ਕੋਵਿਡ ਦੇ ਝਟਕੇ ਤੋਂ ਦੁਨੀਆ ਦੀ ਨੰਬਰ ਵਨ ਜੂਨੀਅਰ ਬੈਡਮਿੰਟਨ ਖਿਡਾਰਨ ਤਕ : ਤਨਵੀ ਦੀ ਪ੍ਰੇਰਣਾਦਾਇਕ ਕਹਾਣੀ
Monday, Jul 07, 2025 - 04:45 PM (IST)

ਸਪੋਰਟਸ ਡੈਸਕ- ਹੁਸ਼ਿਆਰਪੁਰ ਦੀ 16 ਸਾਲਾ ਤਨਵੀ ਸ਼ਰਮਾ ਨੇ ਆਪਣੇ ਜਜ਼ਬੇ, ਲਗਨ ਅਤੇ ਦ੍ਰਿੜ੍ਹ ਇਰਾਦਿਆਂ ਨਾਲ ਇਤਿਹਾਸ ਰਚ ਦਿੱਤਾ ਹੈ। ਤਨਵੀ ਹਾਲ ਹੀ 'ਚ US ਓਪਨ 2025 ਦੇ ਫਾਈਨਲ 'ਚ ਪਹੁੰਚਣ ਵਾਲੀ ਭਾਰਤ ਦੀ ਸਭ ਤੋਂ ਨੌਜਵਾਨ ਬੈਡਮਿੰਟਨ ਖਿਡਾਰੀ ਬਣੀ ਹੈ। ਇਹ ਕੇਵਲ ਇਕ ਸਫਲਤਾ ਨਹੀਂ, ਸਗੋਂ ਦਿਖਾਉਂਦਾ ਹੈ ਕਿ ਜੇ ਹੋਂਸਲਾ ਹੋਵੇ ਤਾਂ ਕੋਈ ਵੀ ਰਾਹ ਔਖਾ ਨਹੀਂ ਹੁੰਦਾ।
ਤਨਵੀ ਇਸ ਵੇਲੇ ਦੁਨੀਆ ਦੀ ਨੰਬਰ-1 ਜੂਨੀਅਰ ਬੈਡਮਿੰਟਨ ਖਿਡਾਰੀ ਹੈ, ਪਰ ਇੱਥੇ ਤੱਕ ਪਹੁੰਚਣ ਦੀ ਕਹਾਣੀ ਆਸਾਨ ਨਹੀਂ ਰਹੀ। ਕੋਵਿਡ ਦੌਰਾਨ ਪਰਿਵਾਰ ਦੀ ਆਰਥਿਕ ਹਾਲਤ ਹਿਲ ਗਈ ਅਤੇ ਉਸਨੂੰ ਆਪਣੀ ਬੈਡਮਿੰਟਨ ਟਰੇਨਿੰਗ ਛੱਡ ਕੇ ਵਾਪਸ ਹੋਸ਼ਿਆਰਪੁਰ ਆਉਣਾ ਪਿਆ। ਪਰ ਤਨਵੀ ਨੇ ਹਾਰ ਨਹੀਂ ਮੰਨੀ। ਉਹ ਕਹਿੰਦੀ ਹੈ, “ਕੁਝ ਵੀ ਹੋ ਜਾਵੇ, ਬਸ ਕੰਮ ਕਰਨਾ ਹੈ”, ਇਹੀ ਉਸਦਾ ਮੰਤਰ ਬਣ ਗਿਆ।
ਤਨਵੀ ਨੂੰ ਹੈਦਰਾਬਾਦ 'ਚ ਗੋਪੀਚੰਦ ਕੋਲ ਟ੍ਰੇਨਿੰਗ ਲਈ ਭੇਜਣ ਦਾ ਫੈਸਲਾ ਪਰਿਵਾਰ ਲਈ ਵੱਡਾ ਚੁਣੌਤੀਪੂਰਨ ਰਿਹਾ, ਕਿਉਂਕਿ ਇਕ ਮੱਧ ਵਰਗੇ ਪਰਿਵਾਰ ਲਈ ਵੱਡੇ ਸ਼ਹਿਰ ਵਿੱਚ ਰਹਿਣਾ ਆਸਾਨ ਨਹੀਂ। ਤਨਵੀ ਦੱਸਦੀ ਹੈ ਕਿ ਕੋਵਿਡ ਦੌਰਾਨ ਉਹ 11 ਸਾਲ ਦੀ ਸੀ, ਪਰ ਘਰ ਆ ਕੇ ਆਪਣੇ ਫਿੱਟਨੈੱਸ ਤੇ ਧਿਆਨ ਦਿੱਤਾ।
ਤਨਵੀ ਦੀ ਪ੍ਰੇਰਣਾ ਦੇ ਪੱਧਰ ਤੇ ਉਨ੍ਹਾਂ ਨੇ ਕਿਹਾ ਕਿ ਉਹ ਪੀ.ਵੀ. ਸਿੰਧੂ ਅਤੇ ਸਾਈਨਾ ਨੇਹਵਾਲ ਤੋਂ ਬਹੁਤ ਕੁਝ ਸਿੱਖ ਚੁੱਕੀ ਹੈ। “ਮੈਂ aggression ਸਿੰਧੂ ਦੀਦੀ ਤੋਂ ਅਤੇ ਸ਼ਾਂਤੀ ਨਾਲ ਖੇਡਣਾ ਸਾਈਨਾ ਦੀਦੀ ਤੋਂ ਸਿੱਖਿਆ। ਪਰ ਮੇਰੀ ਸਭ ਤੋਂ ਵੱਡੀ ਰੋਲ ਮਾਡਲ ਮੇਰੀ ਮਾਂ ਹੈ, ਜਿਸਨੇ ਸਾਡੀ ਖ਼ਾਤਿਰ ਸਭ ਕੁਝ ਵਾਰ ਦਿੱਤਾ।”
ਤਨਵੀ ਲਈ ਸਿੰਧੂ ਅਤੇ ਸਾਈਨਾ ਨਾਲ ਕੋਰਟ ਸਾਂਝੀ ਕਰਨਾ ਇਕ ਸੁਪਨਾ ਸੀ ਜੋ ਪੂਰਾ ਹੋ ਗਿਆ। 8 ਸਾਲ ਦੀ ਉਮਰ 'ਚ ਸਾਈਨਾ ਨਾਲ ਖੇਡਣ ਅਤੇ ਪੀ. ਵੀ. ਸਿੰਧੂ ਨਾਲ ਏਸ਼ੀਅਨ ਬੈਡਮਿੰਟਨ ਵਿੱਚ ਸੋਨਾ ਜਿੱਤਣ ਦੇ ਪਲ ਉਹ ਕਦੇ ਨਹੀਂ ਭੁੱਲੇਗੀ।
ਹੁਣ ਤਨਵੀ ਕੋਰੀਅਨ ਕੋਚ ਪਾਰਕ ਤੇ ਸੰਗ ਅਧੀਨ ਟਰੇਨਿੰਗ ਕਰ ਰਹੀ ਹੈ ਅਤੇ ਅਕਤੂਬਰ ਵਿੱਚ ਹੋਣ ਵਾਲੀ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਹੀ ਹੈ। ਉਸਦਾ ਟੀਚਾ ਸਿਧਾ ਹੈ – ਭਾਰਤ ਲਈ ਓਲੰਪਿਕ ਗੋਲਡ ਜਿੱਤਣਾ।
ਤਨਵੀ ਨੌਜਵਾਨਾਂ ਨੂੰ ਸੰਦੇਸ਼ ਦਿੰਦੀ ਹੈ:
"ਕਦੇ ਵੀ ਮਿਹਨਤ ਨੂੰ ਨਾ ਛੱਡੋ। ਅਨੁਸ਼ਾਸਨ ਅਤੇ ਦ੍ਰਿੜ੍ਹਤਾ ਨਾਲ ਹਰ ਸੁਪਨਾ ਹਕੀਕਤ ਬਣ ਸਕਦਾ ਹੈ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8