ਗਣਤੰਤਰ ਦਿਵਸ ''ਤੇ ਜਿੱਤ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ

01/25/2020 6:19:46 PM

ਆਕਲੈਂਡ : ਭਾਰਤੀ ਟੀਮ ਨੇ ਨਿਊਜ਼ੀਲੈਂਡ ਦੌਰੇ ਵਿਚ ਜੇਤੂ ਸ਼ੁਰੂਆਤ ਨਾਲ ਆਪਣਾ ਮਨੋਬਲ ਮਜ਼ਬੂਤ ਕਰ ਲਿਆ ਹੈ ਤੇ ਟੀਮ ਇੰਡੀਆ ਹੁਣ ਐਤਵਾਰ ਨੂੰ ਗਣਤੰਤਰ ਦਿਵਸ ਦੇ ਦੂਜੇ ਦਿਨ ਟੀ-20 ਮੁਕਾਬਲੇ ਵਿਚ ਜਿੱਤ ਹਾਸਲ ਕਰਨ ਅਤੇ ਪੰਜ ਮੈਚਾਂ ਦੀ ਸੀਰੀਜ਼ ਵਿਚ ਆਪਣੀ ਬੜ੍ਹਤ 2-0 ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟੀਮ ਇੰਡੀਆ ਦੇ ਰੁਝਵੇਂ ਭਰੇ ਪ੍ਰੋਗਰਾਮ ਨੂੰ ਲੈ ਕੇ ਚਿੰਤਾ ਜਤਾਈ ਸੀ ਪਰ ਪਹਿਲਾ ਟੀ-20 ਮੁਕਾਬਲਾ ਜਿੱਤਣ ਤੋਂ ਬਾਅਦ ਉਸ ਨੇ ਕਿਹਾ ਕਿ ਇਹ ਦੇਖਣਾ ਸੁਖਦਾਇਕ ਹੈ ਕਿ ਟੀਮ ਨੇ ਨਿਊਜ਼ੀਲੈਂਡ ਵਿਚ ਪਹੁੰਚਣ ਦੇ 48 ਘੰਟੇ ਬਾਅਦ ਹੀ ਜਿੱਤ ਹਾਸਲ ਕੀਤੀ। ਭਾਰਤ ਦੀ ਆਸਟਰੇਲੀਆ ਵਿਰੁੱਧ 3 ਮੈਚਾਂ ਦੀ ਵਨ ਡੇ ਸੀਰੀਜ਼ 19 ਜਨਵਰੀ ਨੂੰ ਖਤਮ ਹੋਈ ਸੀ ਤੇ ਹੁਣ ਉਸ ਨੂੰ ਨਿਊਜ਼ੀਲੈਂਡ ਵਿਰੁੱਧ ਲਗਾਤਾਰ 5 ਟੀ-20 ਮੈਚ ਖੇਡਣੇ ਹਨ। ਭਾਰਤ ਨੇ ਆਕਲੈਂਡ ਦੇ ਇਸੇ ਮੈਦਾਨ 'ਤੇ ਪਹਿਲੇ ਮੁਕਾਬਲੇ ਵਿਚ ਹਰ ਲਿਹਾਜ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਆਪਣੇ ਟੀ-20 ਇਤਿਹਾਸ ਵਿਚ ਰਿਕਾਰਡ ਚੌਥੀ ਵਾਰ 200 ਤੋਂ ਵੱਧ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਕੇ ਜਿੱਤ ਹਾਸਲ ਕੀਤੀ। ਨਿਊਜ਼ੀਲੈਂਡ ਨੇ ਹਾਲਾਂਕਿ 203 ਦੌੜਾਂ ਦਾ ਮਜ਼ਬੂਤ ਕੋਰ ਬਣਾਇਆ ਪਰ ਭਾਰਤ ਨੇ 19 ਓਵਰਾਂ ਵਿਚ ਹੀ ਮੈਚ ਖਤਮ ਕਰ ਦਿੱਤਾ। ਇਸ ਜਿੱਤ ਵਿਚ ਟੀਮ ਇੰਡੀਆ ਲਈ ਸਭ ਤੋਂ ਹਾਂ-ਪੱਖੀ ਗੱਲ ਇਹ ਰਹੀ ਕਿ ਉਸ ਨੇ 230 ਦੇ ਸਕੋਰ ਵੱਲ ਵੱਧ ਰਹੀ ਕੀਵੀ ਟੀਮ ਨੂੰ 203 ਦੌੜਾਂ ਤਕ ਰੋਕ ਦਿੱਤਾ ਤੇ ਟੀਚੇ ਦਾ ਪਿੱਛਾ ਕਰਦਿਆਂ ਉਸ ਨੇ ਮੈਚ ਨੂੰ ਆਖਰੀ ਓਵਰ ਤਕ ਨਹੀਂ ਜਾਣ ਦਿੱਤਾ। ਭਾਰਤ ਨੇ 6 ਗੇਂਦ ਪਹਿਲਾਂ ਹੀ ਮੈਚ ਖਤਮ ਕਰ ਦਿੱਤਾ। ਸਾਲ 2020 ਟੀ-20 ਵਿਸ਼ਵ ਕੱਪ ਦਾ ਸਾਲ ਹੈ ਤੇ ਭਾਰਤੀ ਟੀਮ ਆਪਣੇ ਸੰਯੋਜਨ ਦਾ ਤਾਲਮੇਲ ਬਿਠਾਉਣ ਵਿਚ ਲੱਗੀ ਹੈ।

