ਸੁਪਰ ਸਟਾਰ ਕਲਚਰ ਤੋਂ ਅੱਗੇ ਨਹੀਂ ਵੱਧ ਪਾ ਰਹੀ ਟੀਮ ਇੰਡੀਆ : ਹਰਭਜਨ
Tuesday, Jan 07, 2025 - 12:43 PM (IST)
ਨਵੀਂ ਦਿੱਲੀ– ਭਾਰਤ ਦੇ ਸਾਬਕਾ ਸਪਿੰਨਰ ਤੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਬੀ. ਸੀ. ਸੀ. ਆਈ. ਤੋਂ ਟੀਮ ਵਿਚ ‘ਸੁਪਰ ਸਟਾਰ ਕਲਚਰ’ ਖਤਮ ਕਰਨ ਤੇ ਖਿਡਾਰੀਆਂ ਦੀ ਚੋਣ ਸਾਖ ’ਤੇ ਨਹੀਂ ਸਗੋਂ ਪੂਰੀ ਤਰ੍ਹਾਂ ਨਾਲ ਪ੍ਰਦਰਸ਼ਨ ਦੇ ਆਧਾਰ ’ਤੇ ਕਰਨ ਦੀ ਅਪੀਲ ਕੀਤੀ ਹੈ।
ਇਕ ਦਹਾਕੇ ਵਿਚ ਪਹਿਲੀ ਵਾਰ ਭਾਰਤੀ ਟੀਮ ਦੀ ਆਸਟ੍ਰੇਲੀਆ ਵਿਚ ਬਾਰਡਰ-ਗਾਵਸਕਰ ਟਰਾਫੀ ਵਿਚ ਹਾਰ ਤੋਂ ਬਾਅਦ ਹਰਭਜਨ ਸਿੰਘ ਨੇ ਇਹ ਟਿੱਪਣੀ ਕੀਤੀ।
ਉਸ ਨੇ ਕਿਹਾ,‘‘ਟੀਮ ਵਿਚ ਸੁਪਰ ਸਟਾਰ ਦਾ ਕਲਚਰ ਬਣ ਚੱਕਾ ਹੈ। ਸਾਨੂੰ ਸੁਪਰ ਸਟਾਰ ਨਹੀਂ ਚਾਹੀਦੇ, ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਚਾਹੀਦੇ ਹਨ। ਟੀਮ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਹੋਣਗੇ ਤਾਂ ਹੀ ਟੀਮ ਅੱਗੇ ਵਧੇਗੀ। ਜਿਹੜਾ ਵੀ ਸੁਪਰ ਸਟਾਰ ਬਣਨਾ ਚਾਹੁੰਦਾ ਹੈ, ਉਹ ਘਰ ਵਿਚ ਰਹਿ ਕੇ ਇੱਥੇ ਕ੍ਰਿਕਟ ਖੇਡੇ।’’
ਉਸ ਨੇ ਕਿਹਾ,‘‘ਹੁਣ ਇੰਗਲੈਂਡ ਦਾ ਦੌਰਾ ਆਉਣ ਵਾਲਾ ਹੈ। ਹੁਣ ਹਰ ਕੋਈ ਗੱਲ ਕਰਨ ਵਾਲਾ ਹੈ ਕਿ ਉਸ ਵਿਚ ਕੀ ਹੋਵੇਗਾ, ਕੌਣ ਟੀਮ ਵਿਚ ਰਹੇਗਾ ਤੇ ਕੌਣ ਨਹੀਂ। ਮੇਰਾ ਮੰਨਣਾ ਹੈ ਕਿ ਇਹ ਸਿੱਧਾ ਮਸਲਾ ਹੈ। ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਹੀ ਟੀਮ ਵਿਚ ਰਹਿਣੇ ਚਾਹੀਦੇ ਹਨ। ਤੁਸੀਂ ਸਾਖ ਦੇ ਆਧਾਰ ’ਤੇ ਟੀਮ ਨਹੀਂ ਚੁਣ ਸਕਦੇ।’’
ਹਰਭਜਨ ਨੇ ਕਿਹਾ,‘‘ਜੇਕਰ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ ਤਾਂ ਕਪਿਲ ਦੇਵ ਸਰ ਤੇ ਅਨਿਲ ਭਰਾ ਨੂੰ ਵੀ ਲੈ ਲਓ। ਇੱਥੇ ਬੀ. ਸੀ. ਸੀ.ਆਈ. ਚੋਣਕਾਰਾਂ ਨੂੰ ਸਖਤ ਹੋਣਾ ਪਵੇਗਾ। ਸੁਪਰ ਸਟਾਰ ਤੇਵਰਾਂ ਤੋਂ ਟੀਮ ਅੱਗੇ ਨਹੀਂ ਜਾ ਸਕਦੀ।’’