ਬਾਸਿਤ ਤੋਂ ਬਾਅਦ ਇਸ ਸਾਬਕਾ ਕ੍ਰਿਕਟਰ ਦਾ ਦਾਅਵਾ, ਭਾਰਤ ਕਰੇਗਾ ਪਾਕਿ ਨੂੰ ਬਾਹਰ ਕੱਢਣ ਦੀ ਸ਼ਰਾਰਤ
Saturday, Jun 29, 2019 - 02:52 PM (IST)
ਸਪੋਰਟਸ ਡੈਸਕ : ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਦਾ ਲੀਗ ਮੈਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿਚ ਭਾਰਤ ਨੇ ਵਿੰਡੀਜ਼ ਨੂੰ 125 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵੱਲ ਇਕ ਹੋਰ ਕਦਮ ਵਧਾ ਦਿੱਤਾ ਹੈ। ਉੱਥੇ ਹੀ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਸੈਮੀਫਾਈਨਲ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ ਅਜਿਹੇ 'ਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸਿਕੰਦਰ ਬਖਤ ਨੇ ਵਿਵਾਦਪੂਰਨ ਬਿਆਨ ਦਿੱਤਾ ਹੈ। ਉਸਨੇ ਕਿਹਾ ਕਿ ਭਾਰਤ ਵਰਲਡ ਕੱਪ ਵਿਚ ਪਾਕਿ ਨੂੰ ਬਾਹਰ ਕਰਨ ਦੀ ਸ਼ਰਾਰਤ ਕਰ ਸਕਦਾ ਹੈ।

ਦਰਅਸਲ, ਇਕ ਟੀਵੀ ਚੈਨਲ ਡਿਬੇਟ ਵਿਚ ਸਿਕੰਦਰ ਨੇ ਕਿਹਾ ਕਿ ਭਾਰਤ ਸਾਨੂੰ ਵਰਲਡ ਕੱਪ ਵਿਚੋਂ ਹਟਾਉਣ ਲਈ ਜਾਂ ਉਸਨੂੰ ਲੱਗੇਗਾ ਕਿ ਪਾਕਿਸਤਾਨ ਜਿੱਤ ਸਕਦਾ ਹੈ ਤਾਂ ਉਹ ਸ਼ਰਾਰਤ ਕਰ ਸਕਦਾ ਹੈ। ਸਿਕੰਦਰ ਨੇ ਅੱਗੇ ਕਿਹਾ ਕਿ ਟੀਮ ਇੰਡੀਆ ਸੈਮੀਫਾਈਨਲ ਵਿਚ ਪਹੁੰਚ ਜਾਵੇਗੀ ਪਰ ਉਸ ਨੂੰ ਲੱਗੇਗਾ ਕਿ ਪਾਕਿਸਤਾਨ ਵੀ ਪਹੁੰਚ ਸਕਦਾ ਹੈ ਤਾਂ ਉਹ ਆਖਰੀ ਮੈਚ ਵਿਚ ਦੂਜੀ ਟੀਮ ਨੂੰ ਜਿਤਾ ਕੇ ਪਾਕਿਸਤਾਨ ਨੂੰ ਬਾਹਰ ਕਰਨ ਦੀ ਸ਼ਰਾਰਤ ਕਰ ਸਕਦਾ ਹੈ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਬਾਸਿਤ ਅਲੀ ਨੇ ਕਿਹਾ ਸੀ ਕਿ ਭਾਰਤ ਪਾਕਿਸਤਾਨ ਟੀਮ ਨੂੰ ਸੈਮੀਫਾਈਨਲ ਵਿਚ ਨਹੀਂ ਦੇਖਣਾ ਚਾਹੁੰਦਾ ਇਸ ਲਈ ਉਹ ਬੰਗਲਾਦੇਸ਼ ਅਤੇ ਸ਼੍ਰੀਲੰਕਾ ਖਿਲਾਫ ਜਾਣ ਬੁੱਝ ਕੇ ਹਾਰ ਸਕਦਾ ਹੈ। ਬਾਸਿਤ ਨੇ ਕਿਹਾ ਸੀ ਕਿ ਕ੍ਰਿਕਟ ਨੂੰ ਅਨਿਸ਼ਚਿਤਤਾ ਦਾ ਖੇਡ ਨਹੀਂ ਰਿਹਾ, ਸਗੋਂ ਸਭ ਕੁਝ ਫਿਕਸ ਹੁੰਦਾ ਹੈ। ਪਾਕਿਸਤਾਨ ਲਈ 50 ਕੌਮਾਂਤਰੀ ਵਨ ਡੇ ਖੇਡਣ ਵਾਲੇ ਬਾਸਿਤ ਨੇ ਕਿਹਾ ਕਿ 1992 ਵਿਚ ਨਿਊਜ਼ੀਲੈਂਡ ਵੀ ਪਾਕਿਸਤਾਨ ਹੱਥੋਂ ਜਾਣਬੁੱਝ ਕੇ ਹਾਰਿਆ ਸੀ।
