ਭਾਰਤੀ ਮਹਿਲਾ ਟੀ-20 ਟੀਮ ਨੇ ਪਿਛਲੇ ਤਿੰਨ ਸਾਲ ’ਚ ਕੋਈ ਸੁਧਾਰ ਨਹੀਂ ਕੀਤਾ : ਮਿਤਾਲੀ
Wednesday, Oct 16, 2024 - 02:52 PM (IST)

ਨਵੀਂ ਦਿੱਲੀ, (ਭਾਸ਼ਾ)– ਭਾਰਤ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਮੰਗਲਵਾਰ ਨੂੰ ਮਹਿਲਾ ਟੀ-20 ਵਿਸ਼ਵ ਕੱਪ ਵਿਚ ਰਾਸ਼ਟਰੀ ਟੀਮ ਦੇ ਖਰਾਬ ਪ੍ਰਦਰਸ਼ਨ ਲਈ ਪਿਛਲੇ ਤਿੰਨ ਸਾਲਾਂ ਦੇ ਵੱਖ-ਵੱਖ ਵਿਭਾਗਾਂ ਵਿਚ ਸੁਧਾਰ ਕਰਨ ਵਿਚ ਅਸਫਲ ਰਹਿਣ ਲਈ ਜ਼ਿੰਮੇਵਾਰੀ ਠਹਿਰਾਇਆ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿਚ ਇਹ ਪਹਿਲੀ ਵਾਰ ਹੈ ਕਿ ਭਾਰਤ ਆਈ. ਸੀ. ਸੀ. ਦੇ ਕਿਸੇ ਟੂਰਨਾਮੈਂਟ ਦੇ ਨਾਕਆਊਟ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਿਹਾ। ਇਸ ਨਾਲ ਟੀਮ ਦਾ ਵਿਸ਼ਵ ਕੱਪ ਖਿਤਾਬ ਜਿੱਤਣ ਦਾ ਇੰਤਜ਼ਾਰ ਹੋਰ ਵੱਧ ਗਿਆ। ਇਸਦੇ ਨਾਲ ਹੀ ਕਪਤਾਨ ਦੇ ਰੂਪ ਵਿਚ ਉਸਦੇ ਭਵਿੱਖ ’ਤੇ ਗੰਭੀਰ ਸਵਾਲੀਆ ਨਿਸ਼ਾਨ ਲੱਗ ਗਏ।
ਮਿਤਾਲੀ ਨੇ ਕਿਹਾ ਕਿ ਟੀਮ ਦੇ ਪਤਨ ਦਾ ਕਾਰਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਹਾਲਾਤ ਵਿਚ ਜਲਦੀ ਤਾਲਮੇਲ ਬਿਠਾਉਣ ਵਿਚ ਅਸਫਲ ਰਹਿਣ ਦੇ ਨਾਲ ਬੱਲੇਬਾਜ਼ੀ ਵਿਚ ਸਪੱਸ਼ਟਤਾ ਦੀ ਕਮੀ ਹੋਰ ਖਰਾਬ ਫੀਲਡਿੰਗ ਸੀ।ਭਾਰਤ ਦੀ ਸਾਬਕਾ ਕਪਤਾਨ ਮਿਤਾਲੀ ਨੇ ਕਿਹਾ ਕਿ ਆਸਟ੍ਰੇਲੀਆ ਵਿਰੁੱਧ ਮਿਲੀ ਹਾਰ ਨੇ ਇਸ ਗੱਲ ਨੂੰ ਸਾਬਤ ਕੀਤਾ ਕਿ ਇਸ ਟੀਮ ਨੇ ਪਿਛਲੇ ਤਿੰਨ ਸਾਲਾਂ ਵਿਚ ਕੋਈ ਸੁਧਾਰ ਨਹੀਂ ਕੀਤਾ।
ਉਸ ਨੇ ਕਿਹਾ, ‘‘ਮੈਂ ਜੇਕਰ ਆਸਟ੍ਰੇਲੀਆ ਵਿਰੁੱਧ ਮੈਚ ਦੀ ਗੱਲ ਕਰਾਂ ਤਾਂ ਇਹ ਜਿੱਤਣ ਲਾਇਕ ਮੈਚ ਸੀ। ਸਾਡੇ ਕੋਲ ਮੌਕੇ ਸੀ ਪਰ ਅਜਿਹਾ ਲੱਗ ਰਿਹਾ ਸੀ ਕਿ ਅਸੀਂ ਆਸਟ੍ਰੇਲੀਆ ਵਿਰੁੱਧ ਉਸੇ ਨੀਤੀ ਦੀ ਪਾਲਣ ਕਰ ਰਹੇ ਹਾਂ, ਜਿਸ ਵਿਚ ਮੈਚ ਨੂੰ ਆਖਰੀ ਓਵਰਾਂ ਤੱਕ ਲਿਜਾ ਕੇ ਹਾਰ ਦਾ ਸਾਹਮਣਾ ਕਰਨਾ ਸ਼ਾਮਲ ਹੈ। ਇਹ ਰਣਨੀਤੀ ਕਾਰਗਾਰ ਨਹੀਂ ਹੈ।’’