ਸਾਹਮਣੇ ਆਈ ਟੀਮ ਇੰਡੀਆ ਦੀ ਗੁੱਟਬਾਜ਼ੀ, ਕੋਹਲੀ ਨੂੰ ਕਪਤਾਨੀ ਤੋਂ ਹਟਾਉਣ ਦੀ ਹੋਈ ਮੰਗ : ਰਿਪੋਰਟ
Tuesday, Jul 23, 2019 - 12:52 PM (IST)

ਸਪੋਰਟਸ ਡੈਸਕ : ਵਰਲਡ ਕੱਪ ਵਿਚ ਹਾਰ ਤੋਂ ਬਾਅਦ ਟੀਮ ਇੰਡੀਆ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਟੀਮ ਵਿਚ ਫੁੱਟ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਮੀਡੀਆ ਮੁਤਾਬਕ ਟੀਮ ਵਿਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ 2 ਗਰੁਪ ਬਣ ਚੁੱਕੇ ਹਨ। ਰਿਪੋਰਟ ਮੁਤਾਬਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਰਲਡ ਕੱਪ ਵਿਚ ਟੀਮ ਇੰਡੀਆ 2 ਗੁੱਟਾਂ ਵਿਚ ਵੰਡ ਕੇ ਖੇਡੀ ਸੀ। ਪਹਿਲਾ ਗਰੁਪ ਵਿਰਾਟ ਕੋਹਲੀ ਦਾ ਸੀ ਤਾਂ ਦੂਜਾ ਗਰੁਪ ਰੋਹਿਤ ਸ਼ਰਮਾ ਦਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਵਰਲਡ ਕੱਪ ਦੇ ਕਈ ਮੌਕਿਆਂ 'ਤੇ ਰੋਹਿਤ ਨੇ ਕੋਹਲੀ ਦੇ ਫੈਸਲਿਆਂ 'ਤੇ ਨਾਰਾਜ਼ਗੀ ਜਤਾਈ ਸੀ।
ਗਲਤੀਆਂ ਦੀ ਵਜ੍ਹਾ ਨਾਲ ਰੋਹਿਤ-ਵਿਰਾਟ ਵਿਚ ਹੋ ਸਕਦੀ ਹੈ ਅਸਹਿਮਤੀ
ਰਿਪੋਰਟ ਮੁਤਾਬਕ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਵਿਰਾਟ ਕੋਹਲੀ ਦਾ ਮੁਹੰਮਦ ਸ਼ਮੀ ਨੂੰ ਬਾਹਰ ਰੱਖਣ ਦਾ ਫੈਸਲਾ ਰੋਹਿਤ ਅਤੇ ਉਸਦੇ ਗਰੁਪ ਨੂੰ ਰਾਸ ਨਹੀਂ ਆ ਰਿਹਾ ਸੀ। ਕਿਉਂਕਿ ਸ਼ਮੀ ਨੇ ਵਰਲਡ ਕੱਪ ਵਿਚ ਬਹੁਤ ਹੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 4 ਮੈਚਾਂ ਵਿਚ 14 ਵਿਕਟਾਂ ਲਈਆਂ ਸੀ। ਇੰਨਾ ਹੀ ਨਹੀਂ ਰਵਿੰਦਰ ਜਡੇਜਾ ਨੂੰ ਵਰਲਡ ਕੱਪ ਦੇ ਕਈ ਮੈਚਾਂ ਵਿਚ ਬਾਹਰ ਰੱਖਣ ਦੇ ਫੈਸਲੇ 'ਤੇ ਵੀ ਰੋਹਿਤ ਖੁਸ਼ ਨਹੀਂ ਸਨ। ਜਡੇਜਾ ਨੂੰ ਸੈਮੀਫਾਈਨਲ ਵਿਚ ਖੇਡਣ ਦਾ ਮੌਕਾ ਮਿਲਿਆ ਤਾਂ ਉਸਨੇ ਜਬਰਦਸਤ ਪਾਰੀ ਖੇਡੀ।
ਰੋਹਿਤ ਦੇ ਸ਼ਾਨਦਾਰ ਖੇਡ ਨੇ ਵਿਗਾੜਿਆ ਕੋਹਲੀ ਦਾ ਮਾਹੌਲ
ਤੁਹਾਨੂੰ ਦੱਸ ਦਈਏ ਕਿ ਵਰਲਡ ਕੱਪ ਵਿਚ ਰੋਹਿਤ ਸ਼ਰਮਾ ਲਗਾਤਾਰ ਸੈਂਕੜੇ ਲਗਾ ਰਹੇ ਸੀ ਜਿਸ ਨਾਲ ਉਸਦੇ ਗਰੁਪ ਨੂੰ ਮਜ਼ਬੂਤੀ ਮਿਲੀ। ਮੀਡੀਆ ਮੁਤਾਬਕ ਸੈਮੀਫਾਈਨਲ ਵਿਚ ਟੀਮ ਇੰਡੀਆ ਦੇ ਹਾਰਨ ਤੋਂ ਬਾਅਦ ਰੋਹਿਤ ਦੇ ਗਰੁਪ ਦੇ ਖਿਡਾਰੀਆਂ ਨੇ ਵਿਰਾਟ ਨੂੰ ਕਪਤਾਨੀ ਤੋਂ ਹਟਾਉਣ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਵਿਰਾਟ ਕੋਹਲੀ ਹੁਣ ਤੱਕ ਕੋਈ ਵੀ ਆਈ. ਸੀ. ਸੀ. ਟੂਰਨਾਮੈਂਟ ਨਹੀਂ ਜਿਤਾ ਸਕੇ ਹਨ।
ਵਿਰਾਟ ਤੋਂ ਬਿਹਤਰ ਹੈ ਰੋਹਿਤ ਦੀ ਕਪਤਾਨੀ
ਰੋਹਿਤ ਨੇ 15 ਟੀ-20 ਮੈਚਾਂ ਦੀ ਕਪਤਾਨੀ ਕੀਤੀ ਹੈ ਜਿਸ ਵਿਚੋਂ ਭਾਰਤ ਨੇ 12 ਮੈਚਾਂ ਵਿਚ ਜਿੱਤ ਹਾਸਲ ਕੀਤੀ ਅਤੇ 3 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਵਨਡੇ ਵਿਚ ਰੋਹਿਤ ਨੇ 9 ਮੈਚਾਂ ਵਿਚ 8 ਮੈਚ ਭਾਰਤ ਨੂੰ ਜਿਤਾਏ ਹਨ। ਵਿਰਾਟ ਆਪਣੀ ਕਪਤਾਨੀ ਵਿਚ 77 ਵਨ ਡੇ ਮੈਚਾਂ ਵਿਚ 56 ਮੈਚ ਹੀ ਭਾਰਤ ਨੂੰ ਜਿਤਾ ਸਕੇ ਹਨ। ਜੇਕਰ ਗਲ ਕਰੀਏ ਟੀ-20 ਦੀ ਤਾਂ ਕੋਹਲੀ ਦੀ ਕਪਤਾਨੀ ਵਿਚ ਭਾਰਤ 22 ਟੀ-20 ਮੈਚਾਂ ਵਿਚ ਸਿਰਫ 12 ਮੈਚ ਹੀ ਜਿੱਤ ਸਕਿਆ ਹੈ।