ਸੱਟੇਬਾਜ਼ਾਂ ਨੇ ਖਿਡਾਰੀਆਂ ''ਤੇ ਲੁਟਾਏ 2000 ਕਰੋੜ

06/21/2017 9:52:01 PM

ਨਵੀਂ ਦਿੱਲੀ— ਜਦੋਂ ਭਾਰਤ ਲੰਡਨ 'ਚ ਐਤਵਾਰ ਨੂੰ ਕ੍ਰਿਕਟ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਪੁਰਾਣੇ ਵਿਰੋਧੀ ਪਾਕਿਸਤਾਨ ਤੋਂ ਹਾਰ ਗਿਆ ਤਾਂ ਇਸ ਨਾਲ ਨਾ ਸਿਰਫ ਕਰੋੜਾਂ ਲੋਕਾਂ ਦੇ ਦਿਲ ਟੁੱਟੇ ਸਗੋਂ ਸੈਂਕੜੇ ਸੱਟੇਬਾਜ਼ਾਂ ਨੂੰ ਵੀ ਵੱਡਾ ਆਰਥਿਕ ਨੁਕਸਾਨ ਹੋਇਆ। ਇਕ ਅੰਦਾਜ਼ੇ ਮੁਤਾਬਕ 80-90 ਫੀਸਦੀ ਭਾਰਤੀ ਸੱਟੇਬਾਜ਼ਾਂ ਨੇ ਬਲਿਊ ਡ੍ਰੈੱਸ ਵਾਲੇ ਖਿਡਾਰੀਆਂ ਅਰਥਾਤ ਭਾਰਤੀ ਟੀਮ 'ਤੇ ਆਪਣਾ ਪੈਸਾ ਲਾਇਆ ਸੀ। ਕ੍ਰਿਕਟ ਚੈਂਪੀਅਨਸ ਟਰਾਫੀ ਦੇ ਫਾਈਨਲ ਮੈਚ 'ਤੇ 2000 ਤੋਂ 2500 ਕਰੋੜ ਰੁਪਏ ਦਾ ਸੱਟਾ ਲੱਗਾ ਸੀ।
ਭਾਰਤ 'ਚ ਜਿਥੇ ਸਿਰਫ ਘੋੜਸਵਾਰੀ 'ਤੇ ਹੀ ਸੱਟਾ ਲਾਉਣ ਦੀ ਛੋਟ ਹੈ, ਉਥੇ ਹੀ ਕੁਝ ਸੂਬਿਆਂ 'ਚ ਕੈਸੀਨੋ 'ਤੇ ਵੀ ਇਸ ਤਰ੍ਹਾਂ ਦੀ ਛੋਟ ਹੈ। ਸਿੱਕਿਮ ਇਕਲੌਤਾ ਅਜਿਹਾ ਸੂਬਾ ਹੈ, ਜਿਸ ਵਿਚ ਕ੍ਰਿਕਟ ਸਮੇਤ ਕੁਝ ਖੇਡਾਂ 'ਤੇ ਸੱਟੇਬਾਜ਼ੀ ਦੀ ਮਨਜ਼ੂਰੀ ਹੈ। ਇਸ 'ਤੇ ਨਜ਼ਰ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਭਰ ਵਿਚ ਹਜ਼ਾਰਾਂ ਕਰੋੜ ਰੁਪਏ ਕਿਸੇ ਨਾ ਕਿਸੇ ਰੂਪ ਵਿਚ ਦਾਅ 'ਤੇ ਲਾਏ ਗਏ ਸਨ। 
