ਅਜ਼ਰਬੈਜਾਨ ਦਾ ਤੈਮੂਰ ਬਣਿਆ ਫਿਡੇ ਸ਼ਤਰੰਜ ਵਿਸ਼ਵ ਕੱਪ ਜੇਤੂ

Sunday, Oct 06, 2019 - 10:29 AM (IST)

ਸਪੋਰਟਸ ਡੈਸਕ— ਅਜ਼ਰਬੈਜਾਨ ਦੇ ਤੈਮੂਰ ਰਾਜਦਾਬੋਵ ਨੇ ਫਾਈਨਲ ਟਾਈਬ੍ਰੇਕ 'ਚ ਚੀਨ ਦੇ ਡਿੰਗ ਲੀਰੇਨ ਨੂੰ 6-4 ਨਾਲ ਹਰਾ ਕੇ ਫਿਡੇ ਸ਼ਤਰੰਜ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕਰ ਲਿਆ। ਦੋਵਾਂ ਵਿਚਾਲੇ ਪਹਿਲੇ 4 ਕਲਾਸੀਕਲ ਮੁਕਾਬਲਿਆਂ 'ਚ ਨਤੀਜਾ ਨਹੀਂ ਆਇਆ ਸੀ, ਜਿਥੇ ਪਹਿਲੇ ਤੇ ਚੌਥੇ ਮੈਚ ਵਿਚ ਨਤੀਜਾ ਨਹੀਂ ਨਿਕਲ ਸਕਿਆ ਸੀ ਤੇ ਦੂਜੇ 'ਚ ਡਿੰਗ ਅਤੇ ਤੀਜੇ 'ਚ ਤੈਮੂਰ ਨੇ ਜਿੱਤ ਦਰਜ ਕੀਤੀ ਸੀ ਤੇ ਇਸ ਤਰ੍ਹਾਂ ਨਤੀਜਾ ਡਰਾਅ ਮਤਲਬ ਸਕੋਰ 3-3 ਨਾਲ ਬਰਾਬਰ ਹੋ ਗਿਆ ਸੀ। ਦੂਜੇ ਟਾਈਬ੍ਰੇਕ 'ਚ 10 ਮਿੰਟ ਤੇ 10 ਸੈਕੰਡ ਪ੍ਰਤੀ ਚਾਲ ਦੇ 2 ਮੁਕਾਬਲੇ ਖੇਡੇ ਗਏ। ਇਨ੍ਹਾਂ ਦੋਵਾਂ ਮੁਕਾਬਲਿਆਂ 'ਚ ਤੈਮੂਰ ਬਹੁਤ ਵਧੀਆ ਸਥਿਤੀ 'ਚ ਆ ਗਿਆ ਪਰ ਡਿੰਗ ਦੋਵੇਂ ਵਾਰ ਵਾਪਸੀ ਕਰਨ 'ਚ ਸਫਲ ਰਿਹਾ ਤੇ ਫਿਰ ਦੋਵੇਂ ਮੁਕਾਬਲੇ ਬਰਾਬਰੀ 'ਤੇ ਖਤਮ ਹੋ ਗਏ ਮਤਲਬ ਸਕੋਰ 4-4 ਦਾ ਹੋ ਗਿਆ।

ਤੀਜਾ ਟਾਈਬ੍ਰੇਕ ਅੰਕ ਫੈਸਲਾਕੁੰਨ ਸਾਬਤ ਹੋਇਆ। ਇਸ 'ਚ 5 ਮਿੰਟ ਤੇ 3 ਸੈਕੰਡ ਪ੍ਰਤੀ ਚਾਲ ਦੇ 2 ਮੁਕਾਬਲੇ ਖੇਡੇ ਗਏ। ਲੱਗਭਗ ਹਰ ਟਾਈਬ੍ਰੇਕ 'ਚ ਬਿਹਤਰ ਕਰ ਰਿਹਾ ਤੈਮੂਰ ਇਸ ਵਾਰ ਕਾਫੀ ਤੇਜ਼ ਖੇਡਿਆ। ਪਹਿਲੇ ਮੁਕਾਬਲੇ 'ਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਤੈਮੂਰ ਨੇ ਜਿੱਤ ਦਰਜ ਕਰ ਦਿੱਤੀ ਤੇ 5-4 ਨਾਲ ਅੱਗੇ ਹੋ ਗਿਆ ਤੇ ਦੂਜੇ ਮੁਕਾਬਲੇ ਵਿਚ ਵੀ ਡਿੰਗ ਦੇ ਖਤਰਾ ਲੈਣ ਦੀ ਕੋਸ਼ਿਸ਼ ਵਿਚਾਲੇ ਤੈਮੂਰ ਨੇ ਦੂਜਾ ਮੁਕਾਬਲਾ ਵੀ ਜਿੱਤ ਕੇ 6-4 ਨਾਲ ਫਿਡੇ ਸ਼ਤਰੰਜ ਵਿਸ਼ਵ ਕੱਪ ਫਾਈਨਲ ਜਿੱਤ ਲਿਆ।

ਉਥੇ ਹੀ ਤੀਜੇ ਸਥਾਨ ਲਈ ਹੋਏ ਮੁਕਾਬਲੇ 'ਚ ਫਰਾਂਸ ਦੇ ਮੈਕਸਿਮ ਲਾਗ੍ਰੇਵ ਨੇ ਚੀਨ ਦੇ ਯੂ ਯਾਂਗਯੀ ਨੂੰ ਦੋਵੇਂ ਰੈਪਿਡ ਟਾਈਬ੍ਰੇਕ 'ਚ ਹਰਾ ਕੇ ਸਿੱਧੇ 4-2 ਨਾਲ ਜਿੱਤ ਦਰਜ ਕਰਦਿਆਂ ਤੀਜਾ ਸਥਾਨ ਹਾਸਲ ਕਰ ਲਿਆ।


Related News