ਭਾਰਤ ਨੂੰ ਐਡੀਲੇਡ ''ਚ 15 ਸਾਲ ਬਾਅਦ ਜਿੱਤ ਦੀ ਉਮੀਦ

12/09/2018 10:28:06 PM

ਐਡੀਲੇਡ— ਪਹਿਲੀ ਪਾਰੀ ਦੇ ਸੈਂਕੜਾਧਾਰੀ ਚੇਤੇਸ਼ਵਰ ਪੁਜਾਰਾ (71) ਅਤੇ ਉਪ-ਕਪਤਾਨ ਅਜਿੰਕਯ ਰਹਾਨੇ (70) ਦੇ ਸ਼ਾਨਦਾਰ ਅਰਧ-ਸੈਂਕੜਿਆਂ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੂੰ ਮੇਜ਼ਬਾਨ ਆਸਟਰੇਲੀਆ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਵਿਚ ਜਿੱਤ ਦੀ ਉਮੀਦ ਦਿਖਾਈ ਦੇਣ ਲੱਗੀ ਹੈ।
ਭਾਰਤ ਨੇ ਮੈਚ ਦੇ ਚੌਥੇ ਦਿਨ ਆਪਣੀ ਦੂਸਰੀ ਪਾਰੀ 'ਚ 307 ਦੌੜਾਂ ਬਣਾਈਆਂ ਅਤੇ ਆਸਟਰੇਲੀਆ ਸਾਹਮਣੇ 323 ਦੌੜਾਂ ਦਾ ਟੀਚਾ ਰੱਖਿਆ। ਇਸ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਨੇ 4 ਵਿਕਟਾਂ ਗੁਆ ਕੇ 104 ਦੌੜਾਂ ਬਣਾ ਲਈਆਂ ਹਨ। ਉਸ ਨੂੰ ਜਿੱਤ ਹਾਸਲ ਕਰਨ ਲਈ ਅਜੇ ਵੀ 219 ਦੌੜਾਂ ਦੀ ਜ਼ਰੂਰਤ ਹੈ, ਜਦਕਿ ਭਾਰਤ ਨੂੰ 4 ਮੈਚਾਂ ਦੀ ਸੀਰੀਜ਼ 'ਚ ਬੜ੍ਹਤ ਬਣਾਉਣ ਲਈ 6 ਵਿਕਟਾਂ ਦੀ ਲੋੜ ਹੈ। 
ਭਾਰਤ ਨੂੰ ਐਡੀਲੇਡ ਮੈਦਾਨ 'ਤੇ ਦੂਸਰੀ ਜਿੱਤ ਦੀ ਉਮੀਦ ਦਿਖਾਈ ਦੇ ਰਹੀ ਹੈ। ਉਸ ਨੂੰ ਇਸ ਮੈਦਾਨ 'ਚ ਇਕੋ-ਇਕ ਜਿੱਤ ਦਸੰਬਰ 2003 ਵਿਚ ਸੌਰਭ ਗਾਂਗੁਲੀ ਦੀ ਅਗਵਾਈ ਹੇਠ ਮਿਲੀ ਸੀ। ਮੁਕਾਬਲਾ ਫਿਲਹਾਲ ਕਾਫੀ ਰੋਮਾਂਚਕ ਹੋ ਚੁੱਕਾ ਹੈ। ਦੋਵਾਂ ਟੀਮਾਂ ਲਈ ਉਮੀਦਾਂ ਬਣੀਆਂ ਹੋਈਆਂ ਹਨ। ਭਾਰਤੀ ਤੇਜ਼ ਗੇਂਦਬਾਜ਼ ਅਤੇ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਆਸਟਰੇਲੀਆਈ ਟੀਮ ਨੂੰ ਲਗਾਤਾਰ ਦਬਾਅ ਵਿਚ ਰੱਖਿਆ। ਅਸ਼ਵਿਨ ਨੇ ਭਾਰਤ ਨੂੰ ਜਲਦ ਹੀ ਪਹਿਲੀ ਸਫਲਤਾ ਦੁਆ ਦਿੱਤੀ, ਜਦੋਂ ਉਸ ਨੇ ਆਰੋਨ ਫਿੰਚ ਨੂੰ ਵਿਕਟਕੀਪਰ ਰਿਸ਼ਭ ਪੰਤ ਹੱਥੋਂ ਕੈਚ ਕਰਾ ਦਿੱਤਾ। ਪੰਤ ਦਾ ਮੈਚ ਦਾ ਇਹ 7ਵਾਂ ਕੈਚ ਸੀ। ਫਿੰਚ ਨੇ 35 ਗੇਂਦਾਂ ਦਾ ਸਾਹਮਣਾ ਕੀਤਾ ਅਤੇ 11 ਦੌੜਾਂ 'ਚ 1 ਚੌਕਾ ਲਾਇਆ।
ਮਾਰਕਸ ਹੈਰਿਸ ਨੂੰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਪੰਤ ਹੱਥੋਂ ਕੈਚ ਕਰਵਾ ਦਿੱਤਾ। ਪੰਤ ਦਾ ਇਹ 8ਵਾਂ ਕੈਚ ਸੀ। ਹੈਰਿਸ ਨੇ 49 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ। ਆਸਟਰੇਲੀਆ ਦੀ ਦੂਸਰੀ ਵਿਕਟ 44 ਦੇ ਸਕੋਰ 'ਤੇ ਡਿਗੀ। ਅਸ਼ਵਿਨ ਨੇ ਉਸਮਾਨ ਖਵਾਜਾ ਨੂੰ ਨਿਪਟਾ ਕੇ ਆਸਟਰੇਲੀਆ ਦਾ ਸਕੋਰ 3 ਵਿਕਟਾਂ 'ਤੇ 60 ਦੌੜਾਂ ਕਰ ਦਿੱਤਾ। ਖਵਾਜਾ ਦੀ ਕੈਚ ਰੋਹਿਤ ਸ਼ਰਮਾ ਨੇ ਲੰਮੀ ਦੌੜ ਲਾਉਣ ਤੋਂ ਬਾਅਦ ਫੜੀ।
ਸ਼ੰਮੀ ਨੇ ਫਿਰ ਪੀਟਰ ਹੈਂਡਸਕੌਂਬ ਨੂੰ ਚੇਤੇਸ਼ਵਰ ਪੁਜਾਰਾ ਹੱਥੋਂ ਕੈਚ ਕਰਾ ਦਿੱਤਾ। ਹੈਂਡਸਕੌਂਬ ਨੇ 40 ਗੇਂਦਾਂ 'ਤੇ 1 ਚੌਕੇ ਦੇ ਸਹਾਰੇ 14 ਦੌੜਾਂ ਬਣਾਈਆਂ। ਆਸਟਰੇਲੀਆ ਦੀ ਚੌਥੀ ਵਿਕਟ 84 ਦੇ ਸਕੋਰ 'ਤੇ ਡਿਗੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 2 ਓਵਰਾਂ ਲਈ ਮੁਰਲੀ ਵਿਜੇ ਨੂੰ ਵੀ ਅਜ਼ਮਾਇਆ ਪਰ ਫਿਰ ਉਹ ਆਪਣੇ ਨਿਯਮਿਤ ਗੇਂਦਬਾਜ਼ਾਂ 'ਤੇ ਪਰਤ ਆਇਆ। 
ਸ਼ਾਨ ਮਾਰਸ਼ ਅਤੇ ਟ੍ਰੇਵਿਸ ਹੈੱਡ ਨੇ ਸੰਘਰਸ਼ ਕਰਦੇ ਹੋਏ ਆਸਟਰੇਲੀਆ ਨੂੰ 100 ਦੇ ਪਾਰ ਪਹੁੰਚਾ ਦਿੱਤਾ। ਸਟੰਪਸ ਦੇ ਸਮੇਂ ਮਾਰਸ਼ 92 ਗੇਂਦਾਂ ਵਿਚ 3 ਚੌਕਿਆਂ ਦੀ ਮਦਦ ਨਾਲ 31 ਅਤੇ ਹੈੱਡ 37 ਗੇਂਦਾਂ ਵਿਚ 1 ਚੌਕੇ ਦੇ ਸਹਾਰੇ 11 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਅਸ਼ਵਿਨ ਨੇ 44 ਦੌੜਾਂ 'ਤੇ 2 ਵਿਕਟਾਂ ਅਤੇ ਸ਼ੰਮੀ ਨੇ 15 ਦੌੜਾਂ 'ਤੇ 2 ਵਿਕਟਾਂ ਲਈਆਂ। 


Related News