀ ਅਫਰੀਕਾ ਦੇ ਸਾਬਕਾ ਆਲਰਾਊਂਡਰ ਜੈਕ ਕਾਲਿਸ ਅਤੇ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਦੇ ਬਾਅਦ ਅਜਿਹਾ ਕਰਨ ਵਾਲੇ ਤੀਜੇ ਖਿਡਾਰੀ ਬਣ ਗਏ ਹਨ। ਸ਼ਾਕਿਬ ਹੁਣ ਕ੍ਰਿਕਟ ਦੇ ਤਿਨਾਂ ਫਾਰਮੈਟਾਂ ਨੂੰ ਮਿਲਾ ਕੇ 10 ਹਜ਼ਾਰ ਦੌੜਾਂ ਬਣਾ ਚੁੱਕੇ ਹਨ ਅਤੇ ਉਨ੍ਹਾਂ ਦੇ ਨਾਮ 500 ਵਿਕਟ ਵੀ ਹੋ ਚੁੱਕੇ ਹਨ। ਕਾਲਿਸ ਨੇ ਆਪਣੇ ਪੂਰੇ ਕਰੀਅਰ 'ਚ ਕ੍ਰਿਕਟ ਦੇ ਤਿਨਾਂ ਫਾਰਮੈਟਾਂ 'ਚ 25653 ਦੌੜਾਂ ਬਣਾਈਆਂ ਅਤੇ ਉਨ੍ਹਾਂ ਦੇ ਨਾਮ 577 ਵਿਕਟਾਂ ਹਨ। ਉਥੇ ਹੀ ਅਫਰੀਦੀ ਆਪਣੇ ਕਰੀਅਰ 'ਚ 11,196 ਦੌੜਾਂ ਬਣਾਉਣ ਤੋਂ ਇਲਾਵਾ 541 ਵਿਕਟਾਂ ਵੀ ਹਾਸਲ ਕਰ ਚੁੱਕੇ ਹਨ।