ਮੈਚ 4 ਗੇਂਦਾਂ ''ਤੇ ਖਤਮ, ਟੀਮ 9 ਦੌੜਾਂ ''ਤੇ ਢੇਰ, 7 ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ

Wednesday, May 03, 2023 - 08:58 PM (IST)

ਮੈਚ 4 ਗੇਂਦਾਂ ''ਤੇ ਖਤਮ, ਟੀਮ 9 ਦੌੜਾਂ ''ਤੇ ਢੇਰ, 7 ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ

ਸਪੋਰਟਸ ਡੈਸਕ : ਕ੍ਰਿਕਟ ਅਨਿਸ਼ਚਿਤਤਾਵਾਂ ਨਾਲ ਭਰੀ ਖੇਡ ਹੈ। ਕਿਹੜੇ ਮੈਚ 'ਚ ਕੀ ਹੋਵੇਗਾ ਕੁਝ ਨਹੀਂ ਕਿਹਾ ਜਾ ਸਕਦਾ। ਜੇਕਰ ਬੱਲੇਬਾਜ਼ਾਂ ਦਾ ਦਿਨ ਹੋਵੇ ਤਾਂ ਗੇਂਦਬਾਜ਼ਾਂ ਦੀ ਹਾਲਤ ਠੀਕ ਨਹੀਂ ਹੁੰਦੀ। ਦੂਜੇ ਪਾਸੇ ਜੇਕਰ ਗੇਂਦਬਾਜ਼ਾਂ ਦਾ ਦਿਨ ਹੋਵੇ ਤਾਂ ਬੱਲੇਬਾਜ਼ ਦੌੜਾਂ ਬਣਾਉਣ ਲਈ ਤਰਸਦੇ ਹਨ। ਅਜਿਹਾ ਹੀ ਇੱਕ ਪਲ ਮਹਿਲਾ ਇੰਟਰਨੈਸ਼ਨਲ ਟੀ-20 ਮੈਚ ਵਿੱਚ ਸਾਹਮਣੇ ਆਇਆ ਜਿੱਥੇ ਬੱਲੇਬਾਜ਼ੀ ਕਰਨ ਵਾਲੀ ਟੀਮ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਅਤੇ ਵਿਰੋਧੀ ਟੀਮ ਨੇ ਸਿਰਫ਼ 4 ਗੇਂਦਾਂ ਵਿੱਚ ਹੀ ਮੈਚ ਜਿੱਤ ਲਿਆ।

ਇਹ ਵੀ ਪੜ੍ਹੋ : ਲਖਨਊ ਨੂੰ ਲੱਗਾ ਵੱਡਾ ਝਟਕਾ, ਕੇਐੱਲ ਰਾਹੁਲ IPL 2023 ਤੋਂ ਹੋਏ ਬਾਹਰ

ਦਰਅਸਲ, SEA ਗੇਮਸ ਬੂਮਰਸ T20 ਕ੍ਰਿਕਟ ਪ੍ਰਤੀਯੋਗਿਤਾ 2023 ਦਾ ਦੂਜਾ ਮੈਚ ਥਾਈਲੈਂਡ ਅਤੇ ਫਿਲੀਪੀਨਜ਼ ਵਿਚਕਾਰ ਦੇਖਣ ਨੂੰ ਮਿਲਿਆ। ਇਸ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਫਿਲੀਪੀਨਜ਼ ਦੀ ਟੀਮ 11.1 ਓਵਰਾਂ 'ਚ ਸਿਰਫ 9 ਦੌੜਾਂ ਹੀ ਬਣਾ ਸਕੀ। ਜਵਾਬ ਵਿੱਚ ਦੂਜੀ ਟੀਮ ਨੇ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਦੇ ਸਿਰਫ਼ 4 ਗੇਂਦਾਂ ਵਿੱਚ 10 ਦੌੜਾਂ ਬਣਾਈਆਂ ਅਤੇ 10 ਵਿਕਟਾਂ ਨਾਲ ਜਿੱਤ ਦਰਜ ਕੀਤੀ। ਫਿਲੀਪੀਨਜ਼ ਵਲੋਂ ਕੋਈ ਵੀ ਬੱਲੇਬਾਜ਼ ਦੋਹਰਾ ਅੰਕੜਾ ਪਾਰ ਨਹੀਂ ਕਰ ਸਕੀ।

ਟੀਮ ਲਈ 4 ਬੱਲੇਬਾਜ਼ਾਂ ਨੇ 2-2 ਦੌੜਾਂ ਬਣਾਈਆਂ, ਜਦਕਿ ਇਕ ਦੌੜ ਵਾਧੂ ਰਹੀ। ਇਸ ਤਰ੍ਹਾਂ ਕੁੱਲ 9 ਸਕੋਰ ਬਣਾਏ ਗਏ। ਥਾਈਲੈਂਡ ਲਈ ਥੀਪਾਚਾ ਪੁਥਾਵੋਂਗ ਨੇ ਸਭ ਤੋਂ ਵੱਧ 4 ਵਿਕਟਾਂ ਹਾਸਲ ਕੀਤੀਆਂ, ਜਦਕਿ ਓਨਿਚਾ ਕਾਮਚੋਮਫੂਕੋ ਨੇ 3 ਵਿਕਟਾਂ ਹਾਸਲ ਕੀਤੀਆਂ। ਉਸ ਤੋਂ ਇਲਾਵਾ ਇੱਕ ਵਿਕਟ ਨਟਾਇਆ ਬੂਚਥਮ ਨੇ ਲਈ।

ਇਹ ਵੀ ਪੜ੍ਹੋ : RCB ਦੇ ਧਾਕੜ ਕ੍ਰਿਕਟਰ ਰਜਤ ਪਾਟੀਦਾਰ ਨੇ ਕਰਵਾਈ ਸਰਜਰੀ, ਅਗਲੇ ਸਾਲ ਹੀ IPL 'ਚ ਆਉਣਗੇ ਨਜ਼ਰ

ਥਾਈਲੈਂਡ ਨੇ ਇਸ ਤਰ੍ਹਾਂ ਖੇਡ ਖਤਮ ਕੀਤੀ

ਆਸਾਨ ਟੀਚੇ ਦਾ ਪਿੱਛਾ ਕਰਦੇ ਹੋਏ ਥਾਈਲੈਂਡ ਕ੍ਰਿਕਟ ਟੀਮ ਨੇ ਐਲੇਕਸ ਸਮਿਥ ਦੇ ਪਹਿਲੇ ਓਵਰ ਦੀਆਂ ਸਿਰਫ 4 ਗੇਂਦਾਂ 'ਚ ਹੀ ਮੈਚ ਜਿੱਤ ਲਿਆ। ਕਪਤਾਨ ਨੰਨਾਪਤ ਕੋਂਚਾਰੋਏਨਕਾਈ ਨੇ 2 ਗੇਂਦਾਂ 'ਚ ਅਜੇਤੂ 3 ਦੌੜਾਂ ਬਣਾਈਆਂ, ਜਦਕਿ ਨਥਾਕਨ ਚਾਂਥਮਨੇ ਨੇ 2 ਗੇਂਦਾਂ 'ਚ ਚੌਕੇ ਦੀ ਮਦਦ ਨਾਲ ਨਾਬਾਦ 6 ਦੌੜਾਂ ਬਣਾਈਆਂ। ਦਿਲਚਸਪ ਤੱਥ ਇਹ ਹੈ ਕਿ ਅੰਤਰਰਾਸ਼ਟਰੀ ਟੀ-20 ਕ੍ਰਿਕਟ ਵਿੱਚ ਫਿਲੀਪੀਨਜ਼ ਵੱਲੋਂ ਬਣਾਏ ਗਏ ਇਹ 9 ਦੌੜਾਂ ਸਭ ਤੋਂ ਘੱਟ ਸਕੋਰ ਨਹੀਂ ਹਨ। ਸਭ ਤੋਂ ਛੋਟਾ ਸਕੋਰ ਬਣਾਉਣ ਦਾ ਰਿਕਾਰਡ ਮਾਲਦੀਵ ਦੇ ਨਾਂ ਹੈ। ਉਹ 2019 ਵਿੱਚ ਬੰਗਲਾਦੇਸ਼ ਅਤੇ ਰਵਾਂਡਾ ਦੇ ਖਿਲਾਫ 6 ਦੌੜਾਂ 'ਤੇ ਆਊਟ ਹੋ ਗਈ ਸੀ, ਜਦੋਂ ਕਿ ਉਸੇ ਸਾਲ ਨੇਪਾਲ ਦੇ ਖਿਲਾਫ ਉਸਦੀ ਪਾਰੀ 8 ਦੌੜਾਂ 'ਤੇ ਖਤਮ ਹੋ ਗਈ ਸੀ। ਇਸ ਤੋਂ ਬਾਅਦ ਤੀਜੇ ਨੰਬਰ 'ਤੇ ਫਿਲੀਪੀਨਜ਼ ਦੀ ਕ੍ਰਿਕਟ ਟੀਮ ਆਉਂਦੀ ਹੈ, ਜਿਸ ਦੀ ਪਾਰੀ 9 ਦੌੜਾਂ 'ਤੇ ਹੀ ਢੇਰ ਹੋ ਗਈ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News