PunjabKesari

ਪਹਿਲੇ ਮੈਚ ਦੀ ਜਿੱਤ ਵਿਚ ਭਾਰਤ ਦੀ ਜੇਕਰ ਕੋਈ ਚਿੰਤਾ ਰਹੀ ਤਾਂ ਉਹ ਗੇਂਦਬਾਜੀ ਹੋ ਸਕਦੀ ਹੈ, ਜਿਸ ਨੇ ਮੈਚ ਵਿਚ 200 ਤੋਂ ਵੱਧ ਦੌੜਾਂ ਦੇ ਦਿੱਤੀਆਂ ਪਰ ਨਿਊਜ਼ੀਲੈਂਡ ਦੇ ਮੈਦਾਨ ਛੋਟੇ ਹਨ, ਜਿੱਥੇ ਵੱਡੇ ਸਕੋਰ ਦੀ ਉਮੀਦ ਕੀਤੀ ਜਾ ਸਕਦੀ ਹੈ। ਭਾਰਤੀ ਗੇਂਦਬਾਜ਼ਾਂ ਨੇ ਡੈੱਥ ਓਵਰਾਂ ਵਿਚ ਹਾਲਾਂਕਿ ਚੰਗੀ ਗੇਂਦਬਾਜ਼ੀ ਕੀਤੀ ਤੇ ਮੇਜ਼ਬਾਨ ਟੀਮ ਨੂੰ 220-230 ਦੇ ਸਕੋਰ ਤਕ ਜਾਣ ਤੋਂ ਰੋਕ ਦਿੱਤਾ। ਵਿਰਾਟ ਨੇ ਵੀ ਪਹਿਲੇ ਮੈਚ ਤੋਂ ਬਾਅਦ ਗੇਂਦਬਾਜ਼ਾਂ ਦੀ ਸ਼ਲਾਘਾ ਕੀਤੀ ਸੀ ਕਿ ਉਨ੍ਹਾਂ ਨੇ ਕੀਵੀ ਟੀਮ ਨੂੰ 230 ਤਕ ਨਹੀਂ ਜਾਣ ਦਿੱਤਾ। ਦੂਜਾ ਮੈਚ ਵੀ ਇਸੇ ਮੈਦਾਨ 'ਤੇ ਹੈ ਤੇ ਭਾਰਤੀ ਟੀਮ ਆਪਣੇ ਜੇਤੂ ਰੱਥ ਨੂੰ ਦੂਜੇ ਮੁਕਾਬਲੇ ਵਿਚ ਵੀ ਦੌੜਾਉਣ ਦੀ ਕੋਸ਼ਿਸ਼ ਕਰੇਗੀ ਜਦਕਿ ਮੇਜ਼ਬਾਨ ਟੀਮ ਦੀ ਕੋਸ਼ਿਸ਼ ਵਾਪਸੀ ਕਰਕੇ ਸੀਰੀਜ਼ ਵਿਚ ਬਰਾਬਰੀ ਹਾਸਲ ਕਰਨ ਦੀ ਹੋਵੇਗੀ। ਨਿਊਜ਼ੀਲੈਂਡ ਲਈ ਇਸ ਹਾਰ ਵਿਚ ਵੀ ਚੰਗੀ ਗੱਲ ਇਹ ਰਹੀ ਹੈ ਕਿ ਉਸਦੇ ਕਪਤਾਨ ਕੇਨ ਵਿਲੀਅਮਸਨ ਫਾਰਮ ਵਿਚ ਪਰਤ ਚੁੱਕਾ ਹੈ ਤੇ ਕੇਨ ਸਮੇਤ ਉਸਦੇ ਤਿੰਨ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਬਣਾਏ ਪਰ ਮੇਜ਼ਬਾਨਾਂ ਨੂੰ ਆਪਣੀ ਗੇਂਦਬਾਜ਼ੀ ਦਰੁਸਤ ਕਰਨੀ ਪਵੇਗੀ ਤਾਂ ਕਿ ਉਹ ਭਾਰਤੀ ਬੱਲੇਬਾਜ਼ਾਂ 'ਤੇ ਰੋਕ ਲਾ ਸਕੇ ਤੇ ਨਾਲ ਹੀ ਉਸਦੇ ਬੱਲੇਬਾਜ਼ਾਂ ਨੂੰ ਡੈੱਥ ਓਵਰਾਂ ਵਿਚ ਭਾਰਤੀ ਯਾਰਕਰਮੈਨ ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਤੋਂ ਵੀ ਪਾਰ ਪਾਉਣਾ ਪਵੇਗਾ।
ਇਹ ਤੈਅ ਹੈ ਇਕ ਸੀਰੀਜ਼ ਵਿਚ ਵੱਡੇ ਕਸਕੋਰ ਵਾਲੇ ਮੈਚ ਹੋਣਗੇ ਤੇ ਟੀਮਾਂ ਇਸ ਲਈ ਤਿਆਰ ਰਹਿਣਾ ਪਵੇਗਾ।
 


Related News