ਸੱਟੇਬਾਜ਼ਾਂ ਨੇ ਦੱਸਿਆ ਕਿ ਭਾਰਤੀ ਟੀਮ 'ਤੇ ਭਾਰਤੀਆਂ ਤੋਂ ਇਲਾਵਾ ਹੋਰਨਾਂ ਦੇਸ਼ਾਂ ਦੇ ਸੱਟੇਬਾਜ਼ਾਂ ਨੇ ਵੀ ਖੂਬ ਪੈਸਾ ਲਾਇਆ ਸੀ ਕਿਉਂਕਿ ਭਾਰਤੀ ਟੀਮ ਨੇ ਚੈਂਪੀਅਨਸ ਟਰਾਫੀ ਦੇ ਪਿਛਲੇ ਮੈਚਾਂ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ ਸੀ।
ਹਾਲਾਂਕਿ ਐਤਵਾਰ ਨੂੰ ਹਾਕੀ ਵਰਲਡ ਲੀਗ ਦੇ ਸੈਮੀਫਾਈਨਲਸ ਮੈਚ ਲਈ ਸੱਟੇਬਾਜ਼ੀ ਦੇ ਬਾਜ਼ਾਰ 'ਚ ਕੋਈ ਖਿਡਾਰੀ ਨਹੀਂ ਸੀ, ਜਿਸ ਵਿਚ ਭਾਰਤ ਨੇ 7-1 ਨਾਲ ਪਾਕਿਸਤਾਨ ਨੂੰ ਹਰਾਇਆ ਸੀ। ਜਦੋਂ ਮੈਚ (ਕ੍ਰਿਕਟ) ਸ਼ੁਰੂ ਹੋਇਆ ਤਾਂ ਭਾਰਤ ਦੇ ਜਿੱਤਣ ਦੀ ਸੰਭਾਵਨਾ ਜ਼ਿਆਦਾ ਸੀ। 
ਦਿੱਲੀ ਦੇ ਇਕ ਸੱਟੇਬਾਜ਼ ਨੇ ਕਿਹਾ ਕਿ ਮੈਚ ਦੌਰਾਨ ਬਲਿਊ ਡ੍ਰੈੱਸ ਵਾਲੀ ਟੀਮ ਦੀ ਜਿੱਤ 'ਤੇ ਸੱਟੇਬਾਜ਼ਾਂ ਨੂੰ 1 ਰੁਪਏ 'ਤੇ 80 ਪੈਸੇ ਦਾ ਲਾਭ ਹੋਣਾ ਸੀ, ਉਥੇ ਹੀ ਪਾਕਿਸਤਾਨ ਲਈ ਇਹ ਰਕਮ ਲੱਗਭਗ 3.40 ਰੁਪਏ ਸੀ। ਸੱਟੇਬਾਜ਼ ਨੇ ਕਿਹਾ ਕਿ ਭਾਰਤੀ ਟੀਮ 'ਤੇ ਦਾਅ ਲਾਉਣ ਵਾਲੇ ਲੱਗਭਗ ਸਾਰੇ ਸੱਟੇਬਾਜ਼ਾਂ ਨੇ ਆਪਣਾ ਪੈਸਾ (ਤਕਰੀਬਨ 2000 ਕਰੋੜ) ਲੁਟਾ ਦਿੱਤਾ। ਮਾਹਿਰਾਂ ਮੁਤਾਬਕ ਸਿਰਫ ਭਾਰਤੀ ਹੀ ਨਹੀਂ ਸਗੋਂ ਕਈ ਕੌਮਾਂਤਰੀ ਪੱਧਰ ਦੇ ਸੱਟੇਬਾਜ਼ਾਂ ਨੇ ਵੀ ਭਾਰਤੀ ਟੀਮ 'ਤੇ ਭਰੋਸਾ ਪ੍ਰਗਟਾਉਂਦਿਆਂ ਪੈਸਾ ਲਾਇਆ ਸੀ ਪਰ ਜਦੋਂ ਭਾਰਤੀ ਟੀਮ ਹਾਰ ਗਈ ਤਾਂ ਸਿਵਾਏ ਪਛਤਾਵੇ ਦੇ ਉਨ੍ਹਾਂ ਨੂੰ ਕੁਝ ਹਾਸਲ ਨਹੀਂ ਹੋਇਆ।


Related News