ਅਫਗਾਨਿਸਤਾਨ ਟੀਮ ''ਚ ਦਿਸੀ ਤਜਰਬੇ ਦੀ ਘਾਟ
Friday, Jul 05, 2019 - 08:57 PM (IST)

ਲੰਡਨ— ਅਫਗਾਨਿਸਤਾਨ ਨੇ ਆਈ. ਸੀ. ਸੀ. ਵਿਸ਼ਵ ਕੱਪ ਵਿਚ ਬੇਸ਼ੱਕ ਆਪਣੇ ਸਾਰੇ 9 ਮੈਚ ਹਾਰੇ ਹੋਣ ਪਰ ਇਸ ਟੀਮ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਅਫਗਾਨਿਸਤਾਨ ਦਾ ਪ੍ਰਦਰਸ਼ਨ ਕਈ ਅਰਥਾਂ ਵਿਚ ਸ਼ਲਾਘਾਯੋਗ ਰਿਹਾ ਅਤੇ ਉਸ ਨੇ ਕਈ ਮਜ਼ਬੂਤ ਟੀਮਾਂ ਨੂੰ ਸਖਤ ਟੱਕਰ ਦਿੱਤੀ ਪਰ ਕੌਮਾਂਤਰੀ ਪੱਧਰ 'ਤੇ ਤਜਰਬੇ ਦੀ ਕਮੀ ਉਸ ਦੇ ਅੱਗੇ ਆਈ, ਜਿਸ ਕਾਰਣ ਉਸ ਨੇ ਕੁਝ ਮੈਚ ਜਿੱਤਣ ਦਾ ਮੌਕਾ ਗੁਆਇਆ। ਸਾਬਕਾ ਭਾਰਤੀ ਕ੍ਰਿਕਟਰ ਵੀ. ਵੀ. ਐੱਸ. ਲਕਸ਼ਮਣ ਸਮੇਤ ਕਈ ਕ੍ਰਿਕਟਰਾਂ ਨੇ ਅਫਗਾਨਿਸਤਾਨ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਪਰ ਨਾਲ ਹੀ ਕਿਹਾ ਕਿ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੂੰ ਅਫਗਾਨਿਸਤਾਨ ਨੂੰ ਕੌਮਾਂਤਰੀ ਪੱਧਰ 'ਤੇ ਖੇਡਣ ਦੇ ਵੱਧ ਤੋਂ ਵੱਧ ਮੌਕੇ ਦੇਣੇ ਪੈਣਗੇ।
ਵਿਸ਼ਵ ਕੱਪ 'ਚ ਅਫਗਾਨਿਸਤਾਨ ਦਾ ਸਭ ਤੋਂ ਯਾਦਗਾਰ ਮੈਚ ਭਾਰਤ ਵਿਰੁੱਧ ਰਿਹਾ। ਅਫਗਾਨਿਸਤਾਨ ਨੇ ਭਾਰਤ ਨੂੰ ਆਪਣਾ ਘਰੇਲੂ ਮੈਦਾਨ ਬਣਾ ਰੱਖਿਆ ਹੈ ਤੇ ਉਹ ਭਾਰਤ ਦੇ ਦੇਹਰਾਦੂਨ 'ਚ ਆਪਣੇ ਘਰੇਲੂ ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਸ ਨੇ ਇਕ ਸਮੇਂ ਤਾਂ ਭਾਰਤ ਦੇ ਮੱਥੇ 'ਤੇ ਪਸੀਨੇ ਹੀ ਲਿਆ ਦਿੱਤੇ ਸੀ। ਹਾਲਾਂਕਿ ਭਾਰਤ ਨੇ ਆਪਣੇ ਅਨੁਭਵ ਦੇ ਦਮ 'ਤੇ ਇਹ ਮੁਕਾਬਲਾ 11 ਦੌੜਾਂ ਨਾਲ ਜਿੱਤਿਆ ਸੀ। ਅਫਗਾਨਿਸਤਾਨ ਨੇ ਭਾਰਤ ਨੂੰ 8 ਵਿਕਟ 'ਤੇ 224 ਦੌੜਾਂ 'ਤੇ ਰੋਕਣ ਤੋਂ ਬਾਅਦ 49.5 ਓਵਰ 'ਚ 213 ਦੌੜਾਂ ਬਣਾਈਆਂ ਸਨ।