ਟੀਮ ਇੰਡੀਆ ਨੇ ਟੈਸਟ ਵਿਚ ਗੁਆਇਆ ਨੰਬਰ-1 ਦਾ ਤਾਜ਼, ਇਹ ਟੀਮ ਪਹੁੰਚੀ ਚੋਟੀ ''ਤੇ
Friday, May 01, 2020 - 02:23 PM (IST)

ਸਪੋਰਟਸ ਡੈਸਕ : ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਟੀਮ ਇੰਡੀਆ ਦਾ ਪਹਿਲਾ ਸਥਾਨ ਖੋਹ ਲਿਆ ਗਿਆ ਹੈ। ਸ਼ੁੱਕਰਵਾਰ ਨੂੰ ਆਈ. ਸੀ. ਸੀ. ਦੀ ਤਾਜ਼ਾ ਜਾਰੀ ਟੈਸਟ ਰੈਂਕਿੰਗ ਵਿਚ ਭਾਰਤ ਨੂੰ ਹਟਾ ਕੇ ਆਸਟਰੇਲੀਆ ਨੰਬਰ-1 ਟੀਮ ਬਣ ਗਈ ਹੈ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਖਿਸਕ ਕੇ ਤੀਜੇ ਸਥਾਨ 'ਤੇ ਆ ਗਈ ਹੈ। ਆਈ. ਸੀ. ਸੀ. ਰੈਂਕਿੰਗ ਨਿਯਮ ਮੁਤਾਬਕ 2016-17 ਦੇ ਰਿਕਾਰਡ ਨੂੰ ਸਾਲਾਨਾ ਅਪਡੇਟ ਵਿਚ ਹਟਾਉਣ ਤੋਂ ਬਾਅਦ ਰੈਂਕਿੰਗ ਵਿਚ ਇਹ ਬਦਲਾਅ ਦੇਖਣ ਨੂੰ ਮਿਲਿਆ ਹੈ। ਅਕਤੂਬਰ 2016 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਟੀਮ ਇੰਡੀਆ ਟੈਸਟ ਰੈਂਕਿੰਗ ਵਿਚ ਪਹਿਲੇ ਸਥਾਨ ਤੋਂ ਹੇਠਾਂ ਖਿਸਕੀ ਹੈ। ਹਾਲਾਂਕਿ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਪੁਆਈਂਟ ਟੇਬਲ ਵਿਚ ਟੀਮ ਇੰਡੀਆ ਅਜੇ ਵੀ ਨੰਬਰ-1 'ਤੇ ਬਣੀ ਹੋਈ ਹੈ। ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਵਿਚ 9 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਸ ਵਿਚ ਸਾਰੀਆਂ ਟੀਮਂ 6 ਟੈਸਟ ਸੀਰੀਜ਼ ਖੇਡਣਗੀਆਂ ਅਤੇ ਇਸ ਤੋਂ ਬਾਅਦ ਪੁਆਈਂਟ ਟੇਬਲ ਦੇ ਆਧਾਰ 'ਤੇ ਚੋਟੀ 2 ਟੀਮਾਂ ਵਿਚਾਲੇ ਲਾਡਸ ਦੇ ਮੈਦਾਨ 'ਤੇ ਫਾਈਨਲ ਟੈਸਟ ਮੈਚ ਖੇਡਿਆ ਜਾਵੇਗਾ।
ਰੈਂਕਿੰਗ ਦੇ ਤਾਜ਼ਾ ਅਪਡੇਟ ਵਿਚ ਮਈ 2019 ਤੋਂ ਖੇਡੇ ਗਏ ਟੈਸਟ ਮੈਚਾਂ ਨੂੰ 100 ਫੀਸਦੀ ਅਤੇ ਉਸ ਤੋਂ ਪਹਿਲਾਂ ਦੇ 2 ਸਾਲਾਂ ਦੇ ਟੈਸਟ ਮੈਚਾਂ ਨੂੰ 50 ਫੀਸਦੀ ਗਿਣਿਆ ਗਿਆ ਹੈ। ਇਸ ਦੇ ਬਾਅਦ ਤੋਂ ਆਸਟਰੇਲੀਆ ਟੈਸਟ ਅਤੇ ਟੀ-20 ਕੌਮਾਂਤਰੀ ਰੈਂਕਿੰਗ ਵਿਚ ਵੀ ਟਾਪ 'ਤੇ ਪਹੁੰਚ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਆਸਟਰੇਲੀਆ ਟੀ-20 ਰੈਂਕਿੰਗ ਵਿਚ ਟਾਪ 'ਤੇ ਪਹੁੰਚਿਆ ਹੈ, ਜਦਿਕ ਇੰਗਲੈਂਡ ਕ੍ਰਿਕਟ ਟੀਮ ਵਨਡੇ ਕੌਮਾਂਤਰੀ ਵਿਚ ਚੋਟੀ 'ਤੇ ਬਣੀ ਹੋਈ ਹੈ। ਆਸਟਰੇਲੀਆ ਦੇ ਖਾਤ ਵਿਚ ਹੁਣ 116 ਅੰਕ, ਨਿਊਜ਼ੀਲੈਂਡ 115 ਅੰਕ ਅਤੇ ਭਾਰਤ 114 ਅੰਕਾਂ ਨਾਲ ਤੀਜੇ ਨੰਬਰ 'ਤੇ ਹੈ।