IPL 2020: ਤੇਵਤੀਆ ਨੇ ਕੱਢਿਆ ਰਾਸ਼ਿਦ ਖਾਨ ਦਾ ਤੋੜ, ਲਗਾਤਾਰ ਲਗਾਏ ਤਿੰਨ ਚੌਕੇ

Monday, Oct 12, 2020 - 04:30 PM (IST)

IPL 2020: ਤੇਵਤੀਆ ਨੇ ਕੱਢਿਆ ਰਾਸ਼ਿਦ ਖਾਨ ਦਾ ਤੋੜ, ਲਗਾਤਾਰ ਲਗਾਏ ਤਿੰਨ ਚੌਕੇ

ਨਵੀਂ ਦਿੱਲੀ—ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ 'ਚ ਐਤਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਦੇ ਵਿਚਕਾਰ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ ਹੈ। ਰਾਜਸਥਾਨ ਰਾਇਲਜ਼ ਨੇ ਬੇਹੱਦ ਹੀ ਸਖ਼ਤ ਮੁਕਾਬਲੇ 'ਚ ਹੈਦਰਾਬਾਦ ਨੂੰ ਪੰਜ ਵਿਕਟਾਂ ਨਾਲ ਮਾਤ ਦਿੱਤੀ। ਇਸ ਸੀਜ਼ਨ 'ਚ ਪਹਿਲੀ ਵਾਰ ਸਟਾਰ ਸਪਿਨਰ ਰਾਸ਼ਿਦ ਖਾਨ ਆਪਣੀ ਟੀਮ ਨੂੰ ਜਿੱਤ ਦਿਵਾਉਣ 'ਚ ਕਾਮਯਾਬ ਨਹੀਂ ਹੋ ਪਾਏ। 
ਰਾਸ਼ਿਦ ਖਾਨ ਨੇ ਆਪਣੇ ਪਹਿਲੇ ਤਿੰਨ ਓਵਰ 'ਚ ਤਾਂ ਟੀਮ ਦੀ ਉਮੀਦ ਦੇ ਮੁਤਾਬਕ ਗੇਂਦਬਾਜ਼ੀ ਕੀਤੀ। ਰਾਸ਼ਿਦ ਖਾਨ ਨੇ ਆਪਣੇ ਪਹਿਲੇ ਤਿੰਨ ਓਵਰ 'ਚ 11 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਕਪਤਾਨ ਵਾਰਨਰ ਨੂੰ ਅੰਤ 'ਚ ਵੀ ਰਾਸ਼ਿਦ ਖਾਨ ਤੋਂ ਕਮਾਲ ਦੀ ਉਮੀਦ ਸੀ। 
ਆਖਿਰੀ ਤਿੰਨ ਓਵਰ 'ਚ ਰਾਜਸਥਾਨ ਰਾਇਲਜ਼ ਨੂੰ ਜਿੱਤ ਲਈ 36 ਦੌੜਾਂ ਚਾਹੀਦੀਆਂ ਸਨ। ਕਪਤਾਨ ਵਾਰਨਰ ਨੇ ਰਾਸ਼ਿਦ ਖਾਨ 'ਤੇ ਭਰੋਸਾ ਜਤਾਉਂਦੇ ਹੋਏ ਉਨ੍ਹਾਂ ਨੂੰ ਗੇਂਦਬਾਜ਼ੀ ਲਈ ਬੁਲਾਇਆ। ਪਰ ਇਸ ਸੀਜ਼ਨ 'ਚ ਤੂਫਾਨੀ ਬੱਲੇਬਾਜ਼ ਬਣ ਕੇ ਉਭਰੇ ਤੇਵਤੀਆ ਕੁਝ ਹੋਰ ਹੀ ਠਾਨ ਕੇ ਆਏ ਸਨ।
ਰਾਸ਼ਿਦ ਖਾਨ ਦੀ ਪਹਿਲੀ ਗੇਂਦ 'ਤੇ ਪਰਾਗ ਨੇ ਇਕ ਦੌੜ ਲੈ ਕੇ ਤੇਵਤੀਆ ਨੂੰ ਸਟਰਾਈਕ ਦੇ ਦਿੱਤੀ। ਤੇਵਤੀਆ ਨੇ 18ਵੇਂ ਓਵਰ ਦੀ ਦੂਜੀ ਗੇਂਦ 'ਤੇ ਚੌਕਾ ਮਾਰਿਆ। ਤੇਵਤੀਆ ਇਥੇ ਹੀ ਨਹੀਂ ਰੁਕੇ ਅਤੇ ਅਗਲੀ ਗੇਂਦ 'ਤੇ ਵੀ ਉਨ੍ਹਾਂ ਨੇ ਚੌਕਾ ਮਾਰ ਦਿੱਤਾ। ਇਸ ਦੇ ਬਾਅਦ ਤੇਵਤੀਆ ਨੇ 18ਵੇਂ ਓਵਰ ਦੀ ਚੌਥੀ ਗੇਂਦ 'ਤੇ ਵੀ ਚੌਕਾ ਮਾਰ ਕੇ ਰਾਸ਼ਿਦ ਨੂੰ ਚੌਕੇ ਦੀ ਹੈਟਰਿਕ ਲਗਾ ਦਿੱਤੀ। 
ਰਾਸ਼ਿਦ ਖਾਨ ਨੇ ਅਗਲੀਆਂ ਦੋ ਗੇਂਦ 'ਤੇ ਸ਼ਾਨਦਾਰ ਵਾਪਸੀ ਕੀਤੀ। 18ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਕੋਈ ਦੌੜ ਨਹੀਂ ਆਈ ਅਤੇ ਆਖਿਰੀ ਗੇਂਦ 'ਤੇ ਇਕ ਹੀ ਦੌੜ ਆਈ। ਪਰ ਰਾਜਸਥਾਨ ਦੀ ਟੀਮ 18ਵੇਂ ਓਵਰ 'ਚ 14 ਦੌੜਾਂ ਹਾਸਲ ਕਰਨ 'ਚ ਕਾਮਯਾਬ ਰਹੀ। ਅਗਲੇ ਦੋ ਓਵਰ 'ਚ ਰਾਜਸਥਾਨ ਨੇ ਜਿੱਤ ਲਈ ਜ਼ਰੂਰੀ 22 ਦੌੜਾਂ ਬਣਾ ਕੇ ਟੂਰਨਾਮੈਂਟ 'ਚ ਆਪਣੀ ਤੀਜੀ ਜਿੱਤ ਹਾਸਲ ਕਰ ਲਈ। ਰਾਜਸਥਾਨ ਰਾਇਲਜ਼ ਦੇ ਲਈ ਤੇਵਤੀਆ ਨੇ 28 ਗੇਂਦ 'ਚ ਨਾਬਾਦ 45 ਦੌੜਾਂ ਦੀ ਪਾਰੀ ਖੇਡੀ।


author

Aarti dhillon

Content Editor

Related News