ਅਗਲੇ ਸਾਲ ਇੰਗਲੈਂਡ ਜਾਵੇਗੀ ਭਾਰਤੀ ਟੀਮ, 5 ਟੈਸਟ ਮੈਚਾਂ ਦੀ ਸੀਰੀਜ਼ ਦਾ ਐਲਾਨ
Wednesday, Nov 18, 2020 - 08:56 PM (IST)
ਨਵੀਂ ਦਿੱਲੀ- ਭਾਰਤ ਅਤੇ ਇੰਗਲੈਂਡ ਵਿਚਾਲੇ ਅਗਲੇ ਸਾਲ 4 ਅਗਸਤ ਤੋਂ 5 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਇਸ ਦੌਰੇ ਦੀ ਬੁੱਧਵਾਰ ਨੂੰ ਪੁਸ਼ਟੀ ਕੀਤੀ। ਈ. ਸੀ. ਬੀ. ਨੇ ਸੀ. ਈ. ਓ. ਟਾਮ ਹੈਰਿਸਨ ਵਲੋਂ ਜਾਰੀ ਬਿਆਨ ਅਨੁਸਾਰ ਭਾਰਤੀ ਟੀਮ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਅਗਲੇ ਸਾਲ ਇੰਗਲੈਂਡ ਦਾ ਦੌਰਾ ਕਰੇਗੀ। ਈ. ਸੀ. ਬੀ. ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਟ੍ਰੇਂਟ ਬ੍ਰਿਜ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੀ ਮੇਜ਼ਬਾਨੀ ਕਰੇਗੀ, ਜਦਕਿ ਲਾਰਡਸ 'ਚ 12 ਅਗਸਤ ਤੋਂ ਦੂਜਾ ਟੈਸਟ ਮੈਚ ਖੇਡਿਆ ਜਾਵੇਗਾ।
ਸੀਰੀਜ਼ ਦਾ ਤੀਜਾ ਟੈਸਟ ਮੈਚ 25 ਅਗਸਤਤੋਂ ਹੇਡਿੰਗਲੇ 'ਚ ਜਦਕਿ ਚੌਥਾ ਟੈਸਟ 2 ਸਤੰਬਰ ਤੋਂ ਓਵਲ 'ਚ ਹੋਵੇਗਾ। 5ਵਾਂ ਆਖਰੀ ਟੈਸਟ ਮੈਚ ਮਾਨਚੈਸਟਰ ਦੇ ਓਲਡ ਟ੍ਰੈਫਰਡ 'ਚ 10 ਸਤੰਬਰ ਤੋਂ ਸ਼ੁਰੂ ਹੋਵੇਗਾ। ਭਾਰਤ ਵਲੋਂ ਮੇਜ਼ਬਾਨੀ ਕਰਨ ਤੋਂ ਪਹਿਲਾਂ ਇੰਗਲੈਂਡ ਟੀਮ ਸ੍ਰੀਲੰਕਾ ਤੇ ਪਾਕਿਸਤਾਨ ਵਿਰੁੱਧ ਸੀਮਿਤ ਓਵਰਾਂ ਦੀ ਸੀਰੀਜ਼ ਖੇਡੇਗੀ।
ਇਹ ਵੀ ਪੜ੍ਹੋ : PSL 2020 : ਬਾਬਰ ਆਜ਼ਮ ਦਾ ਧਮਾਕਾ, ਬਣਾਏ ਇਹ ਰਿਕਾਰਡ
ਈ. ਸੀ. ਬੀ. ਦੇ ਸੀ. ਈ. ਓ. ਟਾਮ ਹੈਰਿਸਨ ਨੇ ਇਕ ਬਿਆਨ 'ਚ ਕਿਹਾ ਕਿ ਸਾਨੂੰ ਇਕ ਹੋਰ ਵੱਡੀ ਅੰਤਰਰਾਸ਼ਟਰੀ ਸੀਰੀਜ਼ ਮਿਲੀ ਹੈ ਅਤੇ ਅਗਲੇ ਸਾਲ ਅਸੀਂ ਭਾਰਤ ਦੇ ਵਿਰੁੱਧ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੀ ਮੇਜ਼ਬਾਨੀ ਕਰਾਂਗੇ। ਉਨ੍ਹਾਂ ਨੇ ਨਾਲ ਹੀ ਕਿਹਾ- ਕੋਵਿਡ-19 ਦੇ ਕਾਰਨ ਹੁਣ ਵੀ ਅਨਿਸ਼ਚਿਤਤਾ ਬਰਕਰਾਰ ਹੈ। ਅਸੀਂ ਅਸਲ 'ਚ ਅਗਲੇ ਸਾਲ ਸੁਰੱਖਿਅਤ ਰੂਪ ਨਾਲ ਮੈਦਾਨ 'ਚ ਫੈਂਸ ਦਾ ਸਵਾਗਤ ਕਰਨ ਦੀ ਉਮੀਦ ਕਰਦੇ ਹਾਂ ਤਾਂਕਿ ਉਸ ਅਨੋਖੇ ਤੇ ਰੌਮਾਂਚਕ ਮਾਹੌਲ ਨੂੰ ਇੰਗਲੈਂਡ 'ਚ ਫਿਰ ਤੋਂ ਲਿਆਂਦਾ ਜਾ ਸਕੇ।