ਰੋਹਿਤ ਤੇ ਧੋਨੀ ਦੀ ਟੱਕਰ ਨਾਲ ਸ਼ੁਰੂ ਹੋਵੇਗੀ IPL ਦੀ ਜੰਗ
Friday, Sep 18, 2020 - 07:50 PM (IST)
ਆਬੂ ਧਾਬੀ– ਤੂਫਾਨੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਤੇ ਸਰਵਸ੍ਰੇਸ਼ਠ ਫਿਨਿਸ਼ਰ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਵਿਚਾਲੇ ਸ਼ਨੀਵਾਰ ਨੂੰ ਉਦਘਾਟਨੀ ਮੁਕਾਬਲੇ ਵਿਚ ਧਮਾਕੇਦਾਰ ਟੱਕਰ ਦੇ ਨਾਲ ਵਿਦੇਸ਼ੀ ਧਰਤੀ 'ਤੇ ਆਈ. ਪੀ. ਐੱਲ.-13 ਦੀ ਜੰਗ ਸ਼ੁਰੂ ਹੋ ਜਾਵੇਗੀ। ਕੋਰੋਨਾ ਮਹਾਮਾਰੀ ਦੇ ਕਾਰਣ ਆਈ. ਪੀ. ਐੱਲ. ਦਾ ਆਯੋਜਨ ਇਸ ਵਾਰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਤਿੰਨ ਸ਼ਹਿਰਾਂ ਦੁਬਈ, ਸ਼ਾਰਜਾਹ ਤੇ ਆਬੂਧਾਬੀ ਵਿਚ ਹੋ ਰਿਹਾ ਹੈ। ਆਈ. ਪੀ. ਐੱਲ. ਦੇ ਇਤਿਹਾਸ ਵਿਚ ਇਹ ਤੀਜਾ ਮੌਕਾ ਹੈ ਜਦੋਂ ਇਸ ਟੀ-20 ਟੂਰਨਾਮੈਂਟ ਦਾ ਆਯੋਜਨ ਵਿਦੇਸ਼ੀ ਧਰਤੀ 'ਤੇ ਹੋ ਰਿਹਾ ਹੈ। ਟੂਰਨਾਮੈਂਟ ਦਾ ਫਾਈਨਲ 10 ਨਵੰਬਰ ਨੂੰ ਹੋਵੇਗਾ।
ਸਾਬਕਾ ਚੈਂਪੀਅਨ ਮੁੰਬਈ ਤੇ ਸਾਬਕਾ ਉਪ ਜੇਤੂ ਚੇਨਈ ਵਿਚਾਲੇ ਟੂਰਨਾਮੈਂਟ ਦਾ ਮੁਕਾਬਲਾ ਕੁਝ ਬਦਲੇ ਹੋਏ ਮਾਹੌਲ ਵਿਚ ਹੋਵੇਗਾ। ਦੋਵੇਂ ਟੀਮਾਂ ਜਦੋਂ ਪਿਛਲੇ ਸਾਲ ਭਾਰਤ ਵਿਚ ਫਾਈਨਲ ਵਿਚ ਭਿੜੀਆਂ ਸਨ ਤਦ ਧੋਨੀ ਭਾਰਤੀ ਟੀਮ ਦਾ ਮੈਂਬਰ ਸੀ ਤੇ ਉਨ੍ਹਾਂ ਨੂੰ ਆਈ. ਪੀ. ਐੱਲ. ਤੋਂ ਬਾਅਦ ਇੰਗਲੈਂਡ ਵਿਚ ਵਨ ਡੇ ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨੀ ਸੀ ਪਰ ਇਸ ਵਾਰ ਧੋਨੀ ਕੌਮਾਂਤਰੀ ਕ੍ਰਿਕਟ ਤੋਂ ਪੂਰੀ ਤਰ੍ਹਾਂ ਸੰਨਿਆਸ ਲੈਣ ਤੋਂ ਬਾਅਦ ਆਈ. ਪੀ. ਐੱਲ. ਵਿਚ ਉਤਰ ਰਿਹਾ ਹੈ ਤੇ ਉਸ 'ਤੇ ਹੁਣ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਦਾ ਕੋਈ ਦਬਾਅ ਨਹੀਂ ਹੈ।
