ਸਾਬਕਾ ਹਾਕੀ ਕੋਚ ਮਾਰਿਨ ਨੂੰ ਹਾਈ ਕੋਰਟ ਦਾ ਸਖ਼ਤ ਨਿਰਦੇਸ਼, ਮਨਪ੍ਰੀਤ ਖ਼ਿਲਾਫ਼ ਬਿਆਨ ਦੇਣ ਤੋਂ ਰੋਕਿਆ
Thursday, Sep 22, 2022 - 03:50 PM (IST)

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਭਾਰਤੀ ਹਾਕੀ ਟੀਮ ਦੇ ਸਾਬਕਾ ਕੋਚ ਸ਼ੋਰਡ ਮਾਰਿਨ ਨੂੰ ਆਪਣੀ ਕਿਤਾਬ ’ਚ ਪੁਰਸ਼ ਰਾਸ਼ਟਰੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਖਿਲਾਫ ਲਾਏ ਗਏ ਦੋਸ਼ਾਂ ਦੇ ਸਬੰਧ ’ਚ ਬਿਆਨ ਜਾਰੀ ਕਰਨ ਤੋਂ ਰੋਕਦੇ ਹੋਏ ਕਿਹਾ ਕਿ ਪਹਿਲੀ ਨਜ਼ਰ ’ਚ ਇਹ ਮਾਣਹਾਨੀ ਕਰਨ ਵਾਲਾ ਲੱਗਦਾ ਹੈ। ਅਦਾਲਤ ਨੇ ਪ੍ਰਕਾਸ਼ਕ ਹਾਰਪਰ ਕੋਲਿਨਸ ਪਬਲਿਸ਼ਰਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਵਕੀਲ ਦੀ ਦਲੀਲ ’ਤੇ ਵੀ ਗੌਰ ਕੀਤਾ ਕਿ ਮਨਪ੍ਰੀਤ ਵੱਲੋਂ ਦਾਇਰ ਮੁਕੱਦਮੇ ਦੇ ਪੈਂਡਿੰਗ ਰਹਿਣ ਤੱਕ ਉਸ ਦਾ ਇਰਾਦਾ ਕਿਤਾਬ ਦੇ ਵਿਵਾਦ ਵਾਲੇ ਹਿੱਸੇ ਨੂੰ ਪ੍ਰਕਾਸ਼ਿਤ ਕਰਨ ਦਾ ਨਹੀਂ ਹੈ।
ਇਹ ਵੀ ਪੜ੍ਹੋ : ਹਰਮਨਪ੍ਰੀਤ ਅਤੇ ਰੇਣੂਕਾ ਚਮਕੀ, ਭਾਰਤ ਨੇ 23 ਸਾਲਾਂ ਬਾਅਦ ਇੰਗਲੈਂਡ 'ਚ ਜਿੱਤੀ ਵਨਡੇ ਸੀਰੀਜ਼
ਕਿਤਾਬ ਦੇ ਸਬੰਧਤ ਹਿੱਸੇ ਨੂੰ ਪੜ੍ਹਨ ਤੋਂ ਬਾਅਦ ਜਸਟਿਸ ਅਮਿਤ ਬਾਂਸਲ ਨੇ ਕਿਹਾ ਕਿ ਮੇਰੇ ਨਜ਼ਰੀਏ ਨਾਲ ਪਹਿਲੀ ਨਜ਼ਰੇ ਬਿਆਨ ਇਤਰਾਜ਼ਯੋਗ ਅਤੇ ਪਟੀਸ਼ਨਕਰਤਾ (ਮਨਪ੍ਰੀਤ ਸਿੰਘ) ਦੇ ਵੱਕਾਰ ਅਤੇ ਸਾਖ ਨੂੰ ਨੁਕਸਾਨ ਪਹੁੰਚਾਉਣ ਵਾਲਾ ਲੱਗਦਾ ਹੈ। ਅਦਾਲਤ ਨੇ ਕਿਹਾ ਕਿ ਇਹ ਕੇਸ ਬਣਿਆ ਹੈ ਅਤੇ ਇਸ ਦਾ ਸੰਤੁਲਨ ਮਨਪ੍ਰੀਤ ਦੇ ਪੱਖ ’ਚ ਅਤੇ ਮਾਰਿਨ ਦੇ ਖ਼ਿਲਾਫ਼ ਹੈ, ਜਿਸ ਦੀ ਪੁਸਤਕ ‘ਵਿਲ ਪਾਵਰ-ਦਿ ਇਨਸਾਈਡ ਸਟੋਰੀ ਆਫ ਦ ਇਨਕ੍ਰੈਡਿਬਲ ਟਰਨਰਅਰਾਊਂਡ ਇਨ ਇੰਡੀਅਨ ਵੁਮੈਨਸ ਹਾਕੀ’ ਦੀ ਅੱਜ ਘੁੰਡ ਚੁਕਾਈ ਹੋਣੀ ਹੈ। ਅਦਾਲਤ ਨੇ ਕਿਹਾ ਕਿ ਜੇਕਰ ਇਹ ਬਿਆਨ ਜਨਤਕ ਹੁੰਦਾ ਹੈ ਤਾਂ ਇਸ ਨਾਲ ਮਨਪ੍ਰੀਤ ਦੇ ਵੱਕਾਰ ਨੂੰ ਬਹੁਤ ਵੱਡਾ ਘਾਟਾ ਪਵੇਗਾ।
ਇਹ ਵੀ ਪੜ੍ਹੋ : ਸੂਰਯਕੁਮਾਰ ਯਾਦਵ ਨੇ ਬਾਬਰ ਆਜ਼ਮ ਨੂੰ ਪਛਾੜਿਆ, ਟੀ-20 ਕੌਮਾਂਤਰੀ ਰੈਂਕਿੰਗ 'ਚ ਇਸ ਸਥਾਨ 'ਤੇ ਪੁੱਜੇ
ਸੁਣਵਾਈ ਦੀ ਅਗਲੀ ਤਾਰੀਖ 18 ਨਵੰਬਰ ਤੈਅ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਫ਼ੈਸਲਾਕੁੰਨ ਸੁਣਵਾਈ ਦੀ ਅਗਲੀ ਤਾਰੀਖ ਤੱਕ ਬਚਾਅ ਪੱਖ ਨੰਬਰ 2 (ਮਾਰਿਨ) ਨੂੰ ਪਟੀਸ਼ਨਕਰਤਾ ਦੇ ਪ੍ਰਤੀ ਮਾਣਹਾਨੀ ਵਾਲੇ ਖਰੜੇ ਸਬੰਧੀ ਬਿਆਨ, ਇੰਟਰਵਿਊ ਜਾਰੀ ਕਰਨ ਤੋਂ ਰੋਕਿਆ ਜਾਂਦਾ ਹੈ। ਹਾਈ ਕੋਰਟ ਨੇ ਮਨਪ੍ਰੀਤ ਦੇ ਵਕੀਲ ਨੂੰ ਇਕ ਮੀਡੀਆ ਘਰਾਣੇ ਨੂੰ ਪੱਤਰ ਲਿਖ ਕੇ ਉਸ ਖਬਰ ਨੂੰ ਹਟਵਾਉਣ ਦੀ ਮਨਜ਼ੂਰੀ ਵੀ ਦਿੱਤੀ, ਜਿਸ ’ਚ ਮਨਪ੍ਰੀਤ ਖਿਲਾਫ ਮਾਰਿਨ ਦੇ ਦੋਸ਼ਾਂ ਦੀ ਵਿਸਥਾਰਪੂਰਵਕ ਜਾਣਕਾਰੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।