ਨੰਬਰ ਇਕ ਦੇ ਤਾਜ ਲਈ ਕੋਹਲੀ ਅਤੇ ਡਿਵੀਲੀਅਰਸ ਵਿਚਾਲੇ ਜੰਗ ਸ਼ੁਰੂ

10/21/2017 5:01:24 PM

ਨਵੀਂ ਦਿੱਲੀ(ਬਿਊਰੋ)— ਨਿਊਜ਼ੀਲੈਂਡ ਖਿਲਾਫ 3 ਵਨਡੇ ਮੈਚਾਂ ਦੀ ਸੀਰੀਜ਼ 22 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਦੌਰਾਨ ਕਪਤਾਨ ਵਿਰਾਟ ਕੋਹਲੀ ਕੋਲ ਆਪਣੇ ਆਪ ਨੂੰ ਵਨਡੇ ਰੈਂਕਿੰਗ ਵਿਚ ਫਿਰ ਤੋਂ ਨੰਬਰ ਇਕ ਬਣਾਉਣ ਅਤੇ ਭਾਰਤੀ ਟੀਮ ਨੂੰ ਵੀ ਰੈਂਕਿੰਗ ਵਿਚ ਨੰਬਰ ਇੱਕ ਉੱਤੇ ਲਿਜਾਣ ਦਾ ਟੀਚਾ ਰਹੇਗਾ। ਦੱਸ ਦਈਏ ਕਿ ਹਾਲ ਹੀ 'ਚ ਆਈ.ਸੀ.ਸੀ. ਵਲੋਂ ਨਵੀਂ ਵਨਡੇ ਰੈਂਕਿੰਗ ਜਾਰੀ ਕੀਤੀ ਗਈ, ਜਿਸ 'ਚ ਕੋਹਲੀ ਨੂੰ ਪਛਾੜ ਡਿਵੀਲੀਅਰਸ ਨੰਬਰ ਇਕ 'ਤੇ ਪੁੱਜ ਗਿਆ ਹੈ।

ਦੋ ਅੰਕਾਂ ਦਾ ਹੈ ਫ਼ਾਸਲਾ
ਵਿਰਾਟ ਵਨਡੇ ਰੈਂਕਿੰਗ ਵਿਚ ਦੂਜੇ ਨੰਬਰ ਉੱਤੇ ਖਿਸਕ ਗਏ ਹਨ। ਦੱਖਣ ਅਫਰੀਕਾ ਦੇ ਏ.ਬੀ. ਡਿਵੀਲੀਅਰਸ ਹੁਣ 879 ਰੇਟਿੰਗ ਅੰਕਾਂ ਨਾਲ ਵਨਡੇ ਵਿੱਚ ਬੱਲੇਬਾਜਾਂ ਦੀ ਸੂਚੀ ਵਿਚ ਨੰਬਰ ਇਕ 'ਤੇ ਆ ਗਏ ਹਨ। ਵਿਰਾਟ (877) ਦੂਜੇ ਨੰਬਰ ਉੱਤੇ ਖਿਸਕ ਗਏ ਹਨ। ਡਿਵੀਲੀਅਰਸ ਅਤੇ ਵਿਰਾਟ ਵਿਚਾਲੇ ਸਿਰਫ ਦੋ ਅੰਕਾਂ ਦਾ ਫ਼ਾਸਲਾ ਹੈ। ਦੱਖਣ ਅਫਰੀਕਾ ਨੂੰ ਬੰਗਲਾਦੇਸ਼ ਨਾਲ ਅਜੇ ਤੀਜਾ ਵਨਡੇ ਖੇਡਣਾ ਹੈ ਜਦੋਂ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਵਨਡੇ ਦੀ ਸੀਰੀਜ਼ ਸ਼ੁਰੂ ਹੋ ਰਹੀ ਹੈ। ਇਸ ਦੌਰਾਨ ਡਿਵੀਲੀਅਰਸ ਅਤੇ ਵਿਰਾਟ ਵਿਚਾਲੇ ਨੰਬਰ ਇਕ ਦੀ ਜੰਗ ਚੱਲਦੀ ਰਹੇਗੀ।

ਦੋਨਾਂ ਟੀਮਾਂ ਦੀ ਹੈ ਸਮਾਨ ਰੇਟਿੰਗ
ਦੱਖਣ ਅਫਰੀਕਾ ਨੇ ਭਾਰਤ ਨੂੰ ਪਛਾੜ ਕੇ ਨੰਬਰ ਇਕ ਦਾ ਸਥਾਨ ਹਾਸਲ ਕਰ ਲਿਆ ਹੈ। ਦੱਖਣ ਅਫਰੀਕਾ 120 ਰੇਟਿੰਗ ਅੰਕਾਂ ਨਾਲ ਪਹਿਲੇ ਨੰਬਰ ਉੱਤੇ ਆ ਗਿਆ ਹੈ। ਭਾਰਤ ਅਤੇ ਦੱਖਣ ਅਫਰੀਕਾ ਦੇ ਇੱਕ ਸਮਾਨ ਰੇਟਿੰਗ ਅੰਕ ਹੈ ਪਰ ਦਸ਼ਮਲਵ ਬਾਅਦ ਗਿਣਤੀ ਦੇ ਆਧਾਰ 'ਤੇ ਦੱਖਣ ਅਫਰੀਕਾ ਭਾਰਤ ਤੋਂ ਅੱਗੇ ਨਿਕਲ ਗਿਆ ਹੈ। ਭਾਰਤ ਆਪਣੀ ਪਿਛਲੀ 6 ਦੋ-ਪੱਖੀ ਸੀਰੀਜ ਜਿੱਤ ਚੁੱਕਿਆ ਹੈ ਅਤੇ ਹੁਣ ਉਸਦੇ ਨਿਸ਼ਾਨੇ ਉੱਤੇ ਸੱਤਵੀਂ ਸੀਰੀਜ ਹੋਵੇਗੀ।


Related News