ਅਲਬਾਨੀਆ ਦਾ ਖਿਡਾਰੀ ਆਇਆ ਕੋਰੋਨਾ ਦੀ ਲਪੇਟ ''ਚ

Tuesday, Jun 02, 2020 - 05:45 PM (IST)

ਸਪੋਰਟਸ ਡੈਸਕ : ਅਲਬਾਨੀਆ ਦਾ ਇਕ ਖਿਡਾਰੀ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਪਾਇਆ ਗਿਆ ਹੈ ਪਰ ਦੇਸ਼ ਦੇ ਫੁੱਟਬਾਲ ਮਹਾਸੰਘ ਨੇ ਕਿਹਾ ਕਿ ਮਹਾਮਾਰੀ ਵਿਚਾਲੇ ਇਸ ਹਫਤੇ ਜਦੋਂ ਲੀਗ ਦੋਬਾਰਾ ਸ਼ੁਰੂ ਹੋਵੇਗੀ ਤਾਂ ਉਸ ਦਾ ਕਲੱਬ ਪਹਿਲਾਂ ਨਿਰਧਾਰਤ ਪ੍ਰੋਗਰਾਮ ਮੁਤਾਬਕ ਆਪਣੇ ਮੈਚ ਖੇਡੇਗਾ। ਕੇ. ਐੱਫ. ਬਾਈਲਿਸ ਦੇ ਇਸ ਖਿਡਾਰੀ ਦੇ ਨਾਂ ਖੁਲਾਸਾ ਨਹੀਂ ਕੀਤਾ ਗਿਆ ਹੈ। ਅਲਬਾਨੀਆ ਵਿਚ ਮੈਚ ਬੁੱਧਵਾਰ ਤੋਂ ਖਾਲੀ ਸਟੇਡੀਅਮ ਵਿਚ ਦੋਬਾਰਾ ਸ਼ੁਰੂ ਹੋਣਗੇ। ਇਨ੍ਹਾਂ ਮੈਚਾਂ ਦੌਰਾਨ ਯੂਰਪੀ ਫੁੱਟਬਾਲ ਦੀ ਸੰਚਾਲਨ ਸੰਸਥਾ ਯੂ. ਐਫਾ ਨਾਲ ਸਲਾਹ ਮਸ਼ਵਿਰੇ ਨਾਲ ਤਿਆਰ ਮੈਡੀਕਲ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।

ਮਹਾਸੰਘ ਦੇ ਬੁਲਾਰੇ ਐਂਡੀ ਵਰੇਸਾਨੀ ਨੇ ਕਿਹਾ ਕਿ ਚੈਂਪੀਅਨਸ਼ਿਪ ਨੂੰ ਕੋਈ ਖਤਰਾ ਨਹੀਂ ਹੈ ਕਿਉਂਕਿ ਨਿਯਮਾਂ ਮੁਤਾਬਕ ਪਾਜ਼ੇਟਿਵ ਖਿਡਾਰੀ ਨੂੰ 14 ਦਿਨ ਤਕ ਏਕਾਂਤਵਾਸ ਰੱਖਿਆ ਜਾਵੇਗਾ ਅਤੇ ਟੀਮ ਆਪਣੀ ਆਮ ਤਿਆਰੀ ਜਾਰੀ ਰੱਖੇਗੀ। ਦੇਸ਼ ਵਿਚ ਲਾਕਡਾਊਨ ਕਾਰਨ ਮਾਰਚ ਦੇ ਮੱਧ ਵਿਚ ਲੀਗ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਬਾਈਲਿਸ ਦੀ ਟੀਮ ਅੰਕ ਸੂਚੀ ਵਿਚ 7ਵੇਂ ਸਥਾਨ 'ਤੇ ਚੱਲ ਰਹੀ ਹੈ। ਲੀਗ ਦੇ 29 ਜੁਲਾਈ ਤਕ ਖਤਮ ਹੋਣ ਦੀ ਉਮੀਦ ਹੈ ਜਦਕਿ ਅਲਬਾਨੀਆ ਕੱਪ ਦਾ ਫਾਈਨਲ 2 ਅਗਸਤ ਨੂੰ ਹੋਵੇਗਾ।


Ranjit

Content Editor

Related News