ਫਿਡੇ ਸ਼ਤਰੰਜ ਵਿਸ਼ਵ ਕੱਪ ਫਾਈਨਲ ਦਾ ਪਹਿਲਾ ਮੁਕਾਬਲਾ ਡਰਾਅ
Monday, Sep 30, 2019 - 08:26 PM (IST)

ਕਾਂਤੀ ਮਨਸੀਸਕ (ਰੂਸ) (ਨਿਕਲੇਸ਼ ਜੈਨ)— ਫਿਡੇ ਸ਼ਤਰੰਜ ਵਿਸ਼ਵ ਕੱਪ ਫਾਈਨਲ ਦਾ ਆਗਾਜ਼ ਹੋ ਗਿਆ ਹੈ। 4 ਮੁਕਾਬਲਿਆਂ ਦੇ ਫਾਈਨਲ ਵਿਚ ਚੀਨ ਦੇ ਡਿੰਗ ਲੀਰੇਨ ਤੇ ਅਜਰਬੈਜਾਨ ਦੇ ਤੈਮੂਰ ਰਾਜਦਾਬੋਵ ਵਿਚਾਲੇ ਪਹਿਲਾ ਮੁਕਾਬਲਾ ਡਰਾਅ ਰਿਹਾ ਤੇ ਸਕੋਰ 0.5-0.5 ਰਿਹਾ। ਸਫੈਦ ਮੋਹਰਿਆਂ ਨਾਲ ਰਾਜਦਾਬੋਵ ਨੇ ਖੇਡ ਦੀ ਸ਼ੁਰੂਆਤ ਕਿੰਗ ਪਾਨ ਓਪਨਿੰਗ ਨਾਲ ਕੀਤੀ ਤੇ ਜਲਦ ਹੀ ਖੇਡ ਰਾਏ ਲੋਪੇਜ ਦੇ ਮਾਰਸ਼ਲ ਵੇਰੀਏਸ਼ਨ ਵਿਚ ਪਹੁੰਚ ਗਈ, ਜਿਥੇ ਡਿੰਗ ਨੇ ਚਾਲਾਕੀ ਨਾਲ ਆਪਣੇ ਇਕ ਪਿਆਦੇ ਦੇ ਬਲੀਦਾਨ ਨਾਲ ਮੋਹਰਿਆਂ ਨੂੰ ਸਰਗਰਮ ਕਰ ਲਿਆ ਤੇ ਰਾਜਦਾਬੋਵ ਦੇ ਰਾਜਾ ਦੇ ਉੱਪਰ ਹਮਲਾ ਕਰ ਲਿਆ। ਇਸ ਦੌਰਾਨ ਮੋਹਰਿਆਂ ਦੀ ਅਦਲਾ-ਬਦਲੀ ਵਿਚਾਲੇ ਖੇਡ ਸੰਤੁਲਿਤ ਬਣੀ ਰਹੀ ਤੇ 33 ਚਾਲਾਂ ਤੋਂ ਬਾਅਦ ਬੋਰਡ 'ਤੇ ਦੋਵੇਂ ਪਾਸਿਓਂ ਸਿਰਫ ਹਾਥੀ ਤੇ 2 ਪਿਆਦੇ ਰਹਿ ਜਾਣ ਨਾਲ ਖੇਡ ਡਰਾਅ 'ਤੇ ਖਤਮ ਹੋਈ।