ਟਾਟਾ ਸਟੀਲ ਇੰਡੀਆ ਰੈਪਿਡ ਸ਼ਤਰੰਜ : ਭਾਰਤ ਦੇ ਅਰਜੁਨ ਐਰੀਗਾਸੀ ਬਣੇ ਜੇਤੂ

Saturday, Nov 20, 2021 - 11:23 AM (IST)

ਟਾਟਾ ਸਟੀਲ ਇੰਡੀਆ ਰੈਪਿਡ ਸ਼ਤਰੰਜ : ਭਾਰਤ ਦੇ ਅਰਜੁਨ ਐਰੀਗਾਸੀ ਬਣੇ ਜੇਤੂ

ਕੋਲਕਾਤਾ (ਨਿਕਲੇਸ਼ ਜੈਨ)- ਟਾਟਾ ਸਟੀਲ ਇੰਡੀਆ ਸ਼ਤਰੰਜ 'ਚ ਰੈਪਿਡ ਮੁਕਾਬਲਿਆਂ ਦੇ ਤੀਜੇ ਦਿਨ ਭਾਰਤ ਦੇ ਅਰਜੁਨ ਐਰੀਗਾਸੀ ਨੇ ਇਤਿਹਾਸ ਰਚਦੇ ਹੋਏ ਖ਼ਿਤਾਬ ਜਿੱਤ ਲਿਆ ਤੇ ਇਸ ਦੇ ਨਾਲ ਹੀ ਵਿਸ਼ਵਨਾਥਨ ਆਨੰਦ ਦੇ ਬਾਅਦ ਟਾਟਾ ਸਟੀਲ ਇੰਡੀਆ ਸ਼ਤਰੰਜ ਦਾ ਕੋਈ ਵੀ ਖ਼ਿਤਾਬ ਜਿੱਤਣ ਵਾਲੇ ਅਰਜੁਨ ਦੂਜੇ ਖਿਡਾਰੀ ਬਣ ਗਏ ਹਨ। ਤੀਜੇ ਦਿਨ ਦੀ ਸ਼ੁਰੂਆਤ 'ਚ ਉਨ੍ਹਾਂ ਨੇ ਇਕ ਅੰਕ ਦੀ ਬੜ੍ਹਤ ਦੇ ਨਾਲ ਸ਼ੁਰੂਆਤ ਕੀਤੀ ਤੇ ਆਪਣੇ ਹਮਵਤਨ ਅਧਿਬਨ ਭਾਸਕਰਨ ਤੇ ਫਿਰ ਵਿਦਿਤ ਗੁਜਰਾਤੀ ਨਾਲ ਖੇਡਦੇ ਹੋਏ ਆਖ਼ਰੀ ਰਾਊਂਡ ਤੋਂ ਪਹਿਲਾਂ ਵੀ ਇਕ ਅੰਕ ਦੀ ਬੜ੍ਹਤ ਨੂੰ ਬਣਾਈ ਰੱਖੀ ਤੇ ਫਿਰ ਸਭ ਤੋਂ ਫ਼ੈਸਲਾਕੁੰਨ ਮੈਚ 'ਚ ਚੋਟੀ ਦਾ ਦਰਜਾ ਪ੍ਰਾਪਤ ਅਰਮੇਨੀਆ ਦੇ ਲੇਵੋਨ ਆਰੋਨੀਅਨ ਖ਼ਿਲਾਫ਼ ਇਕ ਬੇਹੱਦ ਮੁਸ਼ਕਲ ਸਥਿਤੀ ਤੋਂ ਵਾਪਸੀ ਕਰਦੇ ਹੋਏ ਉਸ ਨੂੰ ਅੱਧਾ ਅੰਕ ਵੰਡਣ ਲਈ ਮਜਬੂਰ ਕਰ ਦਿੱਤਾ ਤੇ ਕੁਲ 9 ਰਾਊਂਡ 'ਚ 6.5 ਅੰਕ ਬਣਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ।

PunjabKesari

ਅਰਜੁਨ ਨੇ 9 ਮੈਚਾਂ 'ਚੋਂ ਸਿਰਫ਼ ਇਕ ਮੈਚ ਗੁਆਇਆ ਜਦਕਿ 5 ਜਿੱਤੇ ਤੇ 3 ਮੁਕਾਬਲੇ ਡਰਾਅ ਖੇਡੇ। 5.5 ਅੰਕਾਂ 'ਤੇ ਤਿੰਨ ਖਿਡਾਰੀ ਰਹੇ ਪਰ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਆਰੋਨੀਅਨ ਦੂਜੇ, ਭਾਰਤ ਦੇ ਪ੍ਰਗਿਆਨੰਧਾ ਤੀਜੇ ਤੇ ਵਿਦਿਤ ਗੁਜਰਾਤੀ ਚੌਥੇ ਸਥਾਨ 'ਤੇ ਰਹੇ। 

ਹੋਰਨਾਂ ਖਿਡਾਰੀਆਂ 'ਚ 5 ਅੰਕ ਬਣਾ ਕੇ ਟਾਈਬ੍ਰੇਕ ਦੇ ਆਧਾਰ 'ਤੇ ਭਾਰਤ ਦੇ ਮੁਰਲੀ ਕਾਰਤੀਕੇਨ ਪੰਜਵੇਂ, ਯੂ. ਐੱਸ. ਏ. ਦੇ ਸੈਮ ਸ਼ੰਕਲੰਦ ਛੇਵੇਂ, 4.5 ਅੰਕ ਬਣਾ ਕੇ ਈਰਾਨ ਦੇ ਪਰਹਮ ਮਘਸੂਦਲੂ ਸਤਵੇਂ, 4 ਅੰਕ ਬਣਾ ਕੇ ਵੀਅਤਨਾਮ ਦੇ ਕੁਯਾਂਗ ਲਿਮ ਅੱਠਵੇਂ, 2 ਅੰਕ ਬਣਾ ਕੇ ਅਧੀਬਨ ਭਾਸਕਰਨ ਨੌਵੇਂ ਤੇ 1.5 ਅੰਕ ਬਣਾ ਕੇ ਵੈਸ਼ਾਲੀ ਆਖ਼ਰੀ ਦਸਵੇਂ ਸਥਾਨ 'ਤੇ ਰਹੀ।


author

Tarsem Singh

Content Editor

Related News