ਦੂਜੇ ਪਾਸੇ ਰੋਹਿਤ ਦੇਸ਼ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਨਾਲ ਸਨਮਾਨਿਤ ਹੋ ਚੁੱਕਾ ਹੈ। ਦਿਲਚਸਪ ਹੈ ਕਿ ਧੋਨੀ ਨੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਦਿਨ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਜਦਕਿ ਰੋਹਿਤ 29 ਅਗਸਤ ਨੂੰ ਖੇਲ ਰਤਨ ਬਣਿਆ ਸੀ। ਧੋਨੀ ਇਸ ਤੋਂ ਪਹਿਲਾਂ ਖੇਲ ਰਤਨ ਬਣ ਚੁੱਕਾ ਹੈ।
ਦੋਵੇਂ ਟੀਮਾਂ ਨੂੰ ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਕੁਝ ਖਿਡਾਰੀਆਂ ਦੇ ਹਟਣ ਨਾਲ ਝਟਕਾ ਲੱਗਾ ਹੈ। ਪਿਛਲੇ ਸਾਲ ਮੁੰਬਈ ਦੇ ਲਈ ਫਾਈਨਲ ਵਿਚ ਆਖਰੀ ਜੇਤੂ ਓਵਰ ਸੁੱਟਣ ਵਾਲਾ ਸ਼੍ਰੀਲੰਕਾ ਦਾ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨਿੱਜੀ ਕਾਰਣਾਂ ਤੋਂ ਆਈ. ਪੀ. ਐੱਲ. ਤੋਂ ਹਟ ਗਿਆ ਸੀ ਜਦਕਿ ਚੇਨਈ ਦਾ ਤਜਰਬੇਕਾਰ ਬੱਲੇਬਾਜ਼ ਤੇ ਉਪ ਕਪਤਾਨ ਸੁਰੇਸ਼ ਰੈਨਾ ਅਤੇ ਆਫ ਸਪਿਨਰ ਹਰਭਜਨ ਸਿੰਘ ਵੀ ਨਿੱਜੀ ਕਾਰਣਾਂ ਤੋਂ ਆਈ. ਪੀ. ਐੱਲ. ਵਿਚੋਂ ਹਟ ਗਿਆ। ਰੈਨਾ ਤਾਂ ਦੁਬਈ ਪਹੁੰਚਣ ਦੇ ਇਕ ਹਫਤੇ ਬਾਅਦ ਹੀ ਭਾਰਤ ਪਰਤ ਗਿਆ। ਮਲਿੰਗਾ ਤੇ ਹਰਭਜਨ ਤਾਂ ਦੁਬਈ ਪਹੁੰਚੇ ਹੀ ਨਹੀਂ ਸਨ ਤੇ ਉਨ੍ਹਾਂ ਨੇ ਵਤਨ ਤੋਂ ਹੀ ਆਪਣੇ ਹਟਣ ਦੀ ਸੂਚਨਾ ਦੇ ਦਿੱਤੀ ਸੀ। ਚੇਨਈ ਟੀਮ ਦੇ ਦੋ ਖਿਡਾਰੀਆਂ ਸਮੇਤ 13 ਮੈਂਬਰ ਦੁਬਈ ਪਹੁੰਚਣ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਹੋਏ ਸਨ ਤੇ ਉਨ੍ਹਾਂ ਨੂੰ 14 ਦਿਨ ਦੇ ਆਈਸੋਲੇਸ਼ਨ ਵਿਚ ਰੱਖਿਆ ਗਿਆ ਸੀ। ਤੇਜ਼ ਗੇਂਦਬਾਜ਼ ਦੀਪਕ ਚਾਹਰ ਕੋਰੋਨਾ ਤੋਂ ਉੱਭਰ ਕੇ ਟੀਮ ਵਿਚ ਪਰਤ ਚੁੱਕਾ ਹੈ ਜਦਕਿ ਬੱਲੇਬਾਜ਼ ਰਿਤੂਰਾਜ ਗਾਇਕਵਾੜ ਉਦਘਾਟਨੀ ਮੈਚ ਵਿਚ ਨਹੀਂ ਖੇਡ ਸਕੇਗਾ।
ਟੀਮਾਂ ਇਸ ਤਰ੍ਹਾਂ ਹਨ : ਮਹਿੰਦਰ ਸਿੰਘ ਧੋਨੀ, ਇਮਰਾਨ ਤਾਹਿਰ, ਲੂੰਗੀ ਇਨਗਿਡੀ, ਰਿਤੂਰਾਜ ਗਾਇਕਵਾੜ, ਸ਼ੇਨ ਵਾਟਸਨ, ਅੰਬਾਤੀ ਰਾਇਡੂ, ਮੁਰਲੀ ਵਿਜੇ, ਕੇਦਾਰ ਜਾਧਵ, ਰਵਿੰਦਰ ਜਡੇਜਾ, ਦੀਪਕ ਚਾਹਰ, ਪਿਊਸ਼ ਚਾਵਲਾ, ਨਾਰਾਇਣ ਜਗਦੀਸ਼ਨ, ਮਿਸ਼ੇਲ ਸੈਂਟਨਰ, ਕੇ. ਐੱਮ. ਆਸਿਫ, ਸ਼ਾਰਦੁਲ ਠਾਕੁਰ, ਆਰ. ਸਾਈ ਕਿਸ਼ੋਰ, ਫਾਫ ਡੂ ਪਲੇਸਿਸ, ਮੋਨੂ ਕੁਮਾਰ, ਡਵੇਨ ਬ੍ਰਾਵੋ, ਜੋਸ਼ ਹੇਜ਼ਲਵੁਡ, ਸੈਮ ਕਿਊਰਨ, ਕਰਨ ਸ਼ਰਮਾ।
- ਰੋਹਿਤ ਸ਼ਰਮਾ, ਅਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨਕੁਲ ਰਾਏ, ਧਵਲ ਕੁਲਕਰਨੀ, ਹਾਰਦਿਕ ਪੰਡਯਾ, ਇਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜੈਯੰਤ ਜਾਧਵ, ਕਿਰੋਨ ਪੋਲਾਰਡ, ਕਰੁਣਾਲ ਪੰਡਯਾ, ਮਿਸ਼ੇਲ ਮੈਕਲੇਨਘਨ, ਕਵਿੰਟਨ ਡੀ ਕੌਕ, ਰਾਹੁਲ ਚਾਹਰ, ਐੱਸ. ਰੁਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ, ਕ੍ਰਿਸ ਲਿਨ, ਨਾਥਨ ਕਾਲਟ ਨਾਇਲ, ਸੌਰਭ ਤਿਵਾੜੀ, ਮੋਹਸਿਨ ਖਾਨ, ਦਿਗਵਿਜੇ ਦੇਸ਼ਮੁਖ, ਪ੍ਰਿੰਸ ਬਲਵੰਤ ਰਾਏ ਸਿੰਘ, ਜੈਮਸ ਪੇਟਿੰਸਨ।
ਆਈ. ਪੀ.ਐੱਲ. ਦੇ ਰਿਕਾਰਡ
ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਆਈ. ਪੀ. ਐੱਲ. ਤੋਂ ਪਿਛਲੇ ਸੈਸ਼ਨਾਂ ਦੇ ਕੁਝ ਅੰਕੜੇ ਇਸ ਤਰ੍ਹਾਂ ਹਨ-
ਟੀਮ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਨਾਂ ਸਭ ਤੋਂ ਵੱਡਾ ਸਕੋਰ ਬਣਾਉਣਦਾ ਰਿਕਾਰਡ ਹੈ, ਜਿਸ ਨੇ ਪੁਣੇ ਵਾਰੀਅਰਸ ਵਿਰੁੱਧ 2013 ਵਿਚ ਪੰਜ ਵਿਕਟਾਂ 'ਤੇ 263 ਤੇ ਗੁਜਰਾਤ ਲਾਇਨਜ਼ ਖਿਲਾਫ 2016 ਵਿਚ 3 ਵਿਕਟਾਂ 'ਤੇ 248 ਦੌੜਾਂ ਬਣਾਈਆਂ ਸਨ। ਚੇਨਈ ਸੁਪਰ ਕਿੰਗਜ਼ ਨੇ 2010 ਵਿਚ ਰਾਜਸਥਾਨ ਰਾਇਲਜ਼ ਵਿਰੁੱਧ 5 ਵਿਕਟਾਂ 'ਤੇ 246 ਦੌੜਾਂ ਬਣਾਈਆਂ ਸਨ। ਸਭ ਤੋਂ ਘੱਟ ਸਕੋਰ ਦਾ ਰਿਕਾਰਡ ਵੀ ਆਰ. ਸੀ. ਬੀ. ਦੇ ਨਾਂ ਹੈ, ਜਿਹੜੀ 2017 ਵਿਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ 49 ਦੌੜਾਂ 'ਤੇ ਆਊਟ ਹੋ ਗਈ ਸੀ। ਦੂਜੇ ਨੰਬਰ 'ਤੇ ਰਾਇਲਜ਼ ਤੇ ਤੀਜੇ ਨੰਬਰ 'ਤੇ ਦਿੱਲੀ ਡੇਅਰਡੇਵਿਲਜ਼ ਹੈ, ਜਿਹੜੇ ਕ੍ਰਮਵਾਰ ਆਰ. ਸੀ. ਬੀ. ਤੇ ਮੁੰਬਈ ਇੰਡੀਅਨਜ਼ ਵਿਰੁੱਧ 2009 ਤੇ 2017 ਵਿਚ 58 ਤੇ 66 ਦੌੜਾਂ 'ਤੇ ਆਊਟ ਹੋ ਗਈ ਸੀ।