ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਟੈਸਟ ਰੋਮਾਂਚਕ ਮੋੜ ’ਤੇ
Sunday, Mar 10, 2024 - 07:21 PM (IST)
ਕ੍ਰਾਈਸਟਚਰਚ, (ਭਾਸ਼ਾ)– ਆਸਟ੍ਰੇਲੀਆ ਨੂੰ ਰੋਮਾਂਚਕ ਮੋੜ ’ਤੇ ਪਹੁੰਚੇ ਦੂਜੇ ਟੈਸਟ ਕ੍ਰਿਕਟ ਮੈਟ ’ਚ ਜਿੱਤ ਲਈ 202 ਦੌੜਾਂ ਜਦਕਿ ਨਿਊਜ਼ੀਲੈਂਡ ਨੂੰ 6 ਵਿਕਟਾਂ ਦੀ ਲੋੜ ਹੈ। ਪਹਿਲੀ ਪਾਰੀ ’ਚ 82 ਦੌੜਾਂ ਨਾਲ ਪਿੱਛੇ ਰਹਿਣ ਵਾਲੇ ਨਿਊਜ਼ੀਲੈਂਡ ਵਲੋਂ ਦੂਜੀ ਪਾਰੀ ’ਚ 4 ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਾਏ। ਰਚਿਨ ਰਵਿੰਦਰ ਨੇ 82, ਟਾਮ ਲਾਥਮ ਨੇ 73, ਡੈਰਿਲ ਮਿਸ਼ੇਲ ਨੇ 58 ਤੇ ਕੇਨ ਵਿਲੀਅਮਸਨ ਨੇ 51 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਕੁਗਲੇਇਜ਼ਨ ਨੇ 49 ਗੇਂਦਾਂ ਵਿਚ 44 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਨਾਲ ਨਿਊਜ਼ੀਲੈਂਡ 372 ਦੌੜਾਂ ਬਣਾਉਣ ’ਤੇ ਸਫਲ ਰਿਹਾ।
ਆਸਟ੍ਰੇਲੀਆ ਸਾਹਮਣੇ ਇਸ ਤਰ੍ਹਾਂ ਨਾਲ ਦੋ ਮੈਚਾਂ ਦੀ ਲੜੀ ’ਚ ਕਲੀਨ ਸਵੀਪ ਕਰਨ ਲਈ 279 ਦੌੜਾਂ ਦਾ ਟੀਚਾ ਸੀ। ਆਸਟ੍ਰੇਲੀਆ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ 4 ਵਿਕਟਾਂ ’ਤੇ 77 ਦੌੜਾਂ ਬਣਾਈਆਂ ਸਨ। ਸਟੰਪਸ ਦੇ ਸਮੇਂ ਮਿਸ਼ੇਲ ਮਾਰਸ਼ 27 ਤੇ ਟ੍ਰੈਵਿਲ ਹੈੱਡ 17 ਦੌੜਾਂ ’ਤੇ ਖੇਡ ਰਹੇ ਸਨ। ਇਨ੍ਹਾਂ ਦੋਵਾਂ ਨੇ ਦਿਨ ਦੇ ਆਖਰੀ 10 ਓਵਰਾਂ ’ਚ ਆਸਟ੍ਰੇਲੀਆ ਨੂੰ ਅੱਗੇ ਕੋਈ ਝਟਕਾ ਨਹੀਂ ਲੱਗਣ ਦਿੱਤਾ। ਮੈਟ ਹੈਨਰੀ ਤੇ ਬੇਨ ਸਿਅਰਸ ਨੇ ਆਖਰੀ ਸੈਸ਼ਨ ’ਚ 2-2 ਵਿਕਟਾਂ ਲਈਆਂ, ਜਿਸ ਨਾਲ ਆਸਟ੍ਰੇਲੀਆ ਦਾ ਸਕੋਰ 4 ਵਿਕਟਾਂ ’ਤੇ 34 ਦੌੜਾਂ ਹੋ ਗਿਆ ਸੀ।
ਨਿਊਜ਼ੀਲੈਂਡ ਨੇ ਸਵੇਰੇ ਆਪਣੀ ਦੂਜੀ ਪਾਰੀ 2 ਵਿਕਟਾਂ ’ਤੇ 134 ਦੌੜਾਂ ਤੋਂ ਅੱਗੇ ਵਧਾਈ। ਰਵਿੰਦਰ ਤੇ ਮਿਸ਼ੇਲ ਨੇ 123 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਚੰਗੀ ਸਥਿਤੀ ਵਿਚ ਪਹੁੰਚਾਇਆ। ਨਿਊਜ਼ੀਲੈਂਡ ਨੇ ਪਹਿਲੇ ਸੈਸ਼ਨ ਵਿਚ ਲਾਥਮ ਦੀ ਵਿਕਟ ਗੁਆ ਕੇ 105 ਦੌੜਾਂ ਜੋੜੀਆਂ।ਇਸ ਤੋਂ ਬਾਅਦ ਰਵਿੰਦਰ ਤੇ ਮਿਸ਼ੇਲ ਨੇ ਜ਼ਿੰਮੇਵਾਰੀ ਸੰਭਾਲੀ। ਰਵਿੰਦਰ ਨੇ ਸਹਿਜ ਹੋ ਕੇ ਬੱਲੇਬਾਜ਼ੀ ਕੀਤੀ ਜਦਕਿ ਮਿਸ਼ੇਲ ਨੇ 94 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਆਸਟਰੇਲੀਆ ਨੇ ਹਾਲਾਂਕਿ 18 ਦੌੜਾਂ ਦੇ ਅੰਦਰ 3 ਵਿਕਟਾਂ ਕੱਢ ਕੇ ਚੰਗੀ ਵਾਪਸੀ ਕੀਤੀ। ਪਹਿਲਾਂ ਮਿਸ਼ੇਲ ਆਊਟ ਹੋਇਆ, ਜਿਸ ਨਾਲ ਨਿਊਜ਼ੀਲੈਂਡ ਦਾ ਸਕੋਰ 4 ਵਿਕਟਾਂ ’ਤੇ 278 ਦੌੜਾਂ ਹੋ ਗਿਆ। ਇਸ ਤੋਂ ਬਾਅਦ 8 ਦੌੜਾਂ ਬਾਅਦ ਰਵਿੰਦਰ ਵੀ ਪੈਵੇਲੀਅਨ ਪਰਤ ਗਿਆ। ਟਾਮ ਬਲੰਡੇਲ ਵੀ 9 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਨਾਲ ਨਿਊਜ਼ੀਲੈਂਡ ਦਾ ਸਕੋਰ 6 ਵਿਕਟਾਂ ’ਤੇ 296 ਦੌੜਾਂ ਹੋ ਗਿਆ। ਕੂਗਲੇਈਜ਼ਨ ਨੇ ਅਜਿਹੇ ਵਿਚ 2 ਛੱਕਿਆਂ ਤੇ 5 ਚੌਕਿਆਂ ਦੀ ਮਦਦ ਦਨਾਲ ਤੂਫਾਨੀ ਪਾਰੀ ਖੇਡੀ, ਜਿਸ ਨਾਲ ਨਿਊਜ਼ੀਲੈਂਡ ਦੀ ਟੀਮ ਆਸਟ੍ਰੇਲੀਆ ਸਾਹਮਣੇ ਚੁਣੌਤੀਪੂਰਣ ਟੀਚਾ ਰੱਖਣ ’ਚ ਸਫਲ ਰਹੀ। ਆਸਟ੍ਰੇਲੀਆ ਦੇ ਵਿਕਟਕੀਪਰ ਐਲੈਕਸ ਕੈਰੀ ਨੇ ਮੈਚ ’ਚ 10 ਕੈਚ ਫੜੇ।
ਆਸਟ੍ਰੇਲੀਆ ਦੀ ਦੂਜੀ ਪਾਰੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਹਿਲੀ ਪਾਰੀ ’ਚ 67 ਦੌੜਾਂ ਦੇ ਕੇ 7 ਵਿਕਟਾਂ ਲੈਣ ਵਾਲੇ ਹੈਨਰੀ ਨੇ ਸਟੀਵ ਸਮਿਥ (09) ਨੂੰ ਐੱਲ. ਬੀ. ਡਬਲਯੂ. ਕਰਕੇ ਨਿਊਜ਼ੀਲੈਂਡ ਨੂੰ ਪਹਿਲੀ ਸਫਲਤਾ ਦਿਵਾਈ ਜਦਕਿ ਸਿਅਰਸ ਨੇ ਆਪਣੀ ਗੇਂਦ ’ਤੇ ਮਾਰਨਸ ਲਾਬੂਸ਼ੇਨ (06) ਦਾ ਕੈਚ ਫੜਿਆ। ਇਸ ਤੋਂ ਬਾਅਦ ਟਿਮ ਸਾਊਥੀ ਨੇ ਤੀਜੀ ਸਲਿਪ ’ਚ ਹੈਨਰੀ ਦੀ ਗੇਂਦ ’ਤੇ ਉਸਮਾਨ ਖਵਾਜਾ (11) ਦਾ ਸ਼ਾਨਦਾਰ ਕੈਚ ਫੜਿਆ ਤੇ ਸਿਅਰਸ ਨੇ ਕੈਮਰੂਨ ਗ੍ਰੀਨ (5) ਨੂੰ ਬੋਲਡ ਕੀਤਾ।