ਟੀਮ ਇੰਡੀਆ ਦੀਆਂ ਨਜ਼ਰਾਂ ਅਫਰੀਕੀਆਂ ਦੇ ਸਫਾਏ ''ਤੇ

10/19/2019 2:18:14 AM

ਰਾਂਚੀ- ਭਾਰਤੀ ਟੀਮ ਦੱਖਣੀ ਅਫਰੀਕਾ ਵਿਰੁੱਧ ਰਾਂਚੀ ਦੇ ਮੈਦਾਨ 'ਤੇ ਜਦੋਂ ਤੀਜਾ ਟੈਸਟ ਖੇਡਣ ਉਤਰੇਗੀ ਤਾਂ ਉਸਦੀਆਂ ਨਜ਼ਰਾਂ ਇਸ ਟੈਸਟ ਨੂੰ ਜਿੱਤ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਲਗਾਤਾਰ ਲੀਡ ਬਣਾਈ ਰੱਖਣ 'ਤੇ ਲੱਗੀਆਂ ਹੋਣਗੀਆਂ। ਮੈਚ ਜਿੱਤਣ 'ਤੇ ਟੀਮ ਇੰਡੀਆ ਨੂੰ 40 ਅੰਕ ਮਿਲ ਸਕਦੇ ਹਨ। ਭਾਰਤੀ ਟੀਮ ਦੱਖਣੀ ਅਫਰੀਕਾ 'ਤੇ ਕਲੀਨ ਸਵੀਪ ਵੀ ਕਰ ਸਕਦੀ ਹੈ। ਭਾਰਤ ਨੇ ਪਹਿਲੇ ਦੋ ਟੈਸਟ ਮੈਚਾਂ ਵਿਚ ਦੱਖਣੀ ਅਫਰੀਕਾ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਵਿਸ਼ਾਖਾਪਟਨਮ ਵਿਚ ਖੇਡੇ ਪਹਿਲੇ ਟੈਸਟ ਵਿਚ ਭਾਰਤ 203 ਦੌੜਾਂ ਤੇ ਦੂਜੇ ਟੈਸਟ ਮੈਚ ਵਿਚ ਪਾਰੀ ਤੇ 137 ਦੌੜਾਂ ਨਾਲ ਜਿੱਤਿਆ ਸੀ।
ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਦੇ ਅਜੇ ਚਾਰ ਮੈਚਾਂ 'ਚੋਂ 200 ਅੰਕ ਹਨ ਤੇ ਉਸ ਨੇ ਆਪਣੇ ਨੇੜਲੇ ਵਿਰੋਧੀ ਨਿਊਜ਼ੀਲੈਂਡ ਤੇ ਸ਼੍ਰੀਲੰਕਾ 'ਤੇ 140 ਅੰਕਾਂ ਦੀ ਵੱਡੀ ਬੜ੍ਹਤ ਬਣਾ ਰੱਖੀ ਹੈ। ਕੋਹਲੀ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਆਖਰੀ ਟੈਸਟ ਮੈਚ ਵਿਚ ਵੀ ਕਾਫੀ ਕੁਝ ਦਾਅ 'ਤੇ ਲੱਗਾ ਹੈ ਤੇ ਉਸਦੀ ਟੀਮ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੇਗੀ। ਆਖਰੀ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਵਿਚ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਵਿਚ ਕੋਈ ਖਾਸ ਕਮਜ਼ੋਰੀ ਨਜ਼ਰ ਨਹੀਂ ਆਉਂਦੀ ਹੈ। ਦੱਖਣੀ ਅਫਰੀਕੀ ਕਪਤਾਨ ਫਾਫ ਡੂ ਪਲੇਸਿਸ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਰਾਂਚੀ ਦੀ ਪਿੱਚ ਸਪਿਨਰਾਂ ਦੇ ਅਨੁਕੂਲ ਹੀ ਹੋਵੇਗੀ ਤੇ ਅਜਿਹੇ ਵਿਚ ਕੁਲਦੀਪ ਯਾਦਵ ਦੇ ਰੂਪ ਵਿਚ ਤੀਜਾ ਸਪਿਨਰ ਵੀ ਭਾਰਤ ਦੀ ਆਖਰੀ-11 ਵਿਚ ਜਗ੍ਹਾ ਬਣਾ ਸਕਦਾ ਹੈ।
ਅਜਿਹਾ ਰਹੇਗਾ ਮੌਸਮ—
ਰਾਂਚੀ ਵਿਚ ਸ਼ੁੱਕਰਵਾਰ ਨੂੰ ਮੀਂਹ ਪਿਆ ਸੀ। ਸ਼ਨੀਵਾਰ ਨੂੰ ਵੀ ਤੂਫਾਨ ਦੇ ਨਾਲ ਮੀਂਹ ਆਉਣ ਦੀ ਸੰਭਾਵਨਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਮੀਂਹ ਲਗਾਤਾਰ ਤਿੰਨ ਦਿਨਾਂ ਤਕ ਸਵੇਰ ਦੇ ਸਲਾਟ ਵਿਚ ਦਿਸ ਰਿਹਾ ਹੈ, ਜਦੋਂ ਮੈਚ ਸ਼ਰੂ ਹੋਣਾ ਹੈ। ਫਿਲਹਾਲ ਸ਼ਨੀਵਾਰ ਨੂੰ ਇੱਥੇ ਤਾਪਮਾਨ 27 ਡਿਗਰੀ ਦੇ ਨੇੜੇ-ਤੇੜੇ ਰਹਿਣ ਵਾਲਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਤੇਜ਼ ਹਵਾਵਾਂ ਚੱਲਣ ਕਾਰਣ ਤੇਜ਼ ਗੇਂਦਬਾਜ਼ਾਂ ਨੂੰ ਪਿੱਚ ਤੋਂ ਮਦਦ ਮਿਲਣ ਦੀ ਉਮੀਦ ਹੈ।
ਟੀਮਾਂ ਇਸ ਤਰ੍ਹਾਂ ਹਨ—
ਭਾਰਤ- ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਰੋਹਿਤ  ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ (ਉਪ ਕਪਤਾਨ), ਹਨੁਮਾ ਵਿਹਾਰੀ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਉਮੇਸ਼ ਯਾਦਵ, ਇਸ਼ਾਂਤ ਸ਼ਰਮਾ, ਰਿਸ਼ਭ ਪੰਤ, ਸ਼ੁਭਮਨ ਗਿੱਲ।
ਦੱਖਣੀ ਅਫਰੀਕਾ- ਫਾਫ ਡੂ ਪਲੇਸਿਸ (ਕਪਤਾਨ), ਤੇਂਬਾ ਬਾਵੂਮਾ (ਉਪ ਕਪਤਾਨ), ਥੇਨਿਸ ਡੀ ਬਰਾਊਨ, ਕਵਿੰਟਨ ਡੀ ਕੌਕ, ਡੀਨ ਐਲਗਰ, ਜੁਬੈਰ ਹਮਜ਼ਾ, ਜਾਰਜ ਲਿੰਡੇ, ਸੇਨੂਰਨ ਮੁਥੂਸਵਾਮੀ, ਲੁੰਗੀ ਇਨਗਿਡੀ, ਐਰਿਕ ਨਾਟਰਜੇ, ਵਰਨੇਨ ਫਿਲੈਂਡਰ, ਡੇਨ ਪੀਟ, ਕੈਗਿਸੋ ਰਬਾਡਾ, ਰੂਡੀ ਸੇਕੰਡ।


Gurdeep Singh

Content Editor

Related News