ਘਰੇਲੂ ਟੈਸਟ ਮੈਚਾਂ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਮੁਹੰਮਦ ਸਿਰਾਜ ’ਤੇ ਵਧਿਆ ਦਬਾਅ

Tuesday, Oct 22, 2024 - 02:17 PM (IST)

ਘਰੇਲੂ ਟੈਸਟ ਮੈਚਾਂ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਮੁਹੰਮਦ ਸਿਰਾਜ ’ਤੇ ਵਧਿਆ ਦਬਾਅ

ਨਵੀਂ ਦਿੱਲੀ, (ਭਾਸ਼ਾ)– ਭਾਰਤੀ ਕਪਤਾਨ ਰੋਹਿਤ ਸ਼ਰਮਾ ਟੀਮ ਚੋਣ ਵਿਚ ਨਿਰੰਤਰਤਾ ਵਿਚ ਭਰੋਸਾ ਰੱਖਦਾ ਹੈ, ਜਿਸ ਨਾਲ ਘਰੇਲੂ ਹਾਲਾਤ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਨਿਊਜ਼ੀਲੈਂਡ ਵਿਰੁੱਧ ਦੂਜੇ ਟੈਸਟ ਵਿਚ ਆਖਰੀ-11 ਵਿਚ ਜਗ੍ਹਾ ਬਣਾਈ ਰੱਖਣ ਲਈ ਸੰਘਰਸ਼ ਕਰਨਾ ਪਵੇਗਾ।

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 3 ਮੈਚਾਂ ਦੀ ਲੜੀ ਦਾ ਦੂਜਾ ਟੈਸਟ 24 ਅਕਤੂਬਰ ਤੋਂ ਪੁਣੇ ਵਿਚ ਸ਼ੁਰੂ ਹੋਵੇਗਾ। ਟੀਮ ਵਿਚ ਸਪਿਨ ਗੇਂਦਬਾਜ਼ੀ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਸ਼ਾਮਲ ਕਰਨਾ ਇਕ ਸੰਕੇਤ ਹੈ ਕਿ ਕੋਚ ਗੌਤਮ ਗੰਭੀਰ ਤੇ ਰੋਹਿਤ ਸਪਿਨ ਗੇਂਦਬਾਜ਼ੀ ਦੇ ਅਨੁਕੂਲ ਪਿੱਚ ’ਤੇ ਉਸ ਨੂੰ ਖਿਡਾਉਣਾ ਚਾਹੁਣਗੇ। ਹੈਦਰਾਬਾਦ ਦੇ ਇਸ 30 ਸਾਲਾ ਗੇਂਦਬਾਜ਼ ਨੇ ਆਪਣੇ 30 ਟੈਸਟਾਂ ਦੇ ਕਰੀਅਰ ਵਿਚ 80 ਵਿਕਟਾਂ ਲਈਆਂ ਹਨ, ਜਿਨ੍ਹਾਂ ਵਿਚ 61 ਵਿਕਟਾਂ ਦੱਖਣੀ ਅਫਰੀਕਾ, ਇੰਗਲੈਂਡ ਤੇ ਆਸਟ੍ਰੇਲੀਆ ਵਿਚ ਖੇਡੇ ਗਏ 17 ਟੈਸਟ ਮੈਚਾਂ ਵਿਚ ਆਈਆਂ ਹਨ।

ਇਹ ਅੰਕੜੇ ਦੱਸਦੇ ਹਨ ਕਿ ਸਿਰਾਜ ਉਪ ਮਹਾਦੀਪ ਦੇ ਹਾਲਾਤ ਵਿਚ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਵਰਗੇ ਗੇਂਦਬਾਜ਼ਾਂ ਦੀ ਤਰ੍ਹਾਂ ਕਾਰਗਰ ਨਹੀਂ ਹੈ। ਬੁਮਰਾਹ ਤੇ ਸ਼ੰਮੀ ਕੋਲ ਕਿਸੇ ਵੀ ਪਿੱਚ ਤੇ ਹਾਲਾਤ ਵਿਚ ਵਿਕਟਾਂ ਲੈਣ ਦੀ ਸਮਰੱਥਾ ਹੈ। ਸਿਰਾਜ ਭਾਰਤ ਵਿਚ ਇਨ੍ਹਾਂ ਵਿਚੋਂ 4 ਮੈਚਾਂ ਵਿਚ ਇਕ ਵੀ ਵਿਕਟ ਲੈਣ ਵਿਚ ਸਫਲ ਨਹੀਂ ਰਿਹਾ ਹੈ। ਉਨ੍ਹਾਂ ਵਿਚੋਂ 2 ਮੈਚਾਂ ਵਿਚ ਉਸ ਨੂੰ ਕ੍ਰਮਵਾਰ 10 ਤੇ 6 ਓਵਰ ਹੀ ਗੇਂਦਬਾਜ਼ੀ ਕਰਨ ਲਈ ਮਿਲੇ। ਇਹ ਮੁਕਾਬਲੇ ਆਸਟ੍ਰੇਲੀਆ ਵਿਰੁੱਧ ਪਿਛਲੇ ਸਾਲ ਇੰਦੌਰ ਤੇ ਦਿੱਲੀ ਵਿਚ ਖੇਡੇ ਗਏ ਸਨ।

ਸਿਰਾਜ ਲਈ ਸਭ ਤੋਂ ਵੱਡੀ ਨਿਰਾਸ਼ਾ ਦੀ ਗੱਲ ਇਹ ਹੈ ਕਿ ਉਹ ਨਵੀਂ ਗੇਂਦ ਨਾਲ ਵਿਕਟ ਕੱਢਣ ਵਿਚ ਅਸਫਲ ਰਿਹਾ ਹੈ, ਜਿਸ ਨਾਲ ਬੁਮਰਾਹ ’ਤੇ ਦਬਾਅ ਕਾਫੀ ਵਧਦਾ ਜਾ ਰਿਹਾ ਹੈ। ਭਾਰਤ ਦੀ ਨਵੀਂ ਪੀੜ੍ਹੀ ਦੇ ਗੇਂਦਬਾਜ਼ਾਂ ਨਾਲ ਕੰਮ ਕਰਨ ਵਾਲੇ ਇਕ ਗੇਂਦਬਾਜ਼ੀ ਕੋਚ ਨੇ ਕਿਹਾ ਕਿ ਸਿਰਾਜ ਦੀ ਗੇਂਦਬਾਜ਼ੀ ਵਿਚ ਭਾਰਤੀ ਹਾਲਾਤ ਲਈ ਤਕਨੀਕੀ ਖਾਮੀਆਂ ਹਨ।

ਉਸ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, ‘‘ਤੁਸੀਂ ਜੇਕਰ ਸਿਰਾਜ ਦੇ ਰਿਕਾਰਡ ਨੂੰ ਦੇਖੇ ਤਾਂ ਉਸ ਨੇ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਚ ਪਾਰੀ ਵਿਚ 5 ਵਿਕਟਾਂ ਲਈਆਂ ਹਨ, ਜਿੱਥੇ ਜ਼ਿਆਦਾ ਉਛਾਲ ਹੈ। ਟੈਸਟ ਮੈਚਾਂ ਵਿਚ ਗੇਂਦ ਨੂੰ ਬੱਲੇਬਾਜ਼ ਤੋਂ 6 ਤੋਂ 8 ਮੀਟਰ ਦੀ ਦੂਰੀ ’ਤੇ ਟੱਪਾ ਖਿਲਾਉਣ ਨੂੰ ਟੈਸਟ ਮੈਚਾਂ ਵਿਚ ਆਦਰਸ਼ ਲੰਬਾਈ ਮੰਨਿਆ ਜਾਂਦਾ ਹੈ। ਵੱਖ-ਵੱਖ ਦੇਸ਼ਾਂ ਵਿਚ ਹਾਲਾਂਕਿ ਉਛਾਲ ਦੇ ਆਧਾਰ ’ਤੇ ਹਾਲਾਤ ਵੱਖਰੇ ਹੁੰਦੇ ਹਨ।’’

ਆਪਣੇ ਸਮੇਂ ਵਿਚ ਘਰੇਲੂ ਕ੍ਰਿਕਟ ਦੇ ਚੋਟੀ ਦੇ ਗੇਂਦਬਾਜ਼ਾਂ ਵਿਚ ਸ਼ਾਮਲ ਰਹੇ ਇਸ ਖਿਡਾਰੀ ਨੇ ਕਿਹਾ,‘‘ਆਸਟ੍ਰੇਲੀਆ ਵਿਚ ਆਦਰਸ਼ ਲੰਬਾਈ 8 ਮੀਟਰ ਹੈ, ਇੰਗਲੈਂਡ ਵਿਚ ਇਹ ਲੱਗਭਗ 6 ਮੀਟਰ ਹੈ ਤੇ ਘੱਟ ਉਛਾਲ ਵਾਲੀਆਂ ਭਾਰਤੀ ਵਿਕਟਾਂ ’ਤੇ ਇਹ 6.5 ਮੀਟਰ ਹੈ। ਤੁਸੀਂ ਇਸ ਨੂੰ 6.5 ਮੀਟਰ ਦੇ ਕੋਲ ਟੱਪਾ ਖਿਲਾਉਣ ਦੇ ਨਾਲ ਗਤੀ ਸਹੀ ਰੱਖਦੇ ਹੋ ਤਾਂ ਗੇਂਦ ਥੋੜ੍ਹੀ ਹਰਕਤ ਕਰਦੀ ਹੈ ਤੇ ਬਾਹਰੀ ਕਿਨਾਰਾ ਲੱਗਣ ਦੀ ਸੰਭਾਵਨਾ ਰਹਿੰਦੀ ਹੈ।’’

ਉਸ ਨੇ ਸਮਝਾਉਂਦੇ ਹੋਏ ਕਿਹਾ ਕਿ ਸਿਰਾਜ ਬੱਲੇਬਾਜ਼ ਤੋਂ ਲੱਗਭਗ 8 ਮੀਟਰ ਦੂਰ ਗੇਂਦ ਨੂੰ ਟੱਪਾ ਖਿਲਾ ਰਿਹਾ ਹੈ ਤੇ ਭਾਰਤ ਵਿਚ ਇਸ ਲੰਬਾਈ ਨਾਲ ਵਿਕਟ ਕੱਢਣਾ ਮੁਸ਼ਕਿਲ ਹੈ। ਉਸ ਨੇ ਕਿਹਾ ਕਿ ਭਾਰਤੀ ਹਾਲਾਤ ਪਿੱਚ ਦੀ ਹੌਲੀ ਗਤੀ ਕਾਰਨ 8 ਮੀਟਰ ਦੀ ਲੰਬਾਈ ਵਾਲੀ ਗੇਂਦ ਨੂੰ ਪਰਖਣ ਲਈ ਬੱਲੇਬਾਜ਼ ਕੋਲ ਵੱਧ ਸਮਾਂ ਹੁੰਦਾ ਹੈ। ਇਸ ਗੇਂਦਬਾਜ਼ੀ ਕੋਚ ਨੂੰ ਹਾਲਾਂਕਿ ਭਰੋਸਾ ਹੈ ਕਿ 22 ਨਵੰਬਰ ਤੋਂ ਆਸਟ੍ਰੇਲੀਆ ਵਿਰੁੱਧ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਵਿਚ ਉਹ ਫਿਰ ਤੋਂ ਆਪਣੀ ਲੈਅ ਹਾਸਲ ਕਰ ਲਵੇਗਾ।


author

Tarsem Singh

Content Editor

Related News