ਰਣਜੀ ਟ੍ਰਾਫੀ 'ਚ ਤਨਮੈ ਅਗਰਵਾਲ ਨੇ ਠੋਕੀ ਸਭ ਤੋਂ ਤੇਜ਼ 'Triple' Century, ਤੋੜੇ ਸਾਰੇ ਰਿਕਾਰਡ
Friday, Jan 26, 2024 - 10:58 PM (IST)
ਸਪੋਰਟਸ ਡੈਸਕ- ਰਣਜੀ ਟ੍ਰਾਫੀ ਦੇ ਚੌਥੇ ਗੇੜ ਦੇ ਇਕ ਮੁਕਾਬਲੇ 'ਚ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਤਨਮੈ ਅਗਰਵਾਲ ਨੇ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਸਭ ਤੋਂ ਤੇਜ਼ ਤੀਹਰਾ ਸੈਂਕੜਾ ਲਗਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਹ ਕਾਰਨਾਮਾ ਉਸ ਨੇ ਹੈਦਰਾਬਾਦ ਦੇ ਨੈਕਸਜੈੱਨ ਸਟੇਡੀਅਮ 'ਚ ਖੇਡੇ ਗਏ ਹੈਦਰਾਬਾਦ ਬਨਾਮ ਅਰੁਣਾਚਲ ਪ੍ਰਦੇਸ਼ ਮੁਕਾਬਲੇ 'ਚ ਕੀਤਾ ਹੈ।
ਉਸ ਨੇ ਸਿਰਫ਼ 147 ਗੇਂਦਾਂ 'ਚ 300 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਸੀ। ਇਸ ਤਰ੍ਹਾਂ ਉਹ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਸਭ ਤੋਂ ਤੇਜ਼ ਤੀਹਰਾ ਸੈਂਕੜਾ ਲਗਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਇਸ ਪਾਰੀ ਨਾਲ ਉਸ ਨੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਮਾਰਕੋ ਮਰਾਇਸ ਦਾ ਰਿਕਾਰਡ ਤੋੜਿਆ, ਜਿਸ ਨੇ ਸਾਲ 2017 'ਚ 191 ਗੇਂਦਾਂ 'ਚ 300 ਦੌੜਾਂ ਬਣਾਈਆਂ ਸਨ।
ਇਹੀ ਨਹੀਂ, ਤਨਮੈ ਨੇ ਸਿਰਫ਼ 119 ਗੇਂਦਾਂ 'ਚ 200 ਦੌੜਾਂ ਦਾ ਅੰਕੜਾ ਛੂਹ ਕੇ ਰਵੀ ਸ਼ਾਸਤਰੀ ਦਾ 39 ਸਾਲ ਪੁਰਾਣਾ ਸਭ ਤੋਂ ਤੇਜ਼ ਦੋਹਰੇ ਸੈਂਕੜੇ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਆਪਣੀ ਪਾਰੀ ਦੌਰਾਨ ਉਸ ਨੇ 21 ਛੱਕੇ ਵੀ ਲਗਾਏ ਹਨ, ਜੋ ਕਿ ਰਣਜੀ ਟ੍ਰਾਫੀ 'ਚ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਇਸ਼ਾਨ ਕਿਸ਼ਨ ਦੇ ਨਾਂ ਸੀ, ਜਿਸ ਨੇ ਆਪਣੀ ਪਾਰੀ ਦੌਰਾਨ 14 ਛੱਕੇ ਲਗਾਏ ਸਨ।
ਮੈਚ ਦੇ ਤੀਜੇ ਦਿਨ ਤਨਮੈ 160 ਗੇਂਦਾਂ 'ਚ 33 ਚੌਕੇ ਅਤੇ 21 ਛੱਕਿਆਂ ਦੀ ਮਦਦ ਨਾਲ 323 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹੈ। ਉਸ ਤੋਂ ਇਲਾਵਾ ਕਪਤਾਨ ਰਾਹੁਲ ਸਿੰਘ ਨੇ ਵੀ 105 ਗੇਂਦਾਂ 'ਚ 185 ਦੌੜਾਂ ਦੀ ਪਾਰੀ ਖੇਡੀ ਸੀ। ਦੋਵਾਂ ਦੀਆਂ ਜ਼ਬਰਦਸਤ ਪਾਰੀਆਂ ਦੀ ਬਦੌਲਤ ਹੈਦਰਾਬਾਦ ਦੀ ਟੀਮ ਸਿਰਫ਼ 48 ਓਵਰਾਂ 'ਚ 529 ਦੌੜਾਂ ਬਣਾ ਚੁੱਕੀ ਹੈ।