ਫਾਰਮ ’ਚ ਚੱਲ ਰਹੇ ਸਾਤਵਿਕ-ਚਿਰਾਗ ਆਲ ਇੰਗਲੈਂਡ ’ਚ ਕਰਨਗੇ ਭਾਰਤ ਦੀ ਅਗਵਾਈ
Tuesday, Mar 12, 2024 - 10:22 AM (IST)
ਬਰਮਿੰਘਮ- ਫ੍ਰੈਂਚ ਓਪਨ ਚੈਂਪੀਅਨ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਅੱਜ ਭਾਵ ਮੰਗਲਵਾਰ ਤੋਂ ਇਥੇ ਸ਼ੁਰੂ ਹੋ ਰਹੀ ਆਲ ਇੰਗਲੈਂਡ ਚੈਂਪੀਅਨਸ਼ਿਪ ’ਚ ਖਿਤਾਬ ਲਈ ਭਾਰਤ ਦਾ 23 ਸਾਲ ਦਾ ਇੰਤਜ਼ਾਰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ। ਭਾਰਤ ਲਈ ਖਿਤਾਬ ਪ੍ਰਕਾਸ਼ ਪਾਦੂਕੋਣ (1980) ਤੇ ਪੁਲੇਲਾ ਗੋਪੀਚੰਦ (2001) ਹੀ ਜਿੱਤ ਸਕੇ ਹਨ ਜਦਕਿ ਸਾਇਨਾ ਨੇਹਵਾਲ (2015) ਤੇ ਲਕਸ਼ੈ ਸੇਨ (2022) ਉਪ ਜੇਤੂ ਰਹੇ। ਆਮ ਤੌਰ ’ਤੇ ਭਾਰਤ ’ਚ ਇਹ ਟੂਰਨਾਮੈਂਟ ਕਾਫੀ ਵੱਕਾਰੀ ਮੰਨਿਆ ਜਾਂਦਾ ਰਿਹਾ ਹੈ ਪਰ ਹੁਣ ਇਹ ਕੌਮਾਂਤਰੀ ਕੈਲੰਡਰ ’ਚ ਚਾਰ ਸੁਪਰ 1000 ਟੂਰਨਾਮੈਂਟਾਂ ’ਚੋਂ ਇਕ ਹੈ।
ਸਾਤਵਿਕ ਤੇ ਚਿਰਾਗ ਨੇ ਪਿਛਲੇ ਸਾਲ ਇੰਡੋਨੇਸ਼ੀਆ ’ਚ ਸੁਪਰ 1000 ਖਿਤਾਬ ਜਿੱਤਿਆ ਸੀ। ਉਥੇ ਹੀ, ਐਤਵਾਰ ਰਾਤ ਨੂੰ ਫ੍ਰੈਂਚ ਓਪਨ ਖਿਤਾਬ ਆਪਣੇ ਨਾਂ ਕੀਤਾ, ਜਿਸ ਨਾਲ ਉਨ੍ਹਾਂ ਤੋਂ ਉਮੀਦਾਂ ਵੱਧ ਗਈਆਂ ਹਨ।
ਏਸ਼ੀਆਈ ਖੇਡ ਚੈਂਪੀਅਨ ਸਾਤਵਿਕ ਤੇ ਚਿਰਾਗ ਨੇ ਇਸ ਸੈਸ਼ਨ ’ਚ ਮਲੇਸ਼ੀਆ ਸੁਪਰ 1000, ਇੰਡੀਆ ਸੁਪਰ 750 ਦੇ ਫਾਈਨਲ ’ਚ ਪ੍ਰਵੇਸ਼ ਕੀਤਾ ਤੇ ਪੈਰਿਸ ’ਚ ਜਿੱਤ ਦਰਜ ਕੀਤੀ। ਪਹਿਲੇ ਦੌਰ ’ਚ ਉਨ੍ਹਾਂ ਦਾ ਸਾਹਮਣਾ ਇਥੇ ਇੰਡੋਨੇਸ਼ੀਆਈ ਦੇ ਮੁਹੰਮਦ ਅਹਿਸਾਨ ਤੇ ਹੇਂਡ੍ਰਾ ਸੇਤਿਯਾਵਾਨ ਨਾਲ ਹੋਵੇਗਾ।