ਸੌਰਾਸ਼ਟਰ ਨੂੰ ਹਰਾ ਕੇ ਤਾਮਿਲਨਾਡੂ ਰਣਜੀ ਟਰਾਫੀ ਦੇ ਸੈਮੀਫਾਈਨਲ ’ਚ
Monday, Feb 26, 2024 - 05:20 PM (IST)
ਕੋਇੰਬਟੂਰ, (ਭਾਸ਼ਾ)–ਕਪਤਾਨ ਆਰ. ਸਾਈ ਕਿਸ਼ੋਰ ਦੀਆਂ 4 ਵਿਕਟਾਂ ਦੀ ਮਦਦ ਨਾਲ ਤਾਮਿਲਨਾਡੂ ਨੇ ਐਤਵਾਰ ਨੂੰ ਇੱਥੇ ਤੀਜੇ ਹੀ ਦਿਨ ਸੌਰਾਸ਼ਟਰ ਨੂੰ ਪਾਰੀ ਤੇ 33 ਦੌੜਾਂ ਨਾਲ ਹਰਾ ਕੇ ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਤਾਮਿਲਨਾਡੂ ਇਸ ਸੈਸ਼ਨ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਾਲੀ ਪਹਿਲੀ ਟੀਮ ਹੈ। ਸੈਮੀਫਾਈਨਲ 2 ਮਾਰਚ ਤੋਂ ਖੇਡੇ ਜਾਣਗੇ।
ਤਾਮਿਲਨਾਡੂ ਨੇ ਸਵੇਰੇ ਆਪਣੀ ਪਾਰੀ 6 ਵਿਕਟਾਂ ’ਤੇ 300 ਦੌੜਾਂ ਤੋਂ ਅੱਗੇ ਵਧਾਈ ਤੇ ਪਹਿਲੀ ਪਾਰੀ ਵਿਚ 338 ਦੌੜਾਂ ਬਣਾ ਕੇ 155 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ। ਉਸਦੀ ਪਾਰੀ ਦਾ ਖਿੱਚ ਦਾ ਕੇਂਦਰ ਸਾਈ ਕਿਸ਼ੋਰ (60) , ਬਾਬਾ ਇੰਦਰਜੀਤ (80) ਤੇ ਬੂਪਤੀ ਕੁਮਾਰ (65) ਦੇ ਅਰਧ ਸੈਂਕੜੇ ਰਹੇ। ਸੌਰਾਸ਼ਟਰੀ ਦੀ ਟੀਮ ਨੇ ਪਹਿਲੀ ਪਾਰੀ ਵਿਚ 183 ਦੌੜਾਂ ਬਣਾਈਆਂ ਸਨ ਤੇ ਦੂਜੀ ਪਾਰੀ ਵਿਚ ਵੀ ਉਸਦੇ ਬੱਲੇਬਾਜ਼ ਫਲਾਪ ਰਹੇ। ਸੌਰਾਸ਼ਟਰੀ ਦੀ ਟੀਮ ਦੂਜੀ ਪਾਰੀ ਵਿਚ ਸਿਰਫ 122 ਦੌੜਾਂ ’ਤੇ ਹੀ ਢੇਰ ਹੋ ਗਈ। ਉਸ ਵਲੋਂ ਚੇਤੇਸ਼ਵਰ ਪੁਜਾਰਾ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ।