ਨਿਊਜ਼ੀਲੈਂਡ ਕ੍ਰਿਕਟ ਸੰਘ ਨੇ ਕਿਹਾ- IPL ''ਚ ਜਾਨਵਰਾਂ ਦੀ ਤਰ੍ਹਾਂ ਹੋ ਰਹੀ ਹੈ ਖਿਡਾਰੀਆਂ ਦੀ ਨਿਲਾਮੀ

01/31/2018 1:25:55 PM

ਨਵੀਂ ਦਿੱਲੀ, (ਬਿਊਰੋ)— ਨਿਊਜ਼ੀਲੈਂਡ ਕ੍ਰਿਕਟ ਪਲੇਅਰਸ ਐਸੋਸੀਏਸ਼ਨ (NZCPA) ਨੇ ਆਈ.ਪੀ.ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਨਿਲਾਮੀ ਦੀ ਬਹੁਤ ਆਲੋਚਨਾ ਕੀਤੀ ਹੈ, ਜੋ ਹਫਤੇ ਦੇ ਅੰਤ 'ਚ ਬੇਂਗਲੁਰੂ 'ਚ ਆਯੋਜਿਤ ਕੀਤੀ ਗਈ ਸੀ। ਕੀਵੀਆਂ ਨੇ ਇਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਮੰਗ ਕੀਤੀ ਹੈ। 27 ਅਤੇ 28 ਜਨਵਰੀ ਨੂੰ ਲੱਗੀ ਬੋਲੀ 'ਚ 169 ਖਿਡਾਰੀ ਵਿਕੇ ਸਨ। ਇਸ ਦੌਰਾਨ 8 ਫ੍ਰੈਂਚਾਈਜ਼ੀਆਂ ਨੇ 431 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ।

(NZCPA) ਦੇ ਚੀਫ ਹੇਥ ਮਿਲਸ ਨੇ ਇਸ ਨਿਲਾਮੀ ਨੂੰ ਜ਼ਾਲਮਾਨਾ, ਅਪਮਾਨਿਤ ਕਰਨ ਵਾਲਾ ਅਤੇ ਖਿਡਾਰੀਆਂ ਦੀ ਰੋਜ਼ੀ-ਰੋਟੀ ਦੇ ਨਾਲ ਖਿਲਵਾੜ ਕਰਨ ਵਾਲਾ ਕਰਾਰ ਦਿੱਤਾ ਹੈ। ਮਿਲਸ ਨੇ ਨਿਊਜ਼ੀਲੈਂਡ ਹੇਰਾਲਡ ਨੂੰ ਦੱਸਿਆ, ''ਮੈਨੂੰ ਲਗਦਾ ਹੈ ਕਿ ਪੂਰੀ ਪ੍ਰਣਾਲੀ ਪੁਰਾਣੀ ਹੈ ਅਤੇ ਉਨ੍ਹਾਂ ਖਿਡਾਰੀਆਂ ਲਈ ਕਾਫੀ ਅਪਮਾਨਜਨਕ ਹੈ, ਜਿਨ੍ਹਾਂ ਨੂੰ ਦੁਨੀਆ ਦੇ ਸਾਹਮਣੇ ਜਾਨਵਰਾਂ ਦੀ ਤਰ੍ਹਾਂ ਪਰੇਡ ਕਰਦੇ ਦਿਖਾਇਆ ਗਿਆ।''

ਮਿਲਸ ਨੇ ਵੇਲਿੰਗਟਨ ਕ੍ਰਿਕਟ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਪੀਟਰ ਕਲਿੰਟਨ ਦੇ ਉਸ ਟਵੀਟ ਦਾ ਸਮਰਥਨ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਲਿਖਿਆ ਹੈ, -''ਆਈ.ਪੀ.ਐੱਲ. ਨਿਲਾਮੀ ਮਰਿਆਦਾ ਰਹਿਤ, ਜ਼ਾਲਮਾਨਾ ਅਤੇ ਗੈਰ ਜ਼ਰੂਰੀ ਰੋਜ਼ਗਾਰ ਪੈਦਾ ਕਰਨ ਦੀ ਪ੍ਰਕਿਰਿਆ ਹੈ। ਇਹ ਹਾਸੋਹੀਣੀ ਮੱਧਕਾਲੀਨ ਪ੍ਰਣਾਲੀ ਅੱਜ ਵੀ ਜ਼ਿੰਦਾ ਹੈ।''

ਮਿਲਸ ਨੇ ਕਿਹਾ ਕਿ ਕਈ ਖਿਡਾਰੀ ਇਸ ਲਈ ਨਿਰਾਸ਼ ਹਨ, ਕਿਉਂਕਿ ਉਹ ਅਜੇ ਵੀ ਆਈ.ਪੀ.ਐੱਲ. ਪ੍ਰਣਾਲੀ ਨੂੰ ਸਮਝ ਨਹੀਂ ਸਕੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਆਖਰ ਇਹ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ। ਉਨ੍ਹਾਂ ਨੇ ਨਿਲਾਮੀ ਪ੍ਰਣਾਲੀ ਨੂੰ ਗਲਤ ਦਸਦੇ ਹੋਏ ਕਿਹਾ ਕਿ ਇਹ ਕਿਤੇ ਵੀ ਪ੍ਰੋਫੈਸ਼ਨਲ ਨਜ਼ਰ ਨਹੀਂ ਆਉਂਦੀ।

ਨਿਲਾਮੀ 'ਚ 59 ਵਿਦੇਸ਼ੀ ਖਿਡਾਰੀ ਖਰੀਦੇ ਗਏ ਹਨ, ਜਿਸ 'ਚੋਂ 7 ਨਿਊਜ਼ੀਲੈਂਡ ਦੇ ਹਨ। ਇਸ ਲਿਸਟ 'ਚ ਬ੍ਰੇਂਡਨ ਮੈਕੁਲਮ (ਚੇਨਈ ਸੁਪਰ ਕਿੰਗਸ), ਕੇਨ ਵਿਲੀਅਮਸਨ (ਸਨਰਾਈਜ਼ਰਸ ਹੈਦਰਾਬਾਦ), ਟ੍ਰੇਂਟ ਬੋਲਟ (ਦਿੱਲੀ ਡੇਅਰਡੇਵਿਲਸ), ਕਾਲਿਨ ਡਿ ਗ੍ਰੈਂਡਹੋਮ (ਰਾਇਲ ਚੈਲੰਜਰ ਬੰਗਲੌਰ), ਕਾਲਿਨ ਮੁਨਰੋ (ਦਿੱਲੀ ਡੇਅਰਡੇਵਿਲਸ), ਟਿਮ ਸਾਊਦੀ (ਰਾਇਲ ਚੈਲੰਜਰ ਬੰਗਲੌਰ) ਅਤੇ ਮਿਚੇਲ ਸੈਂਟਨਰ (ਚੇਨਈ ਸੁਪਰ ਕਿੰਗਸ) ਸ਼ਾਮਲ ਹਨ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬੰਬਈ ਹਾਈ ਕੋਰਟ ਨੇ ਕਿਹਾ ਸੀ ਕਿ ਆਈ.ਪੀ.ਐੱਲ. ਨੇ ਲੋਕਾਂ ਨੂੰ 'ਸੱਟੇਬਾਜ਼ੀ ਅਤੇ ਫਿਕਸਿੰਗ' ਜਿਹੇ ਸ਼ਬਦਾਂ ਤੋਂ ਜਾਣੂ ਕਰਵਾਇਆ ਹੈ ਅਤੇ ਵਿਦੇਸ਼ੀ ਮੁਦਰਾ ਨਿਯਮਾਂ ਦੀ ਕਥਿਤ ਉਲੰਘਣਾਵਾਂ ਨੂੰ ਧਿਆਨ 'ਚ ਰਖਦੇ ਹੋਏ ਹੁਣ ਸਮਾਂ ਆ ਗਿਆ ਹੈ, ਜਦੋਂ ਦੇਖਣਾ ਹੋਵੇਗਾ ਕਿ ਕੀ ਇਹ ਟੂਰਨਾਮੈਂਟ ਕ੍ਰਿਕਟ ਖੇਡ ਦੇ ਹਿੱਤ 'ਚ ਹੈ।


Related News