ਸਾਤਵਿਕ ਤੇ ਚਿਰਾਗ ਦੀ ਜੋੜੀ ਫਾਈਨਲ ’ਚ, ਪ੍ਰਣਯ ਹਾਰਿਆ
Saturday, Jun 17, 2023 - 08:54 PM (IST)
ਜਕਾਰਤਾ, (ਭਾਸ਼ਾ)– ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਤਜਰਬੇਕਾਰ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਸ਼ਨੀਵਾਰ ਨੂੰ ਇੱਥੇ ਇੰਡੋਨੇਸ਼ੀਆ ਓਪਨ ਵਿਸ਼ਵ ਟੂਰ ਸੁਪਰ 1000 ਬੈਡਮਿੰਟਨ ਪ੍ਰਤੀਯੋਗਿਤਾ ਦੇ ਸੈਮੀਫਾਈਨਲ ’ਚ ਕੋਰੀਆ ਦੇ ਮਿਨ ਹੁਯੂਕ ਕਾਂਗ ਤੇ ਸੇਓਂਗ ਜੇ ਸੇਓ ਦੀ ਜੋੜੀ ਨੂੰ ਹਰਾ ਕੇ ਖਿਤਾਬੀ ਮੁਕਾਬਲੇ ਵਿਚ ਆਪਣੀ ਜਗ੍ਹਾ ਪੱਕੀ ਕੀਤੀ ਪਰ ਪੁਰਸ਼ ਸਿੰਗਲਜ਼ ’ਚ ਐੱਚ. ਐੱਸ. ਪ੍ਰਣਯ ਦੀ ਮੁਹਿੰਮ ਸੈਮੀਫਾਈਨਲ ’ਚ ਹਾਰ ਦੇ ਨਾਲ ਖਤਮ ਹੋ ਗਈ।
ਸੱਤਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਸੈਮੀਫਾਈਨਲ ਵਿਚ ਗੈਰ-ਦਰਜਾ ਪ੍ਰਾਪਤ ਕੋਰੀਆਈ ਜੋੜੀ ਵਿਰੁੱਧ ਪਹਿਲੇ ਸੈੱਟ ’ਚ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਸਾਤਵਿਕ ਤੇ ਚਿਰਾਗ ਦੀ ਜੋੜੀ ਨੇ ਇਕ ਘੰਟਾ ਸੱਤ ਮਿੰਟ ਤਕ ਚੱਲੇ ਮੁਕਾਬਲੇ ਨੂੰ 17-21, 21-19, 21-18 ਨਾਲ ਜਿੱਤਿਆ। ਇਨ੍ਹਾਂ ਦੋਵਾਂ ਜੋੜੀਆਂ ਵਿਚਾਲੇ 5 ਮੈਚਾਂ ’ਚ ਸਾਤਵਿਕ ਤੇ ਚਿਰਾਗ ਦੀ ਜੋੜੀ ਦੀ ਇਹ ਤੀਜੀ ਜਿੱਤ ਹੈ। ਵਿਸ਼ਵ ਰੈਂਕਿੰਗ ’ਚ 6ਵੇਂ ਸਥਾਨ ’ਤੇ ਕਾਬਜ਼ ਭਾਰਤੀ ਜੋੜੀ ਪਹਿਲੀ ਵਾਰ ਸੁਪਰ 1000 ਪੱਧਰ ਦੀ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਪਹੁੰਚੀ ਹੈ। ਇਸ ਵਿਚਾਲੇ ਪ੍ਰਣਯ ਚੋਟੀ ਦਰਜਾ ਪ੍ਰਾਪਤ ਵਿਕਟਰ ਐਕਸੇਲਸੇਨ ਵਿਰੁਧ ਆਪਣੀ ਖੇਡ ਦੇ ਪੱਧਰ ਨੂੰ ਉੱਚਾ ਚੁੱਕਣ ਵਿਚ ਅਸਫਲ ਰਿਹਾ। ਡੈੱਨਮਾਰਕ ਦੇ ਖਿਡਾਰੀ ਨੇ ਇਸ ਮੈਚ ਨੂੰ 21-15, 21-15 ਨਾਲ ਜਿੱਤ ਲਿਆ।