ਰੂਸ ਦਾ ਡੇਨੀਅਲ ਡੁਬੋਵ ਤੇ ਅਮਰੀਕਾ ਦਾ ਨਾਕਾਮੁਰਾ ਵਿਚਾਲੇ ਫਾਈਨਲ
Monday, Jun 01, 2020 - 06:41 PM (IST)

ਨਿਊਬੁਰਗ (ਸਕਾਟਲੈਂਡ (ਨਿਕਲੇਸ਼ ਜੈਨ)– ਲਿੰਡੋਰਸ ਏ. ਬੀ. ਰੈਪਿਡ ਆਨਲਾਈਨ ਸ਼ਤਰੰਜ ਟੂਰਨਾਮੈਂਟ ਦੇ ਹੁਣ ਫਾਈਨਲ ਵਿਚ ਰੂਸ ਦੇ ਡੇਨੀਅਲ ਡੁਬੋਵ ਤੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਵਿਚਾਲੇ ਫਾਈਨਲ ਦਾ ਮੁਕਾਬਲਾ ਖੇਡਿਆ ਜਾਵੇਗਾ। ਰੂਸ ਦੇ ਡੇਨੀਅਲ ਡੁਬੋਵ ਨੇ ਚੀਨ ਦੇ ਡਿੰਗ ਲੀਰੇਨ ਨੂੰ ਬੈਸਟ ਆਫ ਥ੍ਰੀ ਰਾਊਂਡ ਦੇ ਸੈਮੀਫਾਈਨਲ ਮੁਕਾਬਲੇ ਵਿਚ ਪਹਿਲੇ ਦੋ ਰਾਊਂਡਾਂ ਵਿਚ ਲਗਾਤਾਰ 2.5-1.5 ਨਾਲ ਹਰਾਉਂਦੇ ਹੋਏ 2-0 ਨਾਲ ਫਾਈਨਲ ਮੈਚ ਸਕੋਰ ਨਾਲ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਦੂਜੇ ਸੈਮੀਫਾਈਨਲ ਵਿਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਜਿੱਤੀ ਬਾਜ਼ੀ ਹਾਰ ਕੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ। ਉਸਦੇ ਤੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਵਿਚਾਲੇ ਹੋਏ ਬੈਸਟ ਆਫ ਥ੍ਰੀ ਰਾਊਂਡ ਦੇ ਸੈਮੀਫਾਈਨਲ ਵਿਚ ਪਹਿਲੇ ਰਾਊਂਡ ਵਿਚ ਕਾਰਲਸਨ ਨੇ ਨਾਕਾਮੁਰਾ ਨੂੰ 3-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਨਾਲ ਸ਼ੁਰੂਆਤ ਕੀਤੀ ਪਰ ਦੂਜੇ ਰਾਊਂਡ ਵਿਚ ਨਾਕਾਮੁਰਾ ਨੇ 2.5-1.5 ਨਾਲ ਜਿੱਤ ਕੇ ਮੈਚ ਦਾ ਸਕੋਰ 1-1 ਕਰ ਦਿੱਤਾ। ਤੀਜੇ ਰਾਊਂਡ ਵਿਚ ਦੋਵਾਂ ਵਿਚਾਲੇ ਮੁਕਾਬਲਾ 2-2 ’ਤੇ ਰੁਕ ਗਿਆ, ਅਜਿਹੇ ਵਿਚ ਟਾਈਬ੍ਰੇਕ ਮੁਕਾਬਲੇ ਵਿਚ ਕਾਰਲਸਨ ਜਿੱਤ ਵੱਲ ਵਧਦਾ-ਵਧਦਾ ਆਪਣਾ ਹਾਥੀ ਮੁਫਤ ਵਿਚ ਗੁਆ ਬੈਠਾ ਤੇ ਨਾਕਾਮੁਰਾ ਜਿੱਤ ਕੇ ਫਾਈਨਲ ਵਿਚ ਪਹੁੰਚ ਗਿਆ। ਹੁਣ ਫਾਈਨਲ ਮੁਕਾਬਲੇ ਵਿਚ ਵੀ ਬੈਸਟ ਆਫ ਥ੍ਰੀ ਦੇ ਅਨੁਸਾਰ ਮੁਕਾਬਲੇ ਖੇਡੇ ਜਾਣਗੇ।