ਆਈ. ਓ. ਸੀ. ਨੇ ਆਈ. ਬੀ. ਏ. ਨਾਲ ਜੁੜੇ ਰਾਸ਼ਟਰੀ ਮੁੱਕੇਬਾਜ਼ੀ ਸੰਘਾਂ ਦੀ ਮਾਨਤਾ ਰੱਦ ਕਰਨ ਨੂੰ ਕਿਹਾ

Saturday, Oct 05, 2024 - 02:41 PM (IST)

ਨਵੀਂ ਦਿੱਲੀ, (ਭਾਸ਼ਾ)–ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਆਪਣੇ ਮੈਂਬਰ ਦੇਸ਼ਾਂ ਨੂੰ ਮੁਅੱਤਲ ਕੌਮਾਂਤਰੀ ਮੁੱਕੇਬਾਜ਼ੀ ਸੰਘ (ਆਈ. ਬੀ. ਏ.) ਨਾਲ ਸਬੰਧ ਰੱਖਣ ਵਾਲੇ ਰਾਸ਼ਟਰੀ ਸੰਘਾਂ ਦੀ ਮਾਨਤਾ ਖਤਮ ਕਰਨ ਲਈ ਕਿਹਾ ਹੈ, ਜਿਸ ਨਾਲ ਇਨ੍ਹਾਂ ਖੇਡ ਸੰਸਥਾਵਾਂ ਵਿਚਾਲੇ ਚੱਲ ਰਿਹਾ ਵਿਵਾਦ ਹੋਰ ਡੂੰਘਾ ਹੋ ਗਿਆ ਹੈ।

ਆਈ. ਓ. ਸੀ. ਨੇ ਰਾਸ਼ਟਰੀ ਓਲੰਪਿਕ ਕਮੇਟੀਆਂ (ਐੱਨ. ਓ.ਸੀ.) ਨੂੰ 30 ਸਤੰਬਰ ਨੂੰ ਭੇਜੇ ਗਏ ਇਕ ਪੱਤਰ ਵਿਚ ਦੁਹਰਾਇਆ ਹੈ ਕਿ ਜਿਹੜੇ ਰਾਸ਼ਟਰੀ ਮੁੱਕੇਬਾਜ਼ੀ ਸੰਘ ਆਈ. ਬੀ. ਏ. ਦੇ ਨਾਲ ਸਬੰਧ ਖਤਮ ਨਹੀਂ ਕਰਨਗੇ, ਉਨ੍ਹਾਂ ਨੂੰ 2028 ਵਿਚ ਲਾਸ ਏਂਜਲਸ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਹਿੱਸਾ ਨਹੀਂ ਲੈਣ ਦਿੱਤਾ ਜਾਵੇਗਾ। ਆਈ. ਓ. ਸੀ. ਨੇ ਆਪਣੇ ਪੱਤਰ ਵਿਚ ਕਿਹਾ,‘‘ਐੱਨ. ਓ. ਸੀ. ਹੁਣ ਉਨ੍ਹਾਂ ਰਾਸ਼ਟਰੀ ਮੁੱਕੇਬਾਜ਼ੀ ਸੰਘਾਂ ਨਾਲ ਸਬੰਧ ਜਾਂ ਟਰਾਂਸਫਰ ਸਬੰਧ ਨਹੀਂ ਬਣਾਈ ਰੱਖੇਗਾ ਜਿਹੜੇ ਅਜੇ ਵੀ ਆਈ. ਬੀ. ਏ. ਨਾਲ ਸਬੰਧਤ ਹੈ।’’

ਪੱਤਰ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਮੁੱਕੇਬਾਜ਼ ਜਿਸ ਦਾ ਰਾਸ਼ਟਰੀ ਸੰਘ ਆਈ. ਬੀ. ਏ. ਨਾਲ ਸਬੰਧ ਰੱਖਦਾ ਹੈ, ਉਹ ਲਾਸ ਏਂਜਲਸ ਓਲੰਪਿਕ ਖੇਡਾਂ ਵਿਚ ਹਿੱਸਾ ਨਹੀਂ ਲੈ ਸਕੇਗਾ। ਸਬੰਧਤ ਐੱਨ. ਓ. ਸੀ. ਨੂੰ ਅਜਿਹੇ ਰਾਸ਼ਟਰੀ ਮੁੱਕੇਬਾਜ਼ੀ ਸੰਘ ਦੀ ਮੈਂਬਰਸ਼ਿਪ ਰੱਦ ਕਰਨੀ ਪਵੇਗੀ।’’ ਆਈ. ਓ. ਸੀ. ਨੇ ਮਈ ਵਿਚ ਵੀ ਇਸ ਤਰ੍ਹਾਂ ਦਾ ਇਕ ਨਿਰਦੇਸ਼ ਜਾਰੀ ਕੀਤਾ ਸੀ।

ਏਸ਼ੀਆਈ ਮੁੱਕੇਬਾਜ਼ੀ ਸੰਘ (ਏ. ਐੱਸ. ਬੀ. ਸੀ.) ਨੇ ਕੁਝ ਹਫਤੇ ਪਹਿਲਾਂ ਆਈ. ਬੀ. ਏ. ਤੋਂ ਵੱਖ ਹੋ ਕੇ ਵਰਲਡ ਬਾਕਸਿੰਗ ਵਿਚ ਸ਼ਾਮਲ ਹੋਣ ਵਿਰੁੱਧ ਵੋਟਿੰਗ ਕੀਤੀ ਸੀ। ਇਸ ਤੋਂ ਬਾਅਦ ਹੁਣ ਵਿਸ਼ਵ ਦੀ ਸਰਵਉੱਚ ਖੇਡ ਸੰਸਥਾ ਨੇ ਨਵੇਂ ਸਿਰੇ ਤੋਂ ਨਿਰਦੇਸ਼ ਜਾਰੀ ਕੀਤੇ ਹਨ। ਵਰਲਡ ਬਾਕਸਿੰਗ ਨੂੰ ਆਈ. ਓ. ਸੀ. ਦਾ ਸਮਰਥਨ ਪ੍ਰਾਪਤ ਹੈ। ਭਾਰਤ ਵੀ ਇਸ ਸਾਲ ਦੀ ਸ਼ੁਰੂਆਤ ਵਿਚ ਵਰਲਡ ਬਾਕਸਿੰਗ ਵਿਚ ਸ਼ਾਮਲ ਹੋ ਗਿਆ ਸੀ ਪਰ ਉਸ ਨੇ ਇਹ ਵੀ ਕਿਹਾ ਕਿ ਉਹ ਆਪਣੀ ਆਈ. ਬੀ. ਮੈਂਬਰਸ਼ਿਪ ਛੱਡੇ ਬਿਨਾਂ ਅਜਿਹਾ ਕਰ ਰਿਹਾ ਹੈ। ਉਸ ਦੇ ਇਸ ਕਦਮ ਦੀ ਆਈ. ਬੀ. ਏ. ਨੇ ਆਲੋਚਨਾ ਕੀਤੀ ਤੇ ਕਿਹਾ ਸੀ ਕਿ ਉਹ 2 ਕਿਸ਼ਤੀਆਂ ਵਿਚ ਸਵਾਰ ਨਹੀਂ ਹੋ ਸਕਦਾ। ਇਸ ਮਾਮਲੇ ਵਿਚ ਅਜੇ ਤਕ ਕੋਈ ਸਪੱਸ਼ਟਤਾ ਸਾਹਮਣੇ ਨਹੀਂ ਆਈ ਹੈ। ਆਈ. ਬੀ. ਏ. ਨੇ ਆਈ. ਓ. ਸੀ. ਦੇ ਨਵੇਂ ਨਿਰਦੇਸ਼ ’ਤੇ ਸਖਤ ਪ੍ਰਤੀਕਿਰਿਆ ਜਤਾਉਂਦੇ ਹੋਏ ਇਸ ਨੂੰ ਅਪਮਾਨਜਨਕ ਸਿਆਸੀ ਖੇਡ ਦਾ ਸਬੂਤ ਤੇ ਸੰਘਾਂ ਦੀ ਆਜ਼ਾਦੀ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਦੱਸਿਆ।
 


Tarsem Singh

Content Editor

